
Weather Update: ਪੰਜਾਬ ਅਤੇ ਹਰਿਆਣਾ ਸਮੇਤ ਮੈਦਾਨੀ ਇਲਾਕਿਆਂ ’ਚ ਵਧਣਗੇ ਲੂ ਚੱਲਣ ਦੇ ਦਿਨ
ਨਵੀਂ ਦਿੱਲੀ : ਮੌਸਮ ਵਿਭਾਗ ਨੇ ਸੋਮਵਾਰ ਨੂੰ ਕਿਹਾ ਕਿ ਭਾਰਤ ’ਚ ਅਪ੍ਰੈਲ ਤੋਂ ਜੂਨ ਤਕ ਤਾਪਮਾਨ ਆਮ ਨਾਲੋਂ ਜ਼ਿਆਦਾ ਗਰਮ ਰਹਿਣ ਦੀ ਸੰਭਾਵਨਾ ਹੈ ਅਤੇ ਮੱਧ ਤੇ ਪੂਰਬੀ ਭਾਰਤ ਸਮੇਤ ਉੱਤਰ-ਪਛਮੀ ਮੈਦਾਨੀ ਇਲਾਕਿਆਂ ’ਚ ਲੂ ਚੱਲਣ ਦੇ ਦਿਨ ਹੋਰ ਵਧ ਸਕਦੇ ਹਨ। ਭਾਰਤੀ ਮੌਸਮ ਵਿਭਾਗ (ਆਈ.ਐਮ.ਡੀ.) ਦੇ ਮੁਖੀ ਮਰਿਤਿਊਂਜੈ ਮਹਾਪਾਤਰਾ ਨੇ ਇਕ ਆਨਲਾਈਨ ਪ੍ਰੈਸ ਕਾਨਫਰੰਸ ’ਚ ਕਿਹਾ, ‘‘ਪਛਮੀ ਅਤੇ ਪੂਰਬੀ ਭਾਰਤ ਦੇ ਕੁੱਝ ਇਲਾਕਿਆਂ ਨੂੰ ਛੱਡ ਕੇ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ’ਚ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ ਜ਼ਿਆਦਾ ਰਹੇਗਾ।
ਜ਼ਿਆਦਾਤਰ ਖੇਤਰਾਂ ’ਚ ਘੱਟੋ-ਘੱਟ ਤਾਪਮਾਨ ਆਮ ਨਾਲੋਂ ਵੱਧ ਰਹੇਗਾ।’’ ਉਨ੍ਹਾਂ ਕਿਹਾ, ‘‘ਅਪ੍ਰੈਲ ਤੋਂ ਜੂਨ ਤਕ ਉੱਤਰ ਅਤੇ ਪੂਰਬੀ ਭਾਰਤ, ਮੱਧ ਭਾਰਤ ਅਤੇ ਉੱਤਰ-ਪਛਮੀ ਭਾਰਤ ਦੇ ਮੈਦਾਨੀ ਇਲਾਕਿਆਂ ’ਚ ਆਮ ਨਾਲੋਂ ਦੋ ਤੋਂ ਚਾਰ ਦਿਨ ਜ਼ਿਆਦਾ ਲੂ ਚੱਲਣ ਦੀ ਸੰਭਾਵਨਾ ਹੈ।’’ ਆਮ ਤੌਰ ’ਤੇ , ਭਾਰਤ ’ਚ ਅਪ੍ਰੈਲ ਤੋਂ ਜੂਨ ਤਕ ਚਾਰ ਤੋਂ ਸੱਤ ਦਿਨ ਲੂ ਚੱਲਣ ਦੇ ਦਰਜ ਕੀਤੇ ਜਾਂਦੇ ਹਨ। ਆਈ.ਐਮ.ਡੀ. ਦੇ ਇਕ ਅਧਿਕਾਰੀ ਨੇ ਪਹਿਲਾਂ ਕਿਹਾ ਸੀ ਕਿ ਉੱਤਰ-ਪਛਮੀ ਭਾਰਤ ਨੂੰ ਗਰਮੀਆਂ ਦੌਰਾਨ ਲੂ ਦੇ ਦਿਨਾਂ ਦੀ ਦੁੱਗਣੀ ਗਿਣਤੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਹ ਖੇਤਰ ਆਮ ਤੌਰ ’ਤੇ ਮੌਸਮ ਦੌਰਾਨ ਪੰਜ ਤੋਂ ਛੇ ਲੂ ਦੇ ਦਿਨਾਂ ਦਾ ਸਾਹਮਣਾ ਕਰਦਾ ਹੈ।
ਪੰਜਾਬ, ਹਰਿਆਣਾ, ਰਾਜਸਥਾਨ, ਗੁਜਰਾਤ, ਮੱਧ ਪ੍ਰਦੇਸ਼, ਮਹਾਰਾਸ਼ਟਰ, ਉੱਤਰ ਪ੍ਰਦੇਸ਼, ਬਿਹਾਰ, ਝਾਰਖੰਡ, ਪਛਮੀ ਬੰਗਾਲ, ਓਡੀਸ਼ਾ, ਛੱਤੀਸਗੜ੍ਹ, ਤੇਲੰਗਾਨਾ, ਆਂਧਰਾ ਪ੍ਰਦੇਸ਼ ਅਤੇ ਕਰਨਾਟਕ ਅਤੇ ਤਾਮਿਲਨਾਡੂ ਦੇ ਉੱਤਰੀ ਹਿੱਸਿਆਂ ’ਚ ਗਰਮੀ ਦੇ ਦਿਨ ਆਮ ਨਾਲੋਂ ਵੱਧ ਰਹਿਣ ਦੀ ਸੰਭਾਵਨਾ ਹੈ। ਅਪ੍ਰੈਲ ’ਚ ਭਾਰਤ ਦੇ ਜ਼ਿਆਦਾਤਰ ਹਿੱਸਿਆਂ ’ਚ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ ਜ਼ਿਆਦਾ ਰਹਿਣ ਦੀ ਸੰਭਾਵਨਾ ਹੈ। ਹਾਲਾਂਕਿ, ਬਹੁਤ ਦਖਣੀ ਅਤੇ ਉੱਤਰ-ਪਛਮੀ ਖੇਤਰਾਂ ਦੇ ਕੁੱਝ ਖੇਤਰਾਂ ’ਚ ਆਮ ਤਾਪਮਾਨ ਹੋ ਸਕਦਾ ਹੈ।
ਮਹਾਪਾਤਰਾ ਨੇ ਕਿਹਾ ਕਿ ਉੱਤਰ-ਪਛਮੀ ਅਤੇ ਉੱਤਰ-ਪੂਰਬ ਦੇ ਕੁੱਝ ਸਥਾਨਾਂ ਨੂੰ ਛੱਡ ਕੇ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ’ਚ ਘੱਟੋ-ਘੱਟ ਤਾਪਮਾਨ ਆਮ ਨਾਲੋਂ ਜ਼ਿਆਦਾ ਰਹੇਗਾ, ਜਿੱਥੇ ਤਾਪਮਾਨ ਆਮ ਜਾਂ ਆਮ ਨਾਲੋਂ ਥੋੜ੍ਹਾ ਘੱਟ ਹੋ ਸਕਦਾ ਹੈ। ਮਾਹਰਾਂ ਨੇ ਚੇਤਾਵਨੀ ਦਿਤੀ ਹੈ ਕਿ ਭਾਰਤ ਨੂੰ ਇਸ ਗਰਮੀ ਦੇ ਮੌਸਮ ’ਚ ਬਿਜਲੀ ਦੀ ਮੰਗ ’ਚ 9 ਤੋਂ 10 ਫ਼ੀ ਸਦੀ ਦੇ ਸਿਖਰ ’ਤੇ ਵਾਧੇ ਲਈ ਤਿਆਰ ਰਹਿਣਾ ਚਾਹੀਦਾ ਹੈ, ਕਿਉਂਕਿ ਦੇਸ਼ ’ਚ ਗਰਮੀ ਦੇ ਦਿਨਾਂ ਦੀ ਗਿਣਤੀ ਵਧੇਰੇ ਹੋਣ ਦੀ ਸੰਭਾਵਨਾ ਹੈ।
ਪਿਛਲੇ ਸਾਲ 30 ਮਈ ਨੂੰ ਆਲ ਇੰਡੀਆ ਪੀਕ ਬਿਜਲੀ ਦੀ ਮੰਗ 250 ਗੀਗਾਵਾਟ (ਜੀ.ਡਬਲਯੂ.) ਨੂੰ ਪਾਰ ਕਰ ਗਈ ਸੀ, ਜੋ ਅਨੁਮਾਨਾਂ ਨਾਲੋਂ 6.3 ਫ਼ੀ ਸਦੀ ਵੱਧ ਹੈ। ਜਲਵਾਯੂ ਪਰਿਵਰਤਨ-ਪ੍ਰੇਰਿਤ ਗਰਮੀ ਦਾ ਤਣਾਅ ਬਿਜਲੀ ਦੀ ਮੰਗ ਨੂੰ ਚਲਾਉਣ ਵਾਲੇ ਮੁੱਖ ਕਾਰਕਾਂ ’ਚੋਂ ਇਕ ਹੈ। (ਪੀਟੀਆਈ)