
New Delhi: ਚਿੱਠੀ ਵਿਚ ਨਵੇਂ ਸਾਲ ਦੀ ਵਧਾਈ ਦਿੰਦਿਆਂ ਕਿਹਾ, ਕੇਜਰੀਵਾਲ ਝੂਠੇ ਵਾਅਦਿਆਂ ਲਈ ਜਨਤਾ ਤੋਂ ਮੁਆਫ਼ੀ ਮੰਗਣ
New Delhi News: ਦਿੱਲੀ ਵਿਚ ਅਗਲੇ ਮਹੀਨੇ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਆਮ ਆਦਮੀ ਪਾਰਟੀ ਦੇ ਸੁਪਰੀਮੋ ਹਰ ਵਰਗ ਦੇ ਲੋਕਾਂ ਨੂੰ ਖ਼ੁਸ਼ ਕਰਨ ਲਈ ਨਵੇਂ ਨਵੇਂ ਐਲਾਨ ਕਰ ਰਹੇ ਹਨ। ਜਿਸ ਨੂੰ ਲੈ ਕੇ ਵਿਰੋਧੀ ਪਾਰਟੀਆਂ ਉਨ੍ਹਾਂ ’ਤੇ ਹਮਲੇ ਕਰ ਰਹੀ ਹੈ। ਇਸੇ ਦੌਰਾਨ ਨਵੇਂ ਸਾਲ ਦੇ ਪਹਿਲੇ ਦਿਨ ਦਿੱਲੀ ਭਾਜਪਾ ਦੇ ਪ੍ਰਧਾਨ ਵਰਿੰਦਰ ਸਚਦੇਵਾ ਨੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਚਿੱਠੀ ਲਿਖੀ ਹੈ। ਉਨ੍ਹਾਂ ਨੂੰ ਨਵੇਂ ਸਾਲ ਦੀਆਂ ਵਧਾਈਆਂ ਦੇਣ ਦੇ ਨਾਲ-ਨਾਲ ਇਹ ਵੀ ਬੇਨਤੀ ਕੀਤੀ ਹੈ ਕਿ ਉਹ ਨਵੇਂ ਸਾਲ ’ਤੇ ਝੂਠ ਨਾ ਬੋਲਣ ਦਾ ਪ੍ਰਣ ਲੈਣ।
ਪ੍ਰਦੇਸ਼ ਭਾਜਪਾ ਪ੍ਰਧਾਨ ਨੇ ਅਰਵਿੰਦ ਕੇਜਰੀਵਾਲ ਦੇ ਸਿਹਤਮੰਦ ਰਹਿਣ ਦੀ ਕਾਮਨਾ ਕਰਦੇ ਹੋਏ ਉਨ੍ਹਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਹਨ। ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਦੇ ਮੁਖੀ ਹੋਣ ਦੇ ਨਾਤੇ ਉਨ੍ਹਾਂ ਨੂੰ ਨਵੇਂ ਸਾਲ ਵਿਚ ਪੰਜ ਮਤੇ ਲੈਣ ਦੀ ਅਪੀਲ ਵੀ ਕੀਤੀ ਗਈ ਹੈ। ਪ੍ਰਦੇਸ਼ ਭਾਜਪਾ ਪ੍ਰਧਾਨ ਨੇ ਅਪਣੇ ਪੱਤਰ ਵਿਚ ਉਨ੍ਹਾਂ ਮਤਿਆਂ ਦਾ ਜ਼ਿਕਰ ਵੀ ਕੀਤਾ ਹੈ। ਇਨ੍ਹਾਂ ਮਤਿਆਂ ਵਿਚ ਉਨ੍ਹਾਂ ਦਿੱਲੀ ਦੀਆਂ ਔਰਤਾਂ, ਬਜ਼ੁਰਗਾਂ ਅਤੇ ਆਮ ਜਨਤਾ ਨਾਲ ਝੂਠੇ ਵਾਅਦੇ ਨਾ ਕਰਨ ਦੀ ਗੱਲ ਕਹੀ ਹੈ। ਇਹ ਵੀ ਕਿਹਾ ਗਿਆ ਹੈ ਕਿ ਉਹ ਅਪਣੇ ਬੱਚਿਆਂ ’ਤੇ ਝੂਠੀ ਸਹੁੰ ਨਾ ਖਾਵੇ। ਪ੍ਰਦੇਸ਼ ਭਾਜਪਾ ਪ੍ਰਧਾਨ ਨੇ ਕੇਜਰੀਵਾਲ ਨੂੰ ਦਿੱਲੀ ’ਚ ਸ਼ਰਾਬ ਨੂੰ ਉਤਸ਼ਾਹਤ ਕਰਨ ਲਈ ਦਿੱਲੀ ਦੇ ਲੋਕਾਂ ਤੋਂ ਮੁਆਫ਼ੀ ਮੰਗਣ ਲਈ ਵੀ ਕਿਹਾ।
ਆਮ ਆਦਮੀ ਪਾਰਟੀ ਦੀ ਸਰਕਾਰ ਨੇ ਯਮੁਨਾ ਨੂੰ ਸਾਫ਼ ਕਰਨ ਦੇ ਝੂਠੇ ਵਾਅਦੇ ਕਰ ਕੇ ਮੁਆਫ਼ੀ ਮੰਗਣ ਬਾਰੇ ਵੀ ਲਿਖਿਆ ਹੈ। ਪੱਤਰ ਦੇ ਅੰਤ ਵਿਚ ਸੂਬਾ ਭਾਜਪਾ ਪ੍ਰਧਾਨ ਨੇ ਅੰਤਮ ਮਤੇ ਵਜੋਂ ਪੱਤਰ ਵਿਚ ਲਿਖਿਆ ਹੈ ਕਿ ਆਮ ਆਦਮੀ ਪਾਰਟੀ ਦੇਸ਼ ਵਿਰੋਧੀ ਤਾਕਤਾਂ ਤੋਂ ਚੰਦਾ ਲੈਣਾ ਬੰਦ ਕਰੇ। ਉਨ੍ਹਾਂ ਅੱਗੇ ਆਸ ਪ੍ਰਗਟਾਈ ਕਿ ਉਹ ਇਨ੍ਹਾਂ ਸੰਕਲਪਾਂ ਨਾਲ ਨਵੇਂ ਸਾਲ ਵਿਚ ਅਪਣਾ ਜੀਵਨ ਸਾਰਥਕ ਬਣਾਉਣਗੇ।