
ਜਨ ਔਸ਼ਧੀ ਰੱਥਾਂ ਨੂੰ ਦਿਖਾਈ ਹਰੀ ਝੰਡੀ
ਕੇਂਦਰੀ ਰਸਾਇਣ ਅਤੇ ਖ਼ਾਦ ਅਤੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ, ਜਗਤ ਪ੍ਰਕਾਸ਼ ਨੱਡਾ ਨੇ ਅੱਜ ਜਨ ਔਸ਼ਧੀ ਦਿਵਸ ਹਫ਼ਤੇ ਦੀ ਸ਼ੁਰੂਆਤ ਕੀਤੀ। ਹਫ਼ਤੇ ਭਰ ਚੱਲਣ ਵਾਲੇ ਜਸ਼ਨਾਂ ਦਾ ਉਦਘਾਟਨ ਕਰਦੇ ਹੋਏ, ਉਨ੍ਹਾਂ ਨੇ ਪ੍ਰਧਾਨ ਮੰਤਰੀ ਭਾਰਤੀ ਜਨਔਸ਼ਧੀ ਪਰਿਯੋਜਨਾ (PMBJP) ਨਾਲ ਲੈਸ ਇੱਕ ਵੈਨ (ਰੱਥ) ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ।
ਇਸ ਮੌਕੇ ਕੇਂਦਰੀ ਰਸਾਇਣ ਅਤੇ ਖ਼ਾਦ ਰਾਜ ਮੰਤਰੀ ਅਨੁਪ੍ਰਿਆ ਪਟੇਲ ਤੇ ਫਾਰਮਾਸਿਊਟੀਕਲ ਵਿਭਾਗ ਦੇ ਸਕੱਤਰ ਅਮਿਤ ਅਗਰਵਾਲ ਵੀ ਮੌਜੂਦ ਸਨ। ਇਹ ਰੱਥ ਦਿੱਲੀ-ਐਨਸੀਆਰ ਵਿਚ ਪੀਐਮਬੀਜੇਪੀ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਦੌੜਣਗੇ। ਇਹ ਮੁਹਿੰਮ ਅੱਜ ਤੋਂ 7 ਮਾਰਚ ਤਕ ਚੱਲੇਗੀ। ਇਹ ਸਮਾਗਮ ਪ੍ਰਧਾਨ ਮੰਤਰੀ ਮੋਦੀ ਦੁਆਰਾ ਸ਼ੁਰੂ ਕੀਤੇ ਗਏ ਪੀਐਮਬੀਜੇਪੀ ਪ੍ਰਾਜੈਕਟ ਦਾ ਇਕ ਵੱਡਾ ਹਿੱਸਾ ਹੈ।
ਇਸ ਦਾ ਉਦੇਸ਼ ਦੇਸ਼ ਦੇ ਨਾਗਰਿਕਾਂ ਨੂੰ ਕਿਫ਼ਾਇਤੀ ਜੈਨਰਿਕ ਦਵਾਈਆਂ ਪ੍ਰਦਾਨ ਕਰ ਕੇ ਪਹੁੰਚਯੋਗ ਅਤੇ ਗੁਣਵੱਤਾ ਵਾਲੀ ਸਿਹਤ ਸੰਭਾਲ ਪ੍ਰਦਾਨ ਕਰਨਾ ਹੈ। ਇਹ ਵਾਹਨ (ਰੱਥ) ਜਨ ਔਸ਼ਧੀ ਕੇਂਦਰਾਂ ਦੇ ਲਾਭਾਂ ਬਾਰੇ ਜਾਣਕਾਰੀ ਪ੍ਰਦਾਨ ਕਰਨ ਅਤੇ ਪ੍ਰਭਾਵਸ਼ਾਲੀ ਤੇ ਪਹੁੰਚਯੋਗ ਜੈਨਰਿਕ ਦਵਾਈਆਂ ਤੱਕ ਪਹੁੰਚ ਨੂੰ ਉਤਸ਼ਾਹਿਤ ਕਰਨ ਲਈ ਦਿੱਲੀ-ਐਨਸੀਆਰ ਖੇਤਰ ਵਿਚ ਯਾਤਰਾ ਕਰਨਗੇ।
ਪ੍ਰਧਾਨ ਮੰਤਰੀ ਜਨ ਔਸ਼ਧੀ ਯੋਜਨਾ ਇਕ ਯੋਜਨਾ ਹੈ ਜਿਸ ਦਾ ਐਲਾਨ ਪ੍ਰਧਾਨ ਮੰਤਰੀ ਮੋਦੀ ਦੁਆਰਾ 23 ਅਪ੍ਰੈਲ 2018 ਨੂੰ ਕੀਤਾ ਗਿਆ ਸੀ। 2014-15 ਵਿੱਚ, ਜਨ ਔਸ਼ਧੀ ਯੋਜਨਾ ਦਾ ਨਾਮ ਬਦਲ ਕੇ ਪ੍ਰਧਾਨ ਮੰਤਰੀ ਭਾਰਤੀ ਜਨ ਔਸ਼ਧੀ ਪਰਿਯੋਜਨਾ ਕਰ ਦਿਤਾ ਗਿਆ। ਇਸ ਯੋਜਨਾ ਵਿਚ, ਸਰਕਾਰ ਉੱਚ ਗੁਣਵੱਤਾ ਵਾਲੀਆਂ ਜੈਨਰਿਕ ਦਵਾਈਆਂ ਦੀਆਂ ਕੀਮਤਾਂ ਬਾਜ਼ਾਰ ਮੁੱਲ ਤੋਂ ਘੱਟ ਕਰ ਰਹੀ ਹੈ। ‘ਜਨ ਔਸ਼ਧੀ ਸਟੋਰ’ ਸਰਕਾਰ ਦੁਆਰਾ ਬਣਾਏ ਗਏ ਹਨ। ਇਨ੍ਹਾਂ ਵਿੱਚ ਜੈਨਰਿਕ ਦਵਾਈਆਂ ਉਪਲਬਧ ਕਰਵਾਈਆਂ ਜਾ ਰਹੀਆਂ ਹਨ।