
ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ਦੇ ਗੋਹਾਨਾ ਪਿੰਡ ਤੋਂ ਇਕ 16 ਸਾਲਾ ਲੜਕੀ ਨੂੰ ਬਾਲ ਵਿਆਹ ਲਈ ਮਜਬੂਰ ਕਰਨ ਦੇ ਦੋਸ਼ ਵਿਚ ਪੁਲਿਸ ਨੇ ਸੱਤ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਨਵੀਂ ਦਿੱਲੀ, 30 ਅਪ੍ਰੈਲ : ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ਦੇ ਗੋਹਾਨਾ ਪਿੰਡ ਤੋਂ ਇਕ 16 ਸਾਲਾ ਲੜਕੀ ਨੂੰ ਬਾਲ ਵਿਆਹ ਲਈ ਮਜਬੂਰ ਕਰਨ ਦੇ ਦੋਸ਼ ਵਿਚ ਪੁਲਿਸ ਨੇ ਸੱਤ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਨੋਬਲ ਸ਼ਾਂਤੀ ਪੁਰਸਕਾਰ ਜੇਤੂ ਕੈਲਾਸ਼ ਸਤਿਆਰਥੀ ਦੀ ਐਨਜੀਓ ਬਚਪਨ ਬਚਾਓ ਅੰਦੋਲਨ (ਬੀਬੀਏ) ਦੇ ਯਤਨਾਂ ਨੇ ਉਕਤ ਨਾਬਾਲਗ਼ ਲੜਕੀ ਦੇ ਵਿਆਹ ਨੂੰ ਰੋਕਿਆ। ਹਰਿਆਣਾ ਪੁਲਿਸ ਨੇ ਬਾਲ ਵਿਆਹ ਨੂੰ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਵਿਚ ਸੱਤ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਫ਼ਿਲਹਾਲ ਦੋਸ਼ੀਆਂ ਨੂੰ ਅਪਣੇ ਆਪ ਨੂੰ ਕੋਰੋਨਾ ਦੀ ਲਾਗ ਤੋਂ ਬਚਾਉਣ ਲਈ ਕੁਆਰੰਟੀਨ ਵਿਚ ਰਖਿਆ ਗਿਆ ਹੈ।
ਸੂਤਰਾਂ ਅਨੁਸਾਰ ਇਸ ਬਾਲ ਵਿਆਹ ਬਾਰੇ ਮੁਢਲੀ ਜਾਣਕਾਰੀ 25 ਅਪ੍ਰੈਲ ਨੂੰ ਬਚਪਨ ਬਚਾਉ ਅੰਦੋਲਨ (ਬੀਬੀਏ) ਦੇ ਹਰਿਆਣਾ ਸਥਿਤ ਕਾਰਕੁਨਾਂ ਨੂੰ ਸੂਤਰਾਂ ਤੋਂ ਮਿਲੀ ਸੀ। ਉਸ ਦੀ ਪਹਿਲ ਕਰਦਿਆਂ, ਹਰਿਆਣਾ ਪੁਲਿਸ ਨੇ ਨਵੀਂ ਤਕਨੀਕ ਦੇ ਆਧਾਰ ਉਤੇ ਬਾਲ ਵਿਆਹ ਕਰਵਾਉਣ ਵਾਲੇ ਵਿਅਕਤੀਆਂ ਦੀ ਪਛਾਣ ਕੀਤੀ ਅਤੇ ਫਿਰ ਤੁਰਤ ਕਾਰਵਾਈ ਕਰਦਿਆਂ 27 ਸਾਲਾ ਲਾੜੇ ਸਮੇਤ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ।
ਜਾਣਕਾਰੀ ਦੇ ਅਨੁਸਾਰ ਦਿੱਲੀ ਦੇ ਬੁਰਾੜੀ ਸਥਿਤ ਨੱਥੂਪੁਰਾ ਇਲਾਕੇ ਵਿਚ ਗਰਲਜ਼ ਮਾਡਲ ਸਕੂਲ ਦੀ 10ਵੀਂ ਦੀ ਵਿਦਿਆਰਥਣ ਨੂੰ ਉਸ ਦੇ ਮਾਪਿਆਂ ਨੇ ਵਿਆਹ ਲਈ ਸੋਨੀਪਤ ਵਿਚ ਕਿਸੇ ਅਣਪਛਾਤੇ ਜਗ੍ਹਾ ਭੇਜਿਆ ਸੀ। ਦਿੱਲੀ ਸਥਿਤ ਬੀਬੀਏ ਕਾਰਕੁਨਾਂ ਨੇ ਤੁਰਤ ਲੜਕੀ ਦੀ ਉਮਰ ਅਤੇ ਉਸ ਦੇ ਪਿਤਾ ਦੇ ਮੋਬਾਈਲ ਫ਼ੋਨ ਨੰਬਰ ਦੇ ਦਸਤਾਵੇਜ਼ੀ ਸਬੂਤਾਂ ਦਾ ਛੇਤੀ ਹੀ ਪਤਾ ਲਾ ਲਿਆ। (ਏਜੰਸੀ)