
ਅਦਾਲਤ ਇਸ ਮਾਮਲੇ ਦੀ ਸੁਣਵਾਈ 10 ਫ਼ਰਵਰੀ ਨੂੰ ਕਰੇਗੀ
ਮੁਜ਼ੱਫਰਪੁਰ : ਬਿਹਾਰ ਦੇ ਮੁਜ਼ੱਫਰਪੁਰ ਜ਼ਿਲ੍ਹੇ ਦੀ ਇਕ ਅਦਾਲਤ ’ਚ ਕਾਂਗਰਸ ਨੇਤਾ ਸੋਨੀਆ ਗਾਂਧੀ ਵਿਰੁਧ ਰਾਸ਼ਟਰਪਤੀ ਦ੍ਰੌਪਦੀ ਮੁਰਮੂ ’ਤੇ ਮਾੜੀ ਟਿਪਣੀ ਕਰਨ ਲਈ ਸ਼ਿਕਾਇਤ ਦਰਜ ਕਰਵਾਈ ਗਈ ਹੈ।
ਮੁਜ਼ੱਫਰਪੁਰ ਦੇ ਵਕੀਲ ਸੁਧੀਰ ਓਝਾ ਨੇ ਸੋਨੀਆ ਗਾਂਧੀ ਵਿਰੁਧ ਸ਼ਿਕਾਇਤ ਦਰਜ ਕਰਵਾਈ ਹੈ ਅਤੇ ਦੇਸ਼ ਦੇ ਸਰਵਉੱਚ ਸੰਵਿਧਾਨਕ ਅਥਾਰਟੀ ਦਾ ਕਥਿਤ ਤੌਰ ’ਤੇ ਅਪਮਾਨ ਕਰਨ ਲਈ ਉਨ੍ਹਾਂ ਵਿਰੁਧ ਐਫ.ਆਈ.ਆਰ. ਦਰਜ ਕਰਨ ਦੀ ਮੰਗ ਕੀਤੀ ਹੈ।
ਓਝਾ ਨੇ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਅਤੇ ਕਾਂਗਰਸ ਸੰਸਦ ਮੈਂਬਰ ਪ੍ਰਿਯੰਕਾ ਗਾਂਧੀ ਵਾਡਰਾ ਨੂੰ ਵੀ ਸਹਿ-ਦੋਸ਼ੀ ਬਣਾਇਆ ਅਤੇ ਉਨ੍ਹਾਂ ਵਿਰੁਧ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ।
ਉਨ੍ਹਾਂ ਕਿਹਾ, ‘‘ਸੋਨੀਆ ਗਾਂਧੀ ਨੇ ‘ਪੂਰਰ ਥਿੰਗ’ ਵਾਲੀ ਟਿਪਣੀ ਕਰ ਕੇ ਰਾਸ਼ਟਰਪਤੀ ਮੁਰਮੂ ਦਾ ਅਪਮਾਨ ਕੀਤਾ ਹੈ। ਇਹ ਦੇਸ਼ ਦੇ ਸਰਵਉੱਚ ਸੰਵਿਧਾਨਕ ਅਥਾਰਟੀ ਦਾ ਅਪਮਾਨ ਹੈ। ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਵਾਡਰਾ ਇਸ ’ਚ ਸਹਿ-ਦੋਸ਼ੀ ਹਨ।’’ ਓਝਾ ਨੇ ਮੁਜ਼ੱਫਰਪੁਰ ਦੀ ਸੀਜੇਐਮ ਅਦਾਲਤ ’ਚ ਸ਼ਿਕਾਇਤ ਦਾਇਰ ਕਰਨ ਤੋਂ ਬਾਅਦ ਪੱਤਰਕਾਰਾਂ ਨੂੰ ਕਿਹਾ, ‘‘ਉਨ੍ਹਾਂ ਵਿਰੁਧ ਭਾਰਤੀ ਨਿਆਂ ਸੰਹਿਤਾ (ਬੀ.ਐਨ.ਐਸ.) ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਜਾਣਾ ਚਾਹੀਦਾ ਹੈ।’’ ਅਦਾਲਤ ਇਸ ਮਾਮਲੇ ਦੀ ਸੁਣਵਾਈ 10 ਫ਼ਰਵਰੀ ਨੂੰ ਕਰੇਗੀ।
