ਕਿਹਾ, ਕੇਂਦਰੀ ਮੰਤਰੀ ਦਾ ਸਾਹਿਤ ਦੇ ਖੇਤਰ ’ਚ ਕੋਈ ਵੱਡਾ ਯੋਗਦਾਨ ਨਹੀਂ
ਮਲਾਪੁਰਮ (ਕੇਰਲ): ਮਲਿਆਲਮ ਦੇ ਉੱਘੇ ਲੇਖਕ ਸੀ. ਰਾਧਾਕ੍ਰਿਸ਼ਨਨ ਨੇ ਕੇਂਦਰੀ ਮੰਤਰੀ ਵਲੋਂ ਇਸ ਸਾਲ ਦੇ ਅਕਾਦਮੀ ਉਤਸਵ ਦਾ ਉਦਘਾਟਨ ਕਰਨ ਦੇ ਵਿਰੋਧ ’ਚ ਕੇਂਦਰ ਸਾਹਿਤ ਅਕਾਦਮੀ ਦੇ ਮੈਂਬਰ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿਤਾ ਹੈ। ਰਾਧਾਕ੍ਰਿਸ਼ਨ ਅਨੁਸਾਰ ਇਸ ਕੇਂਦਰੀ ਮੰਤਰੀ ਦਾ ਸਾਹਿਤ ਦੇ ਖੇਤਰ ’ਚ ਕੋਈ ਵੱਡਾ ਯੋਗਦਾਨ ਨਹੀਂ ਹੈ।
ਅਕਾਦਮੀ ਸਕੱਤਰ ਨੂੰ ਲਿਖੇ ਅਪਣੇ ਅਸਤੀਫੇ ਵਿਚ ਰਾਧਾਕ੍ਰਿਸ਼ਨਨ ਨੇ ਦੋਸ਼ ਲਾਇਆ ਕਿ ਸਾਹਿਤ ਅਕਾਦਮੀ ਦੇ ਲੰਮੇ ਅਤੇ ਸ਼ਾਨਦਾਰ ਇਤਿਹਾਸ ਵਿਚ ਇਹ ਪਹਿਲੀ ਵਾਰੀ ਹੋਇਆ ਹੈ, ਜਦਕਿ ਇਸ ਤੋਂ ਪਹਿਲਾਂ ਅਕਾਦਮੀ ਨੇ ਲਗਾਤਾਰ ਸਿਆਸੀ ਦਬਾਅ ਦੇ ਵਿਰੁਧ ਸੰਸਥਾ ਦੀ ਖੁਦਮੁਖਤਿਆਰੀ ਨੂੰ ਬਰਕਰਾਰ ਰੱਖਿਆ ਹੈ।
‘ਮੁਨਾਪੇ ਪਰਾਕੁੰਨਾ ਪਥਿਕਲ’, ‘ਸਪਾਂਡਾਮਪਿਨਿਕਾਲੇ ਨੰਦੀ’ ਅਤੇ ‘ਤੀਕੱਡਲ ਕਦੰਜੂ ਥਿਰੂਮਾਧੁਰਮ’ ਵਰਗੇ ਨਾਵਲਾਂ ਨਾਲ ਪ੍ਰਸਿੱਧੀ ਹਾਸਲ ਕਰਨ ਵਾਲੇ ਰਾਧਾਕ੍ਰਿਸ਼ਨਨ ਨੇ ਕਿਹਾ ਕਿ ਜਦੋਂ ਸੂਬੇ ਦੇ ਇਕ ਮੰਤਰੀ ਨੇ ਉਤਸਵ ਦੇ ਉਦਘਾਟਨੀ ਸੈਸ਼ਨ ’ਚ ਹਿੱਸਾ ਲਿਆ ਸੀ ਤਾਂ ਅਕੈਡਮੀ ਦੇ ਸਾਰੇ ਮੈਂਬਰਾਂ ਨੇ ਵਿਰੋਧ ਕੀਤਾ ਸੀ ਅਤੇ ਅਕਾਦਮੀ ਨੂੰ ਭਰੋਸਾ ਦਿਤਾ ਗਿਆ ਸੀ ਕਿ ਅਜਿਹਾ ਦੁਹਰਾਇਆ ਨਹੀਂ ਜਾਵੇਗਾ।
