
ਰਾਜਿੰਦਰ ਸਿੰਘ ਦੀਪ ਸਿੰਘ ਵਾਲਾ ਹੋਣਗੇ ਮੁੱਖ ਬੁਲਾਰੇ
ਨਵੀਂ ਦਿੱਲੀ- ਪੱਛਮੀ ਬੰਗਾਲ ਦੇ ਲੇਖਕਾਂ,ਕਵੀਆਂ,ਕਿਸਾਨਾਂ ਅਤੇ ਵਿਦਿਆਰਥੀ ਕਾਰਕੁੰਨਾਂ ਵੱਲੋਂ ਕੋਲਕਾਤਾ ਵਿਖੇ 4 ਮਾਰਚ ਨੂੰ ਫਾਸ਼ੀਵਾਦੀ ਮੋਦੀ ਹਕੂਮਤ ਖਿਲਾਫ ਵਿਸ਼ਾਲ ਰੈਲੀ ਕੀਤੀ ਜਾ ਰਹੀ ਹੈ। ਜਿਸ ਵਿੱਚ ਕਿਰਤੀ ਕਿਸਾਨ ਯੂਨੀਅਨ ਦੇ ਮੀਤ ਪ੍ਰਧਾਨ ਤੇ ਸੰਯੁਕਤ ਕਿਸਾਨ ਮੋਰਚਾ ਦੇ ਆਗੂ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਮੁੱਖ ਬੁਲਾਰੇ ਦੇ ਤੌਰ ’ਤੇ ਸ਼ਿਰਕਤ ਕਰਨਗੇ।
Farmer
"ਫੋਰਮ ਟੂ ਸੇਵ ਇੰਡੀਅਨ ਕੰਸਟੀਟਿਓੂਸ਼ਨ ਐਂਡ ਵੈਸਟ ਬੰਗਾਲ ਫਰਾਮ ਫਾਸਿਸਟ ਫੋਰਸਜ਼" ਦੇ ਬੈਨਰ ਥੱਲੇ ਹੋ ਰਹੇ ਪ੍ਰੋਗਰਾਮ ਦਾ ਉਦੇਸ਼ ਦੇਸ਼ ਵਿੱਚ ਮੋਦੀ ਹਕੂਮਤ ਵੱਲੋ ਲੋਕਾਂ ਦੀ ਹੱਕੀ ਆਵਾਜ ਨੂੰ ਦਬਾਓੁਣ ਤੇ ਦੇਸ਼ ਵਿੱਚ ਜਮਹੂਰੀ ਕਦਰਾਂ ਕੀਮਤਾਂ ਦਾ ਭੋਗ ਪਾ ਕੇ ਫਾਸ਼ੀਵਾਦੀ ਰਾਜ ਸੱਤਾ ਸਥਾਪਿਤ ਕਰਨ ਦੇ ਮਨਸੂਬਿਆਂ ਨੂੰ ਅਸਫਲ ਕਰਨਾ ਹੈ।
Rajinder Singh Deep Singh Wala
"ਕਲਕੱਤਾ ਚੱਲੋ" ਦੇ ਨਾਹਰੇ ਹੇਠ ਕੀਤੀ ਜਾ ਰਹੀ ਇਸ ਰੈਲੀ ਦੇ ਪ੍ਰਬੰਧਕ ਅਭਿਜੀਤ ਨੇ ਕਿਹਾ ਕਿ ਮੋਦੀ ਹਕੂਮਤ ਨੇ 7 ਸਾਲਾਂ ਵਿਚ ਦੇਸ਼ ’ਚ ਲੋਕ ਵਿਰੋਧੀ ਆਰਥਿਕ ਨੀਤੀਆਂ ਲਾਗੂ ਕਰਨ ਦੇ ਨਾਲ ਹਰ ਵੱਖਰੇ ਤੇ ਵਿਰੋਧੀ ਵਿਚਾਰ ਤੇ ਪਛਾਣ ਨੂੰ ਮਲੀਆਮੇਟ ਕਰਨ ਦੇ ਰਾਹ ਤੁਰਦਿਆ ਦਹਿਸ਼ਤ ਦਾ ਮਹੌਲ ਸਥਾਪਤ ਕੀਤਾ ਹੈ।
ਹੁਣ ਮੋਦੀ ਹਕੂਮਤ ਵੱਲੋ ਖੇਤੀ ਖੇਤਰ ਨੂੰ ਤਬਾਹ ਕਰਨ ਲਈ ਤੇ ਸਮੁੱਚੀ ਖੇਤੀ,ਖੁਰਾਕ ਨੂੰ ਕਾਰਪੋਰੇਟ ਹੱਥ ਦੇਣ ਦਾ ਫੈਸਲਾ ਕਰ ਲਿਆ ਹੈ ਤੇ ਤਿੰਨ ਖੇਤੀ ਕਾਨੂੰਨ ਅਮਲ ਵਿਚ ਲਿਆਂਦੇ ਹਨ।
ਇਹਨਾਂ ਖੇਤੀ ਕਾਨੂੰਨਾਂ ਖਿਲਾਫ ਦੁਨੀਆਂ ਦੀ ਸਭ ਤੋ ਵੱਡੀ ਤੇ ਇਤਿਹਾਸਕ ਕਿਸਾਨ ਲਹਿਰ ਓੁੱਠੀ ਹੈ ਜੋ ਹੁਣ ਮਹਿਜ ਕਿਸਾਨਾਂ ਦੀ ਨਾ ਰਹਿ ਕੇ ਸਮੁੱਚੇ ਸਮਾਜ ਦੀ ਬਣ ਰਹੀ ਹੈ ਪਰ ਫਾਸ਼ੀਵਾਦੀ ਨਕਸ਼ੇ ਕਦਮ ’ਤੇ ਚੱਲਣ ਵਾਲੀ ਮੋਦੀ ਹਕੂਮਤ ਕਿਸਾਨਾਂ ਦੀਆਂ ਮੰਗਾਂ ਮੰਨਣ ਦੀ ਬਜਾਏ ਅੰਦੋਲਨ ਨੂੰ ਤਾਰਪੀਡੋ ਕਰਨ ਅਤੇ ਬਦਨਾਮ ਕਰਨ ਲਈ ਜਬਰ ਦਾ ਰਾਹ ਅਖਤਿਆਰ ਕਰ ਰਹੀ ਹੈ। ਇਸ ਤਰਾਂ ਦੀ ਹਕੂਮਤ ਨੂੰ ਹੁਣ ਪੱਛਮੀ ਬੰਗਾਲ ਵਿਚ ਸੱਤਾ ਵਿਚ ਨਹੀ ਆਓੁਣ ਦੇਣਾ ਚਾਹੀਦਾ ।
ਜਿਕਰਯੋਗ ਹੈ ਕੇ ਸੰਯੁਕਤ ਕਿਸਾਨ ਮੋਰਚਾ ਦੇ ਆਗੂ ਪਹਿਲਾਂ ਹੀ ਬੀਜੇਪੀ ਨੂੰ ਪੱਛਮੀ ਬੰਗਾਲ ਤੇ ਹੋਰ ਸੂਬਿਆਂ ’ਚ ਹਰਾਉਣ ਦਾ ਸੱਦਾ ਦੇ ਚੁੱਕੇ ਹਨ। ਖੇਤੀ ਕਾਨੂੰਨਾਂ ਨੂੰ ਰੱਦ ਨਾ ਕਰਨ ਦੀ ਮੰਗ ’ਤੇ ਅੜਨਾ ਮੋਦੀ ਹਕੂਮਤ ਲਈ ਵੱਡਾ ਸਿਆਸੀ ਨੁਕਸਾਨ ਕਰ ਸਕਦਾ ਹੈ ।