ਬਜਟ ਸੈਸ਼ਨ ਤੋਂ ਪਹਿਲਾਂ ਸੰਸਦ ’ਚ ਰਾਸ਼ਟਰਪਤੀ ਦੇ ਸਾਂਝੇ ਭਾਸ਼ਣ ਤੋਂ ਬਾਅਦ ਸਦਨ ਦੇ ਬਾਹਰ ਪੱਤਰਕਾਰਾਂ ਨੇ ਸੋਨੀਆ ਗਾਂਧੀ ਤੋਂ ਮੁਰਮੂ ਦੇ ਕਰੀਬ ਇਕ ਘੰਟੇ ਦੇ ਭਾਸ਼ਣ ਬਾਰੇ ਪੁਛਿਆ। ਉਨ੍ਹਾਂ ਕਿਹਾ ਸੀ, ‘‘ਰਾਸ਼ਟਰਪਤੀ ਅੰਤ ਤਕ ਬਹੁਤ ਥੱਕ ਗਏ ਸਨ। ਵਿਚਾਰੀ ਮੁਸ਼ਕਿਲ ਨਾਲ ਹੀ ਬੋਲ ਰਹੀ ਸੀ।’’ ਸਾਬਕਾ ਕਾਂਗਰਸ ਪ੍ਰਧਾਨ ਨੂੰ ਵੀ ਵਾਇਰਲ ਹੋਈ ਕਲਿੱਪਾਂ ’ਚ ਇਹ ਕਹਿੰਦੇ ਸੁਣਿਆ ਜਾ ਸਕਦਾ ਹੈ ਕਿ ਭਾਸ਼ਣ ‘ਬੋਰਿੰਗ’ ਸੀ।
ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਇਕ ਕਲਿੱਪ ’ਚ ਭਾਸ਼ਣ ਨੂੰ ‘ਬੋਰਿੰਗ’ ਦਸਿਆ । ਉੱਥੇ ਪ੍ਰਿਯੰਕਾ ਗਾਂਧੀ ਵਾਡਰਾ ਵੀ ਮੌਜੂਦ ਸਨ। ਇਸ ਤੋਂ ਕੁੱਝ ਘੰਟਿਆਂ ਬਾਅਦ ਰਾਸ਼ਟਰਪਤੀ ਭਵਨ ਨੇ ਇਕ ਬਿਆਨ ਜਾਰੀ ਕਰ ਕੇ ਇਸ ਟਿਪਣੀ ਨੂੰ ‘ਅਸਵੀਕਾਰਯੋਗ’ ਕਰਾਰ ਦਿਤਾ ਅਤੇ ਕਿਹਾ ਕਿ ਮੁਰਮੂ ਥੱਕੇ ਨਹੀਂ ਸਨ। ਰਾਸ਼ਟਰਪਤੀ ਭਵਨ ਨੇ ਸੋਨੀਆ ਗਾਂਧੀ ਦਾ ਨਾਂ ਲਏ ਬਿਨਾਂ ਇਸ ਟਿਪਣੀ ਦੀ ਨਿੰਦਾ ਕੀਤੀ।
ਰਾਸ਼ਟਰਪਤੀ ਭਵਨ ਨੇ ਇਕ ਬਿਆਨ ’ਚ ਕਿਹਾ ਕਿ ਸੰਸਦ ’ਚ ਮਾਣਯੋਗ ਰਾਸ਼ਟਰਪਤੀ ਦੇ ਭਾਸ਼ਣ ’ਤੇ ਮੀਡੀਆ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਕਾਂਗਰਸ ਪਾਰਟੀ ਦੇ ਕੁੱਝ ਪ੍ਰਮੁੱਖ ਨੇਤਾਵਾਂ ਨੇ ਅਜਿਹੀਆਂ ਟਿਪਣੀਆਂ ਕੀਤੀਆਂ ਹਨ ਜੋ ਸਪੱਸ਼ਟ ਤੌਰ ’ਤੇ ਉੱਚ ਅਹੁਦੇ ਦੀ ਇੱਜ਼ਤ ਨੂੰ ਠੇਸ ਪਹੁੰਚਾਉਂਦੀਆਂ ਹਨ ਅਤੇ ਇਸ ਲਈ ਇਹ ਅਸਵੀਕਾਰਯੋਗ ਹਨ।