
ਮੰਗੇ ਨਾ ਮੰਨੇ ਜਾਣ ਦੀ ਸੂਰਤ ਵਿਚ ਭਾਜਪਾ ਆਗੂਆਂ ਦੇੇ ਦੇਸ਼-ਵਿਆਪੀ ਬਾਈਕਾਟ ਦੀ ਚਿਤਾਵਨੀ
ਨਵੀਂ ਦਿੱਲੀ : ਸੰਯੁਕਤ ਕਿਸਾਨ ਮੋਰਚਾ ਕਈ ਕੇਂਦਰੀ ਟਰੇਡ ਯੂਨੀਅਨਾਂ ਦੇ ਸਹਿਯੋਗ ਨਾਲ ਸੰਘਰਸ਼ ਨੂੰ ਹੋਰ ਮਜ਼ਬੂਤ ਕਰਨ ਦੀ ਯੋਜਨਾ ਬਣਾ ਰਿਹਾ ਹੈ। ਰਾਸ਼ਟਰੀ ਸੇਵਾ ਦਲ ਸੰਗਠਨ ਨੇ ਵੀ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕੀਤੀ। ਮਹਾਰਾਸ਼ਟਰ ਵਿਚ ਚਲਾਈ ਦਸਤਖਤ ਮੁਹਿੰਮ ਵਿੱਚ 6 ਲੱਖ 75 ਹਜ਼ਾਰ ਲੋਕਾਂ ਨੇ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਨ ਲਈ ਦਸਤਖਤ ਕੀਤੇ। ਇਹ ਪੱਤਰ ਮਹਾਰਾਸ਼ਟਰ ਦੇ ਰਾਜਪਾਲ ਸ਼੍ਰੀ ਕੋਸ਼ਯਾਰੀ ਨੂੰ ਸੌਂਪਿਆ ਗਿਆ।
Samyukt Kisan Morcha
ਇਸੇ ਦੌਰਾਨ ਅੱਜ ਉਤਰਾਖੰਡ ਦੇ ਰੁਦਰਪੁਰ 'ਚ ਵਿਖੇ ਹੋਈ ਕਿਸਾਨ ਮਹਾਂਪੰਚਾਇਤ ਵਿਚ ਹਜ਼ਾਰਾਂ ਕਿਸਾਨਾਂ ਨੇ ਸ਼ਿਰਕਤ ਕੀਤੀ। ਇਸ ਮੌਕੇ ਕਿਸਾਨ ਆਗੂਆਂ ਨੇ ਕਿਸਾਨਾਂ ਨੂੰ ਵੱਧ ਤੋਂ ਵੱਧ ਗਿਣਤੀ ਵਿਚ ਗਾਜੀਪੁਰ ਦੇ ਮੋਰਚੇ 'ਤੇ ਪਹੁੰਚਣ ਦੀ ਅਪੀਲ ਕੀਤੀ। ਕਿਸਾਨ ਨੇਤਾਵਾਂ ਨੇ ਕੇਂਦਰ ਸਰਕਾਰ 'ਤੇ ਵਰ੍ਹਦਿਆਂ ਕਿਹਾ ਕਿ ਸਰਕਾਰ ਇਸ ਦੇਸ਼ ਦੀ ਖੇਤੀ ਨੂੰ ਕੁਝ ਸਨਅਤਕਾਰਾਂ ਦੇ ਹੱਥਾਂ ਵਿਚ ਦੇਣਾ ਚਾਹੁੰਦੀ ਹੈ।
Samyukt Kisan Morcha
ਕਿਸਾਨ ਆਗੂਆਂ ਨੇ ਕਿਹਾ ਕਿ ਕੋਈ ਵੀ ਕਿਸਾਨ ਆਪਣੀ ਫਸਲ ਨਾ ਸਾੜਣ ਦੀ ਅਪੀਲ ਕਰਦਿਆਂ ਕਿਹਾ ਕਿ ਕਿਸਾਨ ਆਪਣੇ ਲਹੂ ਅਤੇ ਪਸੀਨੇ ਨਾਲ ਫ਼ਸਲਾਂ ਉਗਾਉਂਦੇ ਹਨ, ਇਸ ਲਈ ਫ਼ਸਲਾਂ ਨੂੰ ਨੁਕਸਾਨ ਪਹੁੰਚਾਉਣਾ ਜਾਇਜ਼ ਨਹੀਂ ਹੈ। ਕਿਸਾਨ ਮੋਰਚਾ ਨੇ ਸਮੂਹ ਕਿਸਾਨਾਂ ਨੂੰ ਅੰਦੋਲਨ ਅਤੇ ਫਸਲਾਂ ਦੋਵਾਂ ਨੂੰ ਸੰਭਾਲਣ ਦੀ ਅਪੀਲ ਕੀਤੀ। ਕਿਸਾਨ ਮੋਰਚੇ ਵੱਲੋਂ ਕੀਤੇ ਗਏ ਐਲਾਨ ਮੁਤਾਬਕ 15 ਮਾਰਚ ਨੂੰ ਹਸਨ ਖ਼ਾਨ ਮੇਵਾਤੀ ਦੇ ਸ਼ਹੀਦੀ ਦਿਹਾੜੇ 'ਤੇ ਝਿਰਕਾ ਵਿਖੇ ਇਕ ਵਿਸ਼ਾਲ ਕਿਸਾਨ ਪੰਚਾਇਤ ਹੋਵੇਗੀ, ਜਿਸ ਵਿਚ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਸ਼ਾਮਲ ਹੋਣਗੇ। ਇਸ ਵਿਚ ਮੇਵਾਤ ਦੇ ਆਗੂ ਵੀ ਸ਼ਮੂਲੀਅਤ ਕਰਨਗੇ।
Samyukt Kisan Morcha
ਇਸ ਮੌਕੇ ਬਾਬਾ ਗੁਰਮੀਤ ਸਿੰਘ ਡੇਰਾ ਕਾਰ ਸੇਵਾ ਸ਼ਾਹਬਾਦ ਅਤੇ ਭਾਈ ਸਰਦਾਰ ਰਣਧੀਰ ਸਿੰਘ ਸੰਗਤ ਟਰੱਸਟ ਦੇ ਸਹਿਯੋਗ ਨਾਲ ਲਹਿਰ ਵਿਚ ਸ਼ਹੀਦ ਹੋਏ 20 ਪਰਿਵਾਰਾਂ ਨੂੰ 1 ਲੱਖ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਗਈ। ਲਖੀਮਪੁਰ ਖੇੜੀ ਵਿਚ ਕਿਸਾਨਾਂ ਨੇ ਭਾਜਪਾ ਨੇਤਾਵਾਂ ਦਾ ਬਾਈਕਾਟ ਕੀਤਾ। ਕਿਸਾਨਾਂ ਨੇ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਨੇ ਐਮ.ਐਸ.ਪੀ. ਦੀ ਕਾਨੂੰਨੀ ਗਾਰੰਟੀ ਤੋਂ ਇਲਾਵਾ ਖੇਤੀ ਕਾਨੂੰਨਾਂ ਨੂੰ ਵਾਪਸ ਨਾ ਲਿਆ ਤਾਂ ਦੇਸ਼ ਭਰ ਵਿਚ ਭਾਜਪਾ ਅਤੇ ਇਸ ਦੀਆਂ ਸਹਿਯੋਗੀ ਪਾਰਟੀਆਂ ਦੇ ਆਗੂਆਂ ਦਾ ਮੁਕੰਮਲ ਬਾਈਕਾਟ ਕੀਤਾ ਜਾਵੇਗਾ।