
ਅਮਰੀਕਾ 'ਚ ਫਸੇ 85 ਭਾਰਤੀਆਂ ਦੇ ਸਮੂਹ ਨੇ ਭਾਰਤ ਸਰਕਾਰ ਨੂੰ ਕੀਤੀ ਅਪੀਲ
ਵਾਸ਼ਿੰਗਟਨ, 31 ਮਈ : ਕੋਰੋਨਾ ਵਾਇਰਸ ਲਾਗ ਨੂੰ ਕਾਬੂ ਕਰਨ ਲਈ ਲਾਗੂ ਯਾਤਰਾ ਪਾਬੰਦੀਆਂ ਕਾਰਨ ਅਮਰੀਕਾ ਵਿਚ ਫਸੇ 85 ਭਾਰਤੀਆਂ ਦੇ ਇਕ ਸਮੂਹ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ। ਇਸ ਅਪੀਲ ਵਿਚ ਭਾਰਤੀਆਂ ਨੇ ਕਿਹਾ ਹੈ ਕਿ ਅਮਰੀਕੀ ਨਾਗਰਿਕਤਾ ਅਤੇ ਵੈਧ ਭਾਰਤੀ ਵੀਜ਼ਾ ਰਖਣ ਵਾਲੇ ਉਹਨਾਂ ਦੇ ਨਾਬਾਲਗ ਬੱਚਿਆਂ ਨੂੰ ਵੀ ਉਹਨਾਂ ਦੇ ਨਾਲ ਭਾਰਤ ਦੀ ਯਾਤਰਾ ਕਰਨ ਦੀ ਇਜਾਜ਼ਤ ਦਿਤੀ ਜਾਵੇ।
ਕੋਰੋਨਾ ਵਾਇਰਸ ਗਲੋਬਲ ਮਹਾਂਮਾਰੀ ਕਾਰਨ ਲਾਗੂ ਸਖ਼ਤ ਯਾਤਰਾ ਪਾਬੰਦੀਆਂ ਦੇ ਕਾਰਨ ਪ੍ਰਵਾਸੀ ਭਾਰਤੀ ਨਾਗਰਿਕਾਂ (ਓ.ਸੀ.ਆਈ.) ਕਾਰਡਧਾਰਕਾਂ ਦੀਆਂ ਕੁਝ ਸ਼੍ਰੇਣੀਆਂ ਨੂੰ ਛੱਡ ਕੇ ਗ਼ੈਰ ਭਾਰਤੀ ਨਾਗਰਿਕਾਂ ਨੂੰ ਭਾਰਤ ਵਿਚ ਦਾਖ਼ਲ ਹੋਣ ਦੀ ਇਜਾਜ਼ਤ ਨਹੀਂ ਹੈ। ਭਾਰਤੀ ਮਾਪਿਆਂ ਦੇ ਇਕ ਸਮੂਹ ਨੇ ਸਨਿਚਰਵਾਰ ਨੂੰ ਵਿਦੇਸ਼ ਮੰਤਰਾਲੇ, ਭਾਰਤੀ ਦੂਤਾਵਾਸ ਅਤੇ ਅਮਰੀਕਾ ਵਿਚ ਉਸ ਦੇ ਡਿਪਲੋਮੈਟਿਕ ਮਿਸ਼ਨਾਂ ਨੂੰ ਚਿੱਠੀ ਲਿਖ ਕੇ ਭਾਰਤ ਵਾਪਸ ਜਾਣ ਦੀ ਇੱਛਾ ਜ਼ਾਹਰ ਕੀਤੀ ਅਤੇ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਅਮਰੀਕੀ ਨਾਗਰਿਕਤਾ ਰਖਣ ਵਾਲੇ ਉਹਨਾਂ ਦੇ ਨਾਬਾਲਗ ਬੱਚਿਆਂ ਨੂੰ ਵੀ ਉਹਨਾਂ ਦੇ ਨਾਲ ਯਾਤਰਾ ਦੀ ਇਜਾਜ਼ਤ ਦਿਤੀ ਜਾਵੇ।
File photo
ਇਸ ਉਦੇਸ਼ ਨਾਲ ਵਟਸਐਪ ਅਤੇ ਫੇਸਬੁੱਕ 'ਤੇ ਜੁੜਨ ਵਾਲੇ ਇਹਨਾਂ ਮਾਪਿਆਂ ਦੇ ਬੱਚਿਆਂ ਦਾ ਜਨਮ ਅਮਰੀਕਾ ਵਿਚ ਹੋਇਆ ਹੈ ਇਸ ਲਈ ਉਹ ਅਮਰੀਕੀ ਨਾਗਰਿਕ ਹਨ ਅਤੇ ਉਹਨਾਂ ਕੋਲ ਓ.ਸੀ.ਆਈ. ਕਾਰਡ ਨਹੀਂ ਹੈ। ਇਸ ਚਿੱਠੀ 'ਤੇ 85 ਲੋਕਾਂ ਦੇ ਦਸਤਖ਼ਤ ਹਨ ਪਰ ਜੇਕਰ ਉਹਨਾਂ ਦੇ ਜੀਵਨਸਾਥੀਆਂ ਅਤੇ ਬੱਚਿਆਂ ਨੂੰ ਵੀ ਗਿਣਿਆ ਜਾਵੇ ਤਾਂ ਅਮਰੀਕਾ ਵਿਚ ਫਸੇ ਅਤੇ ਭਾਰਤ ਆਉਣ ਦੀ ਇੱਛਾ ਰਖਣ ਵਾਲੇ ਇਹਨਾਂ ਲੋਕਾਂ ਦੀ ਗਿਣਤੀ 250 ਤੋਂ ਵਧੇਰੇ ਹੈ।
(ਪੀਟੀਆਈ)
ਮਾਪਿਆਂ ਨੇ ਕਿਹਾ, ਅਮਰੀਕਾ 'ਚ ਅਪਣੇ ਬੱਚਿਆਂ ਨੂੰ ਕਿਵੇਂ ਇਕੱਲੇ ਛੱਡ ਕੇ ਜਾਈਏ
ਮਾਪਿਆਂ ਨੇ ਲਿਖਿਆ,''ਅਸੀਂ ਤੁਹਾਨੂੰ ਨਿਮਰਤਾ ਨਾਲ ਬੇਨਤੀ ਕਰਦੇ ਹਾਂ ਕਿ ਉਹਨਾਂ ਨਾਬਾਲਗਾਂ ਨੂੰ ਵੀ ਭਾਰਤ ਦੀ ਯਾਤਰਾ ਦੀ ਇਜਾਜ਼ਤ ਦਿਤੀ ਜਾਵੇ ਜੋ ਅਮਰੀਕੀ ਨਾਗਰਿਕ ਹਨ ਅਤੇ ਜਿਹਨਾਂ ਕੋਲ ਵੈਧ ਭਾਰਤੀ ਵੀਜ਼ਾ ਹੈ।'' ਉਹਨਾਂ ਕਿਹਾ,''ਸਾਨੂੰ ਪੂਰਾ ਭਰੋਸਾ ਹੈ ਕਿ ਭਾਰਤ ਸਰਕਾਰ ਪੂਰੀ ਤਰ੍ਹਾਂ ਅਚਾਨਕ ਅਤੇ ਸਾਡੇ ਕੰਟਰੋਲ ਤੋਂ ਬਾਹਰ ਕਾਰਨਾਂ ਕਾਰਨ ਸਾਡੇ ਨਾਲ ਵਿਤਕਰਾ ਨਹੀਂ ਕਰੇਗੀ।'' ਮਾਪਿਆਂ ਨੇ ਕਿਹਾ,'' 'ਵੰਦੇ ਭਾਰਤ' ਮੁਹਿੰਮ ਦੇ ਤਹਿਤ ਭਾਰਤ ਪਰਤ ਰਹੇ ਸਾਡੇ ਸਾਥੀ ਭਾਰਤੀ ਨਾਗਰਿਕਾਂ ