''ਕਦੇ ਫ਼ਿਰੋਜ਼ਪੁਰ ਵੀ ਗਏ ਓ ਸਰਦਾਰ ਜੀ?''
Published : Feb 27, 2018, 11:28 pm IST
Updated : Feb 27, 2018, 5:58 pm IST
SHARE ARTICLE

ਮੇਰੇ ਪਾਕਿਸਤਾਨ ਦੇ ਸਫ਼ਰ ਵਿਚ ਮੈਂ ਸ੍ਰੀਮਤੀ ਸ਼ਕੀਲਾ, ਜੋ ਪਾਕਿਸਤਾਨ ਦੀ ਸੰਸਦ ਦੇ ਮੈਂਬਰ ਸਨ, ਨੂੰ ਵੀ ਲਾਹੌਰ ਵਿਚ ਮਿਲਣਾ ਸੀ। ਜਦ ਮੈਂ ਲਾਹੌਰ ਵਿਚ ਉਨ੍ਹਾਂ ਦੇ ਭਣੇਵੇਂ ਨਾਲ ਉਨ੍ਹਾਂ ਦੇ ਖ਼ੂਬਸੂਰਤ ਘਰ ਵਿਚ ਗਿਆ ਤਾਂ ਸ਼ਕੀਲਾ ਜੀ ਨੇ ਮੈਨੂੰ ਪੁਛਿਆ, ''ਸਰਦਾਰ ਜੀ ਕਦੇ ਫ਼ਿਰੋਜ਼ਪੁਰ ਵੀ ਗਏ ਓ?''
ਮੈਂ ਦਸਿਆ ਕਿ ਅਨੇਕਾਂ ਵਾਰ ਗਿਆ ਹਾਂ। ਜਦੋਂ ਮੈਂ ਪੁਛਿਆ ਕਿ ਕੀ ਫਿਰੋਜ਼ਪੁਰ ਦੀ ਕੋਈ ਖ਼ਾਸ ਗੱਲ ਹੈ? ਤਾਂ ਵੇਖਿਆ ਕਿ ਸ਼ਕੀਲਾ ਜੀ ਦੀਆਂ ਅੱਖਾਂ ਵਿਚੋਂ ਅਥਰੂ ਵਗ ਰਹੇ ਸਨ। ਮੈਂ ਹੈਰਾਨ ਹੋ ਕੇ ਪੁਛਿਆ ਕੋਈ ਖ਼ਾਸ ਗੱਲ ਹੀ ਜਾਪਦੀ ਹੈ ਫਿਰੋਜ਼ਪੁਰ ਬਾਰੇ, ਤਾਂ ਉਹ ਕਹਿਣ ਲੱਗੀ ਕਿ, ''ਫਿਰੋਜ਼ਪੁਰ ਨੂੰ ਮੈਂ ਕਿਵੇਂ ਭੁੱਲ ਸਕਦੀ ਹਾਂ?'' ਉਸ ਨੇ ਦਸਿਆ ਕਿ ਚਾਚਾ ਚੰਨਣ ਸਿੰਘ, ਉਸ ਦੇ ਅੱਬਾ ਦਾ ਯਾਰ ਸੀ ਅਤੇ 1947 ਵਿਚ ਜਦੋਂ ਸਿੱਖਾਂ, ਹਿੰਦੂਆਂ ਅਤੇ ਮੁਸਲਮਾਨਾਂ ਦੀ, ਇਕ ਤਰਫ਼ੋਂ ਦੂਜੀ ਤਰਫ਼ ਜਾਂਦਿਆਂ ਵੱਡੀ ਕਤਲੋਗ਼ਾਰਤ ਹੋਈ ਸੀ ਤਾਂ ਚੰਨਣ ਸਿੰਘ ਹੀ ਉਨ੍ਹਾਂ ਦੇ ਪ੍ਰਵਾਰ ਨੂੰ ਸੁਰੱਖਿਅਤ ਸਰਹੱਦ ਤਕ ਛੱਡ ਕੇ ਗਿਆ ਸੀ ਅਤੇ ਬਾਅਦ ਵਿਚ ਵੀ ਉਨ੍ਹਾਂ ਨਾਲ ਤਾਲਮੇਲ ਰਖਿਆ ਸੀ।
ਸ਼ਕੀਲਾ ਜੀ ਨੇ ਦਸਿਆ ਕਿ ਉਨ੍ਹਾਂ ਦਾ ਜਨਮ ਦਿੱਲੀ ਦਰਵਾਜ਼ਾ ਗਲੀ ਵਿਚ ਹੋਇਆ ਸੀ, ਜਿਥੇ ਜ਼ਿਆਦਾਤਰ ਘਰ ਮੁਸਲਮਾਨਾਂ ਦੇ ਸਨ। ਉਸ ਦਾ ਬਾਪ ਅਤੇ ਚਾਚਾ ਚੰਨਣ ਸਿੰਘ ਪੱਗ ਵੱਟ ਭਰਾ ਸਨ। ਉਸ ਸਮੇਂ ਬਹੁਤ ਸਾਰੇ ਮੁਸਲਮਾਨ ਮਾਰੇ ਗਏ ਸਨ ਪਰ ਚਾਚੇ ਚੰਨਣ ਸਿੰਘ ਨੇ ਅਪਣੇ ਲੜਕਿਆਂ, ਭਤੀਜਿਆਂ ਅਤੇ ਹੋਰਨਾਂ ਨੂੰ ਨਾਲ ਲੈ ਕੇ, ਉਨ੍ਹਾਂ ਨੂੰ ਤੱਤੀ 'ਵਾ ਨਹੀਂ ਸੀ ਲੱਗਣ ਦਿਤੀ ਅਤੇ ਸਰਹੱਦ ਤੋਂ ਪਾਰ ਸੁਰੱਖਿਅਤ ਲੰਘਾ ਕੇ ਗਏ ਸਨ। ਰਸਤੇ ਵਿਚ ਉਨ੍ਹਾਂ ਨੂੰ ਕਈ ਹਿੰਦੂ-ਸਿੱਖ ਟੋਲਿਆਂ ਨੇ ਲਲਕਾਰਿਆ ਵੀ ਸੀ। ਉਸ ਨੇ ਕਿਹਾ, ''ਮੈਂ ਚਾਚੇ ਚੰਨਣ ਸਿੰਘ ਨੂੰ ਨਹੀਂ ਭੁੱਲ ਸਕੀ। ਮੇਲੇ ਦੇ ਦਿਨਾਂ ਵਿਚ ਉਹ ਮੈਨੂੰ ਚੁੱਕ ਕੇ ਮੇਲੇ ਵਿਚ ਲੈ ਜਾਂਦਾ ਹੁੰਦਾ ਸੀ, ਜਿਥੇ ਉਹ ਸਾਨੂੰ ਜਲੇਬੀਆਂ ਅਤੇ ਕਈ ਤਰ੍ਹਾਂ ਦੀਆਂ ਚੀਜ਼ਾਂ ਖਵਾਉਂਦਾ ਅਤੇ ਖਿਡਾਉਣੇ ਲੈ ਕੇ ਦਿੰਦਾ ਹੁੰਦਾ ਸੀ ਤੇ ਮੈਂ ਜ਼ਿੱਦ ਕਰ ਕੇ ਉਹ ਖਿਡੌਣੇ ਲੈਂਦੀ ਹੁੰਦੀ ਸਾਂ, ਜੋ ਮੈਨੂੰ ਪਸੰਦ ਹੁੰਦੇ ਸਨ।'' ਪਰ ਮੈਂ ਵੇਖ ਰਿਹਾ ਸੀ ਕਿ ਇਹ ਗੱਲਾਂ ਸੁਣਾਉਂਦਿਆਂ ਹੋਇਆਂ ਲਗਾਤਾਰ ਉਸ ਦੀਆਂ ਅੱਖਾਂ ਵਿਚੋਂ ਅਥਰੂ ਵਗ ਰਹੇ ਸਨ।
ਕਾਫ਼ੀ ਚਿਰ ਅਸੀ ਚੁੱਪ ਰਹੇ ਅਤੇ ਮੈਂ ਫਿਰ ਪੁਛਿਆ, ''ਕਦੇ ਫਿਰ ਵੀ ਤੁਸੀ ਫਿਰੋਜ਼ਪੁਰ ਗਏ ਹੋ?''
''ਸਿਰਫ਼ ਇਕ ਵਾਰ ਕੋਈ ਦੋ ਸਾਲ ਪਹਿਲਾਂ। ਪਰ ਹੁਣ ਤਾਂ ਉਥੇ ਕੋਈ ਵੀ ਉਹ ਨਹੀਂ ਰਿਹਾ ਜੋ ਇਹ ਵੀ ਜਾਣਦਾ ਹੋਵੇ ਕਿ ਸਾਡਾ ਟੱਬਰ ਵੀ ਉਥੇ ਰਹਿੰਦਾ ਰਿਹਾ ਸੀ। ਚਾਚੇ ਚੰਨਣ ਸਿੰਘ ਦੇ ਪ੍ਰਵਾਰ ਵਿਚੋਂ ਉਨ੍ਹਾਂ ਦੇ ਪੋਤਰੇ ਨੂੰ ਮਿਲੇ ਸੀ। ਉਸ ਪ੍ਰਵਾਰ ਬਾਰੇ ਮੈਂ ਕਾਫ਼ੀ ਕੁੱਝ ਜਾਣਦੀ ਸਾਂ ਪਰ ਉਹ ਸਾਡੇ ਪ੍ਰਵਾਰ ਬਾਰੇ ਬਹੁਤਾ ਨਹੀਂ ਸਨ ਜਾਣਦੇ ਪਰ ਮੈਨੂੰ ਤਸੱਲੀ ਸੀ ਕਿ ਮੈਂ ਉਨ੍ਹਾਂ ਦੇ ਪ੍ਰਵਾਰ ਦੇ ਜੀਆਂ ਨੂੰ ਮਿਲ ਆਈ ਹਾਂ। ਮੈਂ ਉਹ ਟੂਟੀ ਵੀ ਵੇਖੀ, ਜਿਥੋਂ ਅਸੀ ਪਾਣੀ ਭਰਦੀਆਂ ਹੁੰਦੀਆਂ ਸਾਂ। ਪਰ ਗਲੀ ਦਾ ਤਾਂ ਨਕਸ਼ਾ ਹੀ ਬਦਲ ਗਿਆ ਸੀ। ਮੈਂ ਤਾਂ ਮੈਂਬਰ ਪਾਰਲੀਮੈਂਟ ਹੋਣ ਕਰ ਕੇ ਹੋ ਆਈ ਸਾਂ ਪਰ ਬਹੁਤ ਲੋਕ ਅਪਣੀ ਉਸ ਮਿੱਟੀ ਨੂੰ ਵੇਖਣ ਦੀ ਖਾਹਿਸ਼ ਦਿਲ ਵਿਚ ਲੈ ਕੇ ਹੀ ਮਰ ਗਏ। ਮੈਨੂੰ ਉਸ ਧਰਤੀ ਨੂੰ ਵੇਖ ਕੇ ਅਜੀਬ ਸਕੂਨ ਮਿਲਿਆ ਸੀ। ਮੈਂ ਉਸ ਧਰਤੀ ਨੂੰ ਸਲਾਮ ਕੀਤੀ ਅਤੇ ਉਥੇ ਰਹਿਣ ਵਾਲੇ ਲੋਕਾਂ ਦੀ ਸੁੱਖ ਮੰਗੀ। ਮੇਰਾ ਬਾਪੂ ਜੀ ਤਾਂ ਕਈ ਵਾਰ ਕਹਿੰਦੇ ਹੁੰਦੇ ਸਨ, ਅੱਜ ਰਾਤ ਮੈਨੂੰ ਚੰਨਣ ਸਿੰਘ ਸੁਪਨੇ ਵਿਚ ਮਿਲਿਐ। ਅਸੀ ਸੁਪਨੇ ਵਿਚ ਫਿਰੋਜ਼ਪੁਰ ਸੋਡਾ ਪੀ ਰਹੇ ਸਾਂ। ਪਰ ਇਹ ਵੀ ਅਜੀਬ ਵੰਡ ਸੀ ਕਿ ਜਿਨ੍ਹਾਂ ਲੋਕਾਂ ਨੇ ਜਾਨਾਂ ਹੀਲ ਕੇ ਉਧਰੋਂ ਲੋਕਾਂ ਨੂੰ ਇਧਰ ਭੇਜਿਆ ਤੇ ਜਿਹੜੇ ਰਿਸ਼ਤੇਦਾਰਾਂ ਤੋਂ ਕਿਤੇ ਉੱਚੇ ਸਨ, ਉਨ੍ਹਾਂ ਦੇ ਸੱਦੇ ਤੇ ਤਾਂ ਸਾਨੂੰ ਵੀਜ਼ਾ ਨਹੀਂ ਮਿਲ ਸਕਦਾ ਅਤੇ ਉਹ, ਜਿਨ੍ਹਾਂ ਨੂੰ ਜ਼ਿੰਦਗੀ ਵਿਚ ਇਕ ਵਾਰ ਵੀ ਨਹੀਂ ਮਿਲੇ, ਰਿਸ਼ਤੇਦਾਰ ਗਿਣੇ ਜਾਂਦੇ ਹਨ। ਲੱਖਾਂ ਹੀ ਲੋਕ ਪੁਰਾਣੇ ਘਰਾਂ ਅਤੇ ਸੁਨੇਹੀਆਂ ਨੂੰ ਮਿਲਣ ਲਈ ਤਰਸਦੇ ਹੋਏ ਮਾਰੇ ਗਏ।''
ਮੈਂ ਸ਼ਕੀਲਾ ਜੀ ਤੋਂ ਕਾਫ਼ੀ ਕੁੱਝ ਪੁਛਣਾ ਚਾਹੁੰਦਾ ਸਾਂ ਪਰ ਉਹ ਤਾਂ ਸਮਾਂ ਹੀ ਨਹੀਂ ਸਨ ਦੇ ਰਹੇ ਅਤੇ ਫ਼ਿਰੋਜ਼ਪੁਰ ਦੀਆਂ ਯਾਦਾਂ ਬਾਰੇ ਹੀ ਬੋਲੀ ਜਾ ਰਹੇ ਸਨ। ਉਸ ਸਮੇਂ ਮੈਂ ਮਹਿਸੂਸ ਕਰ ਰਿਹਾ ਸਾਂ ਕਿ ਮੇਰੇ ਭਾਪਾ ਜੀ ਵੀ ਕਈ ਵਾਰ ਦਸਦੇ ਹੁੰਦੇ ਸਨ ਕਿ ਉਹ ਸਾਰੀ ਰਾਤ ਸੁਪਨੇ ਵਿਚ ਅਪਣੇ ਸਰਗੋਧੇ ਵਾਲੇ ਪਿੰਡ ਵਿਚ ਪੈਲੀ ਨੂੰ ਪਾਣੀ ਲਾਉਂਦੇ ਰਹੇ ਸਨ। ਕਿੰਨੀ ਖਿੱਚ ਹੁੰਦੀ ਹੈ ਅਪਣੀ ਉਸ ਧਰਤੀ ਵਿਚ ਜਿਥੇ ਬਚਪਨ ਬਿਤਾਇਆ ਹੁੰਦਾ ਹੈ। ਆਖ਼ਰ ਸ਼ਕੀਲਾ ਜੀ ਕਹਿਣ ਲੱਗੇ, ''ਸਰਦਾਰ ਸਾਬ੍ਹ ਮੈਂ ਫਿਰ ਇੰਡੀਆ ਆਉਣੈ ਅਤੇ ਮੇਰੀ ਖ਼ਾਹਿਸ਼ ਹੈ ਕਿ ਮੈਂ ਇਕ ਵਾਰ ਫਿਰ ਫਿਰੋਜ਼ਪੁਰ ਅਪਣੇ ਘਰ ਨੂੰ ਵੇਖ ਕੇ ਆਵਾਂ। ਜਦ ਮੈਂ ਆਵਾਂਗੀ ਮੈਂ ਤੁਹਾਡੇ ਨਾਲ ਤਾਲਮੇਲ ਕਰਾਂਗੀ ਤੇ ਤੁਸੀ ਮੇਰੇ ਨਾਲ ਚਲਿਉ।''
ਕੁੱਝ ਸਮੇਂ ਬਾਅਦ ਸ਼ਕੀਲਾ ਜੀ ਆਏ। ਉਨ੍ਹਾਂ ਨੇ ਮੈਨੂੰ ਦਸਿਆ ਹੋਇਆ ਸੀ ਕਿ ਉਨ੍ਹਾਂ ਇਸ ਦਿਨ ਆਉਣਾ ਹੈ। ਮੈਂ ਉਨ੍ਹਾਂ ਨੂੰ ਸਰਹੱਦ ਤੇ ਮਿਲਣ ਗਿਆ। ਉਹ ਕਸਟਮ ਅਤੇ ਸਕਿਉਰਟੀ ਦੀ ਚੈੱਕਅਪ ਤੋਂ ਬਾਅਦ ਬਾਹਰ ਆਏ ਅਤੇ ਹਾਲ-ਚਾਲ ਪੁੱਛਣ ਤੋਂ ਬਾਅਦ ਮੈਂ ਕਿਹਾ ਕਿ ਉਹ ਅੱਜ ਜਾਂ ਕਲ ਜਦੋਂ ਵੀ ਚਾਹੁਣ ਫ਼ਿਰੋਜ਼ਪੁਰ ਜਾ ਸਕਦੇ ਹਨ। ਅਸੀ ਸ਼ਾਮ ਨੂੰ ਹੀ ਵਾਪਸ ਆ ਸਕਦੇ ਹਾਂ। ਪਰ ਉਹ ਕਹਿਣ ਲੱਗੇ ਕਿ ਉਨ੍ਹਾਂ ਦਿੱਲੀ ਜਾਣਾ ਹੈ ਅਤੇ ਦਿੱਲੀ ਤੋਂ ਵਾਪਸ ਆਉਣ ਤੇ ਹੀ ਉਹ ਫ਼ਿਰੋਜ਼ਪੁਰ ਜਾਣਗੇ। ਕੁੱਝ ਦਿਨਾਂ ਬਾਅਦ ਉਹ ਦਿੱਲੀ ਤੋਂ ਵਾਪਸ ਆਏ ਅਤੇ ਮੈਂ ਫਿਰ ਉਨ੍ਹਾਂ ਦੀ ਪੁਰਾਣੀ ਖ਼ਾਹਿਸ਼ ਬਾਰੇ ਪੁਛਿਆ ਕਿ ਉਨ੍ਹਾਂ ਫਿਰੋਜ਼ਪੁਰ ਕਦੋਂ ਚਲਣਾ ਹੈ? ਪਰ ਉਹ ਚੁੱਪ ਰਹੇ। ਮੈਂ ਫਿਰ ਦੁਹਰਾ ਕੇ ਪੁਛਿਆ, ''ਤੁਸੀ ਦਸਿਆ ਨਹੀਂ?''
ਤਾਂ ਉਹ ਕਹਿਣ ਲੱਗੇ, ''ਛੀਨਾ ਜੀ ਮੈਂ ਫਿਰੋਜ਼ਪੁਰ ਨਹੀਂ ਜਾਣਾ। ਹੁਣ ਉਥੇ ਕਿਸ ਨੂੰ ਜਾ ਕੇ ਮਿਲਾਂਗੀ? ਪਿਛਲੀ ਵਾਰ ਵੀ ਕੋਈ ਨਹੀਂ ਸੀ ਮਿਲਿਆ। ਕਈ ਦਹਾਕੇ ਤਾਂ ਹੋ ਗਏ ਨੇ। ਵਾਕਫ਼ਾਂ ਵਿਚੋਂ ਕੋਈ ਰਿਹਾ ਹੀ ਨਹੀਂ। ਫਿਰ ਮੇਰੀ ਭੂਆ ਅਤੇ ਮਾਂ ਵੀ ਹੁਣ ਨਹੀਂ ਰਹੀਆਂ ਜਿਹੜੀਆਂ ਮੈਨੂੰ ਸਾਰੀ ਰਾਤ ਫ਼ਿਰੋਜ਼ਪੁਰ ਦੀਆਂ ਗੱਲਾਂ ਪੁਛਦੀਆਂ ਰਹਿੰਦੀਆਂ ਸਨ।'' ਅਤੇ ਸਾਡਾ ਫ਼ਿਰੋਜ਼ਪੁਰ ਜਾਣ ਦਾ ਪ੍ਰੋਗਰਾਮ ਰੱਦ ਹੋ ਗਿਆ।
ਪਰ ਜਾਣ ਲਗਿਆਂ ਮੈਂ ਉਨ੍ਹਾਂ ਨੂੰ ਦਸਿਆ ਕਿ ਭਾਵੇਂ ਮੈਂ ਪਹਿਲੀ ਵਾਰ ਅਪਣੇ ਜਨਮ ਪਿੰਡ ਚੱਕ, ਜ਼ਿਲ੍ਹਾ ਸਰਗੋਧਾ ਗਿਆ ਸਾਂ ਅਤੇ ਇਹ ਵੀ ਸੱਚ ਹੈ ਕਿ ਭਾਅ ਜੀ ਨੇ ਡਾਇਰੀ ਵਿਚ ਜਿਨ੍ਹਾਂ ਲੋਕਾਂ ਨੂੰ ਮਿਲ ਕੇ ਆਉਣ ਲਈ ਕਿਹਾ ਸੀ, ਉਨ੍ਹਾਂ ਵਿਚੋਂ ਕੋਈ ਵੀ ਨਹੀਂ ਸੀ ਮਿਲਿਆ ਪਰ ਜਦੋਂ ਮੈਂ ਵਾਪਸ ਆ ਕੇ ਟੈਲੀਫ਼ੋਨ ਤੇ ਭਾਅ ਜੀ ਨੂੰ ਦਸਿਆ ਕਿ ਮੈਂ ਅਪਣੇ ਪਿੰਡ ਹੋ ਕੇ ਆਇਆ ਹਾਂ ਤਾਂ ਉਨ੍ਹਾਂ ਸੀ ਕਿ, ''ਉਡ ਕੇ ਆ ਜਾ ਅਤੇ ਮੈਨੂੰ ਅਪਣੇ ਪਿੰਡ ਦੀਆਂ ਗੱਲਾਂ ਸੁਣਾ। ਉਨ੍ਹਾਂ ਲੋਕਾਂ ਬਾਰੇ ਦੱਸ ਜਿਨ੍ਹਾਂ ਨੂੰ ਮੈਂ ਮਿਲਣ ਲਈ ਕਿਹਾ ਸੀ।''
ਇਸ ਲਈ ਇਸ ਵਾਰ ਮੈਂ ਜਦ ਪਾਕਿਸਤਾਨ ਆਇਆ ਤਾਂ ਸਰਗੋਧੇ ਮੇਰਾ ਪਿੰਡ ਚੱਕ ਜਾਣ ਦਾ ਪ੍ਰੋਗਰਾਮ ਬਣਾ ਦੇਣਾ। ਤਾਂ ਸ਼ਕੀਲਾ ਜੀ ਨੇ ਕਿਹਾ, ''ਮੈਂ ਤੁਹਾਡਾ ਪ੍ਰੋਗਰਾਮ ਵੀ ਬਣਾ ਦੇਵਾਂਗੀ ਅਤੇ ਤੁਹਾਡੇ ਨਾਲ ਵੀ ਚਲਾਂਗੀ।''
ਅਗਲੇ ਸਾਲ ਮੇਰਾ ਪਾਕਿਸਤਾਨ ਜਾਣ ਦਾ ਪ੍ਰੋਗਰਾਮ ਬਣ ਗਿਆ ਅਤੇ ਮੈਂ ਸ਼ਕੀਲਾ ਜੀ ਨੂੰ ਇਸ ਬਾਰੇ ਦਸਿਆ। ਜਦ ਲਾਹੌਰ ਜਾ ਕੇ ਫਿਰ ਉਨ੍ਹਾਂ ਨੂੰ ਦਸਿਆ ਕਿ ਮੈਂ ਕਲ ਦਾ ਲਾਹੌਰ ਆਇਆ ਹੋਇਆ ਹਾਂ ਤਾਂ ਉਨ੍ਹਾਂ ਪੁਛਿਆ, ''ਤੁਸੀ ਕਦੋਂ ਸਰਗੋਧੇ ਜਾਣਾ ਹੈ? ਮੈਂ ਤੁਹਾਡਾ ਪ੍ਰੋਗਰਾਮ ਵੀ ਬਣਾ ਦਿਤਾ ਹੈ ਅਤੇ ਮੈਂ ਤੁਹਾਡੇ ਨਾਲ ਵੀ ਚਲਾਂਗੀ।'' ਮੈਂ ਉਨ੍ਹਾਂ ਨੂੰ ਅਗਲੇ ਦਿਨ ਚਲਣ ਲਈ ਕਿਹਾ। ਪਰ ਉਸ ਸਾਰੀ ਰਾਤ ਮੈਂ ਸੋਚਦਾ ਰਿਹਾ ਕਿ ਪਿਛਲੀ ਵਾਰ ਭਾਪਾ ਜੀ ਨੇ ਜਿਹੜੇ ਨਾਂ ਲਿਖਵਾਏ ਸਨ, ਉਨ੍ਹਾਂ ਵਿਚੋਂ ਤਾਂ ਕੋਈ ਵੀ ਨਹੀਂ ਸੀ ਮਿਲਿਆ। ਭਾਪਾ ਜੀ ਨੂੰ ਕਿੰਨਾ ਚਾਅ ਸੀ ਪਿੰਡ ਦੀਆਂ ਗੱਲਾਂ ਸੁਣਨ ਦਾ। ਹੁਣ ਤਾਂ ਉਹ ਵੀ ਨਹੀਂ ਰਹੇ ਅਤੇ ਮੈਨੂੰ ਇਕ ਰਾਤ ਵਿਚ ਇਕ ਯੁੱਗ ਬੀਤ ਗਿਆ ਲੱਗਾ। ਸਵੇਰੇ 11 ਵਜੇ ਸ਼ਕੀਲਾ ਜੀ ਦਾ ਫਿਰ ਫ਼ੋਨ ਆਇਆ ਕਿ ਅਸੀ ਲੇਟ ਹੋ ਰਹੇ ਹਾਂ ਤਾਂ ਮੈਂ ਉਨ੍ਹਾਂ ਨੂੰ ਕਹਿ ਹੀ ਦਿਤਾ, ''ਸ਼ਕੀਲਾ ਜੀ ਮੈਂ ਸਰਗੋਧੇ ਨਹੀਂ ਜਾਣਾ। ਹੁਣ ਮੈਂ ਉਥੇ ਜਾ ਕੇ ਕਿਸ ਨੂੰ ਮਿਲਾਂਗਾ ਅਤੇ ਵਾਪਸ ਜਾ ਕੇ ਪਿੰਡ ਦੀਆਂ ਗੱਲਾਂ ਕਿਸ ਨੂੰ ਦਸਾਂਗਾ?''

SHARE ARTICLE
Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement