
Delhi News : ਵਿਆਪਕ ਆਰਥਕ ਭਾਈਵਾਲੀ ਸਮਝੌਤੇ ’ਤੇ ਗੱਲਬਾਤ ਸ਼ੁਰੂ ਕਰਨ ਦਾ ਐਲਾਨ ਕੀਤਾ।
Delhi News in Punjabi : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚਿਲੀ ਦੇ ਰਾਸ਼ਟਰਪਤੀ ਗੈਬਰੀਅਲ ਬੋਰਿਕ ਫੌਂਟ ਨੇ ਵਪਾਰ, ਰੱਖਿਆ, ਮਹੱਤਵਪੂਰਨ ਖਣਿਜਾਂ ਅਤੇ ਸਿਹਤ ਦੇ ਖੇਤਰਾਂ ’ਚ ਸਬੰਧਾਂ ਨੂੰ ਵਧਾਉਣ ’ਤੇ ਕੇਂਦਰਤ ਵਿਆਪਕ ਗੱਲਬਾਤ ਦੌਰਾਨ ਮੰਗਲਵਾਰ ਨੂੰ ਵਿਆਪਕ ਆਰਥਕ ਭਾਈਵਾਲੀ ਸਮਝੌਤੇ ’ਤੇ ਗੱਲਬਾਤ ਸ਼ੁਰੂ ਕਰਨ ਦਾ ਐਲਾਨ ਕੀਤਾ।
ਚਿਲੀ ਨੂੰ ਲਾਤੀਨੀ ਅਮਰੀਕਾ ਵਿਚ ਭਾਰਤ ਦਾ ਇਕ ਮਹੱਤਵਪੂਰਨ ਦੋਸਤ ਅਤੇ ਭਾਈਵਾਲ ਦਸਦੇ ਹੋਏ ਮੋਦੀ ਨੇ ਕਿਹਾ ਕਿ ਆਉਣ ਵਾਲੇ ਦਹਾਕੇ ਵਿਚ ਸਮੁੱਚੇ ਸਹਿਯੋਗ ਨੂੰ ਵਧਾਉਣ ਲਈ ਕਈ ਨਵੀਆਂ ਪਹਿਲਕਦਮੀਆਂ ਦੀ ਪਛਾਣ ਕੀਤੀ ਗਈ ਹੈ। ਬੋਰਿਕ ਮੰਤਰੀਆਂ, ਸੰਸਦ ਮੈਂਬਰਾਂ, ਸੀਨੀਅਰ ਅਧਿਕਾਰੀਆਂ ਅਤੇ ਕਾਰੋਬਾਰੀ ਨੇਤਾਵਾਂ ਦੇ ਉੱਚ ਪੱਧਰੀ ਵਫ਼ਦ ਦੇ ਨਾਲ ਭਾਰਤ ਦੇ ਪੰਜ ਦਿਨਾਂ ਸਰਕਾਰੀ ਦੌਰੇ ’ਤੇ ਹਨ।
ਮੋਦੀ ਨੇ ਕਿਹਾ, ‘‘ਭਾਰਤ ਅਤੇ ਚਿਲੀ ਦੁਨੀਆਂ ਦੇ ਨਕਸ਼ੇ ਦੇ ਵੱਖ-ਵੱਖ ਸਿਰਿਆਂ ’ਤੇ ਹੋ ਸਕਦੇ ਹਨ, ਸਾਨੂੰ ਵੱਖ ਕਰਨ ਵਾਲੇ ਵਿਸ਼ਾਲ ਸਮੁੰਦਰ ਹੋ ਸਕਦੇ ਹਨ, ਪਰ ਕੁਦਰਤ ਨੇ ਸਾਨੂੰ ਵਿਲੱਖਣ ਸਮਾਨਤਾਵਾਂ ਨਾਲ ਜੋੜਿਆ ਹੈ। ਹਿੰਦ ਮਹਾਂਸਾਗਰ ਦੀਆਂ ਲਹਿਰਾਂ ਭਾਰਤ ’ਚ ਉਸੇ ਊਰਜਾ ਨਾਲ ਵਗਦੀਆਂ ਹਨ ਜਿਵੇਂ ਪ੍ਰਸ਼ਾਂਤ ਮਹਾਂਸਾਗਰ ਦੀਆਂ ਲਹਿਰਾਂ ਚਿਲੀ ਦੇ ਤੱਟਾਂ ਨੂੰ ਛੂਹਦੀਆਂ ਹਨ।’’
ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਡਿਜੀਟਲ ਜਨਤਕ ਬੁਨਿਆਦੀ ਢਾਂਚੇ, ਨਵਿਆਉਣਯੋਗ ਊਰਜਾ, ਰੇਲਵੇ, ਪੁਲਾੜ ਅਤੇ ਹੋਰ ਖੇਤਰਾਂ ’ਚ ਚਿਲੀ ਨਾਲ ਅਪਣੇ ਸਕਾਰਾਤਮਕ ਤਜਰਬੇ ਨੂੰ ਸਾਂਝਾ ਕਰਨ ਲਈ ਤਿਆਰ ਹੈ।
ਉਨ੍ਹਾਂ ਕਿਹਾ, ‘‘ਅੱਜ ਅਸੀਂ ਅਪਣੀਆਂ ਟੀਮਾਂ ਨੂੰ ਆਪਸੀ ਲਾਭਕਾਰੀ ਵਿਆਪਕ ਆਰਥਕ ਭਾਈਵਾਲੀ ਸਮਝੌਤੇ ’ਤੇ ਵਿਚਾਰ ਵਟਾਂਦਰੇ ਸ਼ੁਰੂ ਕਰਨ ਦੇ ਹੁਕਮ ਦਿਤੇ ਹਨ।’’ ਮੋਦੀ ਨੇ ਅੱਗੇ ਕਿਹਾ ਕਿ ਮਹੱਤਵਪੂਰਨ ਖਣਿਜਾਂ ਦੇ ਖੇਤਰ ’ਚ ਭਾਰਤ-ਚਿਲੀ ਭਾਈਵਾਲੀ ਨੂੰ ਮਜ਼ਬੂਤ ਕੀਤਾ ਜਾਵੇਗਾ ਅਤੇ ਲਚਕਦਾਰ ਸਪਲਾਈ ਅਤੇ ਮੁੱਲ ਲੜੀ ਸਥਾਪਤ ਕਰਨ ਲਈ ਕੰਮ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਖੇਤੀਬਾੜੀ ਦੇ ਖੇਤਰ ’ਚ ਇਕ ਦੂਜੇ ਦੀਆਂ ਸਮਰੱਥਾਵਾਂ ਨੂੰ ਜੋੜ ਕੇ ਖੁਰਾਕ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਹਿਯੋਗ ਕੀਤਾ ਜਾਵੇਗਾ। ਉਨ੍ਹਾਂ ਕਿਹਾ, ‘‘ਅਸੀਂ ਸੰਗਠਤ ਅਪਰਾਧ, ਨਸ਼ੀਲੇ ਪਦਾਰਥਾਂ ਦੀ ਤਸਕਰੀ, ਅਤਿਵਾਦ ਵਰਗੀਆਂ ਸਾਂਝੀਆਂ ਚੁਨੌਤੀਆਂ ਦਾ ਸਾਹਮਣਾ ਕਰਨ ਲਈ ਦੋਹਾਂ ਦੇਸ਼ਾਂ ਦੀਆਂ ਏਜੰਸੀਆਂ ਵਿਚਾਲੇ ਸਹਿਯੋਗ ਵਧਾਵਾਂਗੇ।’’
ਦੋਹਾਂ ਧਿਰਾਂ ਨੇ ਸਭਿਆਚਾਰਕ ਅਦਾਨ-ਪ੍ਰਦਾਨ ’ਤੇ ਵੀ ਦਸਤਖਤ ਕੀਤੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਚਿਲੀ ਦੇ ਰਾਸ਼ਟਰਪਤੀ ਦੀ ਭਾਰਤ ਯਾਤਰਾ ਨੇ ਸਬੰਧਾਂ ’ਚ ‘ਨਵੀਂ ਊਰਜਾ ਅਤੇ ਉਤਸ਼ਾਹ’ ਪੈਦਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਊਰਜਾ ਸਾਡੇ ਦੁਵਲੇ ਸਬੰਧਾਂ ਦੇ ਨਾਲ-ਨਾਲ ਪੂਰੇ ਲਾਤੀਨੀ ਅਮਰੀਕਾ ਖੇਤਰ ਵਿਚ ਸਾਡੇ ਸਹਿਯੋਗ ਨੂੰ ਨਵੀਂ ਗਤੀ ਅਤੇ ਦਿਸ਼ਾ ਦੇਵੇਗੀ।
(For more news apart from India, Chile agree to start talks for trade agreement News in Punjabi, stay tuned to Rozana Spokesman)