ਰਾਧਾਕ੍ਰਿਸ਼ਨਨ ਨੇ ਸਪੱਸ਼ਟ ਕੀਤਾ ਕਿ ਉਹ ਕਿਸੇ ਵਿਸ਼ੇਸ਼ ਸਿਆਸੀ ਪਾਰਟੀ ਦੇ ਵਿਰੁਧ ਨਹੀਂ ਹਨ ਅਤੇ ਉਨ੍ਹਾਂ ਦਾ ਵਿਰੋਧ ਸਭਿਆਚਾਰ ਦੇ ਪ੍ਰਸ਼ਾਸਨ ਦੇ ਸਿਆਸੀਕਰਨ ਦੇ ਵਿਰੁਧ ਹੈ, ਜੋ ਅਕੈਡਮੀ ਦੇ ਸੁਤੰਤਰ ਕੱਦ ਨੂੰ ਕਮਜ਼ੋਰ ਕਰਦਾ ਹੈ।
ਲੇਖਕ ਨੇ ਅਸਤੀਫ਼ੇ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਅਕੈਡਮੀ ਦੇ ਰੋਜ਼ਾਨਾ ਕੰਮਕਾਜ ’ਚ ਸਰਕਾਰੀ ਦਖਲਅੰਦਾਜ਼ੀ ਦੀਆਂ ਵਧਦੀਆਂ ਘਟਨਾਵਾਂ ਕਾਰਨ ਉਸ ਨੇ ਅਕੈਡਮੀ ਛੱਡ ਦਿਤੀ ਹੈ।
ਉਨ੍ਹਾਂ ਦਾ ਇਹ ਕਦਮ ਕੇਂਦਰੀ ਸਭਿਆਚਾਰ ਰਾਜ ਮੰਤਰੀ ਅਰਜੁਨ ਰਾਮ ਮੇਘਵਾਲ ਵਲੋਂ ‘ਸਾਹਿਤ ਉਤਸਵ: ਦ ਫ਼ੈਸਟੀਵਲ ਆਫ਼ ਲੈਟਰਸ’ ਦੇ 39ਵੇਂ ਸੰਸਕਰਣ ਦਾ ਉਦਘਾਟਨ ਕਰਨ ਤੋਂ ਕੁੱਝ ਹਫ਼ਤੇ ਬਾਅਦ ਆਇਆ ਹੈ, ਜਿਸ ’ਚ 170 ਤੋਂ ਵੱਧ ਭਾਸ਼ਾਵਾਂ ਦੇ ਹਜ਼ਾਰ ਤੋਂ ਵੱਧ ਲੇਖਕਾਂ ਨੇ ਹਿੱਸਾ ਲਿਆ ਸੀ।
ਰਾਧਾਕ੍ਰਿਸ਼ਨਨ ਨੇ ਕਿਹਾ ਕਿ ਬਾਕੀ ਦੋ ਅਕਾਦਮੀਆਂ ਪਹਿਲਾਂ ਹੀ ਅਪਣੀ ਖੁਦਮੁਖਤਿਆਰੀ ਗੁਆ ਚੁਕੀਆਂ ਹਨ ਅਤੇ ਉਨ੍ਹਾਂ ਨੇ ਇਹ ਕਦਮ ਇਸ ਉਮੀਦ ਨਾਲ ਚੁਕਿਆ ਹੈ ਕਿ ਰਾਸ਼ਟਰਪਤੀ ਜਾਂ ਪ੍ਰਧਾਨ ਮੰਤਰੀ ਸਾਹਿਤ ਅਕਾਦਮੀ ਦੇ ਕੰਮਕਾਜ ਵਿਚ ਸਿਆਸੀ ਦਖਲਅੰਦਾਜ਼ੀ ਦੇ ਤਾਜ਼ਾ ਰੁਝਾਨ ਬਾਰੇ ਲੇਖਕਾਂ ਦੀ ਆਵਾਜ਼ ਸੁਣਨਗੇ। ਉਸ ਨੂੰ ਚੋਣ ਪ੍ਰਕਿਰਿਆ ਤੋਂ ਬਾਅਦ ਦਸੰਬਰ 2022 ’ਚ ਅਕੈਡਮੀ ਦੀ ਵਿਲੱਖਣ ਮੈਂਬਰਸ਼ਿਪ ਨਾਲ ਸਨਮਾਨਿਤ ਕੀਤਾ ਗਿਆ ਸੀ।