
ਅਦਾਲਤ ਨੇ ਕਲਯੁੱਗੀ ਪਿਓ ਨੂੰ ਸੁਣਾਈ ਉਮਰ ਕੈਦ ਦੀ ਸਜ਼ਾ
Kerala News : ਕੇਰਲ ਤੋਂ ਇਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਇੱਥੇ ਇੱਕ ਕਲਯੁੱਗੀ ਬਾਪ ਨੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ। ਉਸ ਨੇ ਆਪਣੀ ਛੇ ਸਾਲਾ ਨਾਬਾਲਗ ਧੀ ਦਾ ਵਾਰ-ਵਾਰ ਜਿਨਸੀ ਸ਼ੋਸ਼ਣ ਕੀਤਾ। ਹਾਲਾਂਕਿ ਹੁਣ ਅਦਾਲਤ ਨੇ ਇਸ ਅਪਰਾਧ ਲਈ ਇੱਕ ਵਿਅਕਤੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਤਿਰੂਵਨੰਤਪੁਰਮ ਫਾਸਟ ਟ੍ਰੈਕ ਸਪੈਸ਼ਲ ਕੋਰਟ (FTSC) ਦੀ ਜੱਜ ਆਰ ਰੇਖਾ ਨੇ POCSO ਐਕਟ ਦੇ ਤਹਿਤ ਵਿਅਕਤੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ।
21 ਸਾਲ ਦੀ ਸਜ਼ਾ
ਵਿਸ਼ੇਸ਼ ਸਰਕਾਰੀ ਵਕੀਲ (ਐਸਪੀਪੀ) ਆਰਐਸ ਵਿਜੇ ਮੋਹਨ ਨੇ ਮੰਗਲਵਾਰ ਨੂੰ ਵਿਅਕਤੀ ਨੂੰ ਸੁਣਾਈ ਗਈ ਸਜ਼ਾ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਪਿਤਾ ਨੂੰ ਇਸ ਤੋਂ ਇਲਾਵਾ ਜਿਨਸੀ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ ਐਕਟ (ਪੋਕਸੋ) ਅਤੇ ਆਈਪੀਸੀ ਦੀਆਂ ਵੱਖ-ਵੱਖ ਧਾਰਾਵਾਂ ਦੇ ਤਹਿਤ ਕੁੱਲ 21 ਸਾਲ ਦੀ ਅਲੱਗ -ਅਲੱਗ ਸਜ਼ਾ ਸੁਣਾਈ ਗਈ ਹੈ।
ਇੰਨਾ ਜੁਰਮਾਨਾ ਵੀ ਲੱਗਿਆ
ਐਸਪੀਪੀ ਨੇ ਅੱਗੇ ਦੱਸਿਆ ਕਿ ਇਸ ਤੋਂ ਇਲਾਵਾ ਅਦਾਲਤ ਨੇ 40 ਸਾਲਾ ਵਿਅਕਤੀ ਨੂੰ 90 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਕੀਤਾ ਹੈ। ਉਨ੍ਹਾਂ ਦੱਸਿਆ ਕਿ ਹਾਲਾਂਕਿ, ਸਜ਼ਾ ਨਾਲ -ਨਾਲ ਕੱਟਣੀ ਹੋਵੇਗੀ, ਇਸ ਲਈ ਵਿਅਕਤੀ ਉਮਰ ਭਰ ਜੇਲ੍ਹ ਦੀ ਸਜ਼ਾ ਕੱਟੇਗਾ। ਉਨ੍ਹਾਂ ਕਿਹਾ ਕਿ ਉਹ ਵਿਅਕਤੀ ਪਿਤਾ ਦੇ ਨਾਂ 'ਤੇ ਦਾਗ ਹੈ। ਜਿਸ ਪਿਤਾ ਨੇ ਆਪਣੀ ਧੀ ਦੀ ਰੱਖਿਆ ਕਰਨੀ ਸੀ, ਉਸ ਨੇ ਦਰਿੰਦਗੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ। ਵਿਅਕਤੀ ਨੇ ਘਿਨੌਣਾ ਅਪਰਾਧ ਕੀਤਾ ਹੈ।
ਕੀ ਹੈ ਮਾਮਲਾ
ਜ਼ਿਕਰਯੋਗ ਹੈ ਕਿ ਇਹ ਘਟਨਾ ਜੁਲਾਈ 2023 'ਚ ਵਾਪਰੀ ਸੀ, ਜਦੋਂ ਪੀੜਤਾ ਦੀ ਮਾਂ ਖਾੜੀ ਖੇਤਰ 'ਚ ਕੰਮ ਕਰ ਰਹੀ ਸੀ। ਇਸ ਦੌਰਾਨ ਲੜਕੀ ਆਪਣੇ ਪਿਤਾ ਅਤੇ ਦਾਦੀ ਦੇ ਘਰ ਰਹਿ ਰਹੀ ਸੀ। ਐਸਪੀਪੀ ਨੇ ਕਿਹਾ ਕਿ ਜਦੋਂ ਲੜਕੀ ਆਪਣੇ ਪਿਤਾ ਨਾਲ ਰਹਿ ਰਹੀ ਸੀ ਤਾਂ ਉਸ ਦਾ ਜਿਨਸੀ ਸ਼ੋਸ਼ਣ ਕੀਤਾ ਗਿਆ। ਲੜਕੀ ਮੁਤਾਬਕ ਉਸ ਦਾ ਪਿਤਾ ਉਸ ਨੂੰ ਮੋਬਾਈਲ ਫੋਨ ਦਿਖਾਉਣ ਦਾ ਵਾਅਦਾ ਕਰਕੇ ਕਮਰੇ ਅੰਦਰ ਲੈ ਗਿਆ ਅਤੇ ਫਿਰ ਲੜਕੀ ਦਾ ਜਿਨਸੀ ਸ਼ੋਸ਼ਣ ਕੀਤਾ।
ਸਰਕਾਰੀ ਵਕੀਲ ਨੇ ਦੱਸਿਆ ਕਿ ਜਦੋਂ ਲੜਕੀ ਨੂੰ ਦਰਦ ਹੋਣ ਲੱਗਾ ਤਾਂ ਉਸ ਨੇ ਆਪਣੀ ਦਾਦੀ ਨੂੰ ਦੱਸਿਆ, ਜੋ ਉਸ ਨੂੰ ਡਾਕਟਰ ਕੋਲ ਲੈ ਗਈ। ਲੜਕੀ ਨੇ ਡਾਕਟਰ ਨੂੰ ਦੱਸਿਆ ਕਿ ਉਸ ਨਾਲ ਕੀ ਹੋਇਆ ਹੈ। ਡਾਕਟਰ ਨੇ ਤੁਰੰਤ ਪੁਲਿਸ ਨੂੰ ਸ਼ਿਕਾਇਤ ਕੀਤੀ। ਸਰਕਾਰੀ ਵਕੀਲ ਨੇ ਕਿਹਾ ਕਿ ਪੀੜਤ ਦੀ 15 ਸਾਲਾ ਭੈਣ ਨੇ ਵੀ ਅਦਾਲਤ ਵਿੱਚ ਗਵਾਹੀ ਦਿੱਤੀ ਕਿ ਜਦੋਂ ਉਸਦਾ ਪਿਤਾ ਸ਼ਰਾਬ ਪੀ ਕੇ ਘਰ ਆਉਂਦਾ ਸੀ ਤਾਂ ਗਲਤ ਵਿਵਹਾਰ ਕਰਦਾ ਸੀ। ਐਸਪੀਪੀ ਨੇ ਕਿਹਾ ਕਿ ਇਸ ਕੇਸ ਦੀ ਸੁਣਵਾਈ ਇਸ ਸਾਲ 29 ਮਾਰਚ ਨੂੰ ਸ਼ੁਰੂ ਹੋਈ ਸੀ ਅਤੇ ਇੱਕ ਮਹੀਨੇ ਦੇ ਅੰਦਰ ਪੂਰੀ ਹੋ ਗਈ।