
ਅਰੁਣਾਚਲ ਪ੍ਰਦੇਸ਼ ਭਾਰਤ ਦਾ ਰਾਜ ਹੈ, ਨਾਮ ਬਦਲਣ ਨਾਲ ਕੁੱਝ ਹਾਸਲ ਨਹੀਂ ਹੋਵੇਗਾ : ਜੈਸ਼ੰਕਰ
ਸੂਰਤ: ਚੀਨ ਵਲੋਂ ਅਰੁਣਾਚਲ ਪ੍ਰਦੇਸ਼ ਦੀਆਂ ਕਈ ਥਾਵਾਂ ਦੇ 30 ਨਵੇਂ ਨਾਂ ਜਾਰੀ ਕੀਤੇ ਜਾਣ ਤੋਂ ਕੁਝ ਦਿਨ ਬਾਅਦ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਸੋਮਵਾਰ ਨੂੰ ਕਿਹਾ ਕਿ ਅਰੁਣਾਚਲ ਪ੍ਰਦੇਸ਼ ਇਕ ਭਾਰਤੀ ਸੂਬਾ ਸੀ, ਹੈ ਅਤੇ ਭਵਿੱਖ ‘ਚ ਵੀ ਰਹੇਗਾ।
ਗੁਜਰਾਤ ਦੇ ਦੋ ਦਿਨਾਂ ਦੌਰੇ ’ਤੇ ਆਏ ਜੈਸ਼ੰਕਰ ਨੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨਾਮ ਬਦਲਣ ਨਾਲ ਕੁੱਝ ਹਾਸਲ ਨਹੀਂ ਹੋਵੇਗਾ। ਉਨ੍ਹਾਂ ਕਿਹਾ, ‘‘ਜੇ ਮੈਂ ਤੁਹਾਡੇ ਘਰ ਦਾ ਨਾਮ ਬਦਲਾਂ, ਤਾਂ ਕੀ ਇਹ ਮੇਰਾ ਬਣ ਜਾਵੇਗਾ? ਅਰੁਣਾਚਲ ਪ੍ਰਦੇਸ਼ ਇਕ ਭਾਰਤੀ ਰਾਜ ਸੀ, ਹੈ ਅਤੇ ਭਵਿੱਖ ’ਚ ਵੀ ਰਹੇਗਾ। ਨਾਮ ਬਦਲਣ ਨਾਲ ਕੁੱਝ ਵੀ ਪ੍ਰਾਪਤ ਨਹੀਂ ਹੋਵੇਗਾ।’’ ਉਹ ਭਾਰਤੀ ਰਾਜ ’ਤੇ ਦਾਅਵਾ ਕਰਨ ਦੇ ਬੀਜਿੰਗ ਦੇ ਤਾਜ਼ਾ ਕਦਮ ਬਾਰੇ ਇਕ ਸਵਾਲ ਦਾ ਜਵਾਬ ਦੇ ਰਹੇ ਸਨ।
ਅਰੁਣਾਚਲ ਪ੍ਰਦੇਸ਼ 'ਤੇ ਆਪਣਾ ਦਾਅਵਾ ਪੇਸ਼ ਕਰਨ ਦੀਆਂ ਚੀਨ ਦੀਆਂ ਤਾਜ਼ਾ ਕੋਸ਼ਿਸ਼ਾਂ ਦਰਮਿਆਨ ਬੀਜਿੰਗ ਨੇ ਭਾਰਤੀ ਰਾਜ ਦੇ ਵੱਖ-ਵੱਖ ਸਥਾਨਾਂ ਤੋਂ 30 ਨਵੇਂ ਨਾਵਾਂ ਦੀ ਚੌਥੀ ਸੂਚੀ ਜਾਰੀ ਕੀਤੀ ਹੈ। ਭਾਰਤ ਅਰੁਣਾਚਲ ਪ੍ਰਦੇਸ਼ ’ਚ ਸਥਾਨਾਂ ਦੇ ਨਾਮ ਬਦਲਣ ਦੇ ਚੀਨ ਦੇ ਕਦਮ ਨੂੰ ਰੱਦ ਕਰਦਾ ਰਿਹਾ ਹੈ। ਚੀਨ ਦੇ ਸਰਕਾਰੀ ਅਖਬਾਰ ਗਲੋਬਲ ਟਾਈਮਜ਼ ਨੇ ਐਤਵਾਰ ਨੂੰ ਦਸਿਆ ਕਿ ਚੀਨ ਦੇ ਸਿਵਲ ਮਾਮਲਿਆਂ ਦੇ ਮੰਤਰਾਲੇ ਨੇ ਜ਼ੰਗਨਾਨ ਵਿਚ ਮਿਆਰੀ ਭੂਗੋਲਿਕ ਨਾਮਾਂ ਦੀ ਚੌਥੀ ਸੂਚੀ ਜਾਰੀ ਕੀਤੀ ਹੈ। ਚੀਨ ਅਰੁਣਾਚਲ ਪ੍ਰਦੇਸ਼ ਨੂੰ 'ਜ਼ੰਗਨਾਨ' ਕਹਿੰਦਾ ਹੈ ਅਤੇ ਰਾਜ ਨੂੰ ਦੱਖਣੀ ਤਿੱਬਤ ਦਾ ਹਿੱਸਾ ਦੱਸਦਾ ਹੈ।
ਰੂਸ ’ਚ ਭਾਰਤੀਆਂ ਦੇ ਮੁੱਦੇ ’ਤੇ ਵੀ ਬੋਲੇ ਵਿਦੇਸ਼ ਮੰਤਰੀ
ਰੂਸ-ਯੂਕਰੇਨ ਸਰਹੱਦ ’ਤੇ ਕੁੱਝ ਭਾਰਤੀਆਂ ਨੂੰ ਰੂਸੀ ਫੌਜ ਦੇ ਨਾਲ ਲੜਨ ਲਈ ਮਜਬੂਰ ਕੀਤੇ ਜਾਣ ਬਾਰੇ ਪੁੱਛੇ ਜਾਣ ’ਤੇ ਜੈਸ਼ੰਕਰ ਨੇ ਕਿਹਾ ਕਿ ਭਾਰਤ ਸਰਕਾਰ ਨੇ ਜੰਗ ਖੇਤਰ ’ਚ ਦੋ ਭਾਰਤੀਆਂ ਦੀ ਮੌਤ ਤੋਂ ਬਾਅਦ ਅਪਣੇ ਰੂਸੀ ਹਮਰੁਤਬਾ ਕੋਲ ਜ਼ੋਰਦਾਰ ਢੰਗ ਨਾਲ ਇਹ ਮੁੱਦਾ ਚੁਕਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਰੂਸੀ ਫੌਜ ਵਿਚ ਸੇਵਾ ਕਰਨ ਲਈ ਗਲਤ ਤਰੀਕੇ ਨਾਲ ਭਰਤੀ ਕੀਤੇ ਗਏ 23 ਤੋਂ 24 ਭਾਰਤੀਆਂ ਨੂੰ ਵਾਪਸ ਲਿਆਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਰੂਸ ’ਚ ਜੰਗ ਦੌਰਾਨ ਦੋ ਭਾਰਤੀਆਂ ਦੀ ਹੋ ਚੁਕੀ ਹੈ ਮੌਤ
ਵਿਦੇਸ਼ ਮੰਤਰੀ ਨੇ ਕਿਹਾ ਕਿ ਜੰਗ ’ਚ ਹੁਣ ਤਕ ਦੋ ਭਾਰਤੀਆਂ ਦੀ ਮੌਤ ਹੋ ਚੁਕੀ ਹੈ। ਉਨ੍ਹਾਂ ਕਿਹਾ, ‘‘ਉਨ੍ਹਾਂ ਦੀਆਂ ਲਾਸ਼ਾਂ ਨੂੰ ਰੂਸ ਤੋਂ ਵਾਪਸ ਲਿਆਉਣ ’ਚ ਕੁੱਝ ਸਮਾਂ ਲੱਗਿਆ ਕਿਉਂਕਿ ਇਹ ਇੰਨਾ ਸੌਖਾ ਨਹੀਂ ਸੀ। ਅਸੀਂ ਇਸ ਮੁੱਦੇ ਨੂੰ ਰੂਸ ਕੋਲ ਮਜ਼ਬੂਤੀ ਨਾਲ ਉਠਾਇਆ, ਚਾਹੇ ਉਹ ਮਾਸਕੋ ’ਚ ਸਾਡੇ ਰਾਜਦੂਤ ਹੋਣ ਜਾਂ ਨਵੀਂ ਦਿੱਲੀ ’ਚ ਰੂਸੀ ਰਾਜਦੂਤ ਨਾਲ ਸਾਡੇ ਵਿਦੇਸ਼ ਸਕੱਤਰ ਦੀ ਮੁਲਾਕਾਤ।’’
ਉਨ੍ਹਾਂ ਕਿਹਾ, ‘‘ਇਹ ਬਿਲਕੁਲ ਗਲਤ ਹੈ। ਕਿਸੇ ਵੀ ਭਾਰਤੀ ਨੂੰ ਕਦੇ ਵੀ ਕਿਸੇ ਹੋਰ ਦੇਸ਼ ਦੀ ਫੌਜ ’ਚ ਸੇਵਾ ਨਹੀਂ ਕਰਨੀ ਚਾਹੀਦੀ। ਜੇਕਰ ਭਾਰਤੀਆਂ ਦੀ ਭਰਤੀ ’ਚ ਕੋਈ ਵਿਚੋਲਾ ਸ਼ਾਮਲ ਹੈ ਤਾਂ ਉਨ੍ਹਾਂ ਨੂੰ ਰੋਕਣਾ ਰੂਸ ਦੀ ਜ਼ਿੰਮੇਵਾਰੀ ਹੈ। ਅਸੀਂ ਲਗਭਗ 23 ਤੋਂ 24 ਭਾਰਤੀਆਂ ਨੂੰ ਵਾਪਸ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਾਂ ਜੋ ਅਜੇ ਵੀ ਉੱਥੇ ਹਨ।’’
ਜਲਵਾਯੂ ਕਾਰਕੁਨ ਸੋਨਮ ਵਾਂਗਚੁਕ ਦੇ ਦੋਸ਼ਾਂ ’ਤੇ ਕਿ ਚੀਨ ਨੇ ਭਾਰਤੀ ਖੇਤਰ ’ਤੇ ਕਬਜ਼ਾ ਕਰ ਲਿਆ ਹੈ, ਜੈਸ਼ੰਕਰ ਨੇ ਕਿਹਾ ਕਿ ਭਾਰਤੀ ਫੌਜ ਜਾਣਦੀ ਹੈ ਕਿ ਅਜਿਹੀਆਂ ਸਥਿਤੀਆਂ ’ਚ ਕੀ ਕਰਨਾ ਹੈ। ਉਨ੍ਹਾਂ ਕਿਹਾ, ‘‘ਹਰ ਕਿਸੇ ਦੇ ਅਪਣੇ ਵਿਚਾਰ ਹੁੰਦੇ ਹਨ। ਦੇਖੋ, ਤੁਸੀਂ ਸਾਰੇ ਜਾਣਦੇ ਹੋ ਕਿ ਅਸਲ ਕੰਟਰੋਲ ਰੇਖਾ ’ਤੇ ਘੁਸਪੈਠ ਦੀ ਕਿਸੇ ਵੀ ਕੋਸ਼ਿਸ਼ ਨੂੰ ਰੋਕਣ ਲਈ ਸਾਡੀ ਫੌਜ ਪਹਿਲਾਂ ਹੀ ਉੱਥੇ ਤਾਇਨਾਤ ਹੈ। ਫੌਜ ਜਾਣਦੀ ਹੈ ਕਿ ਉਸ ਨੂੰ ਕੀ ਕਰਨਾ ਹੈ।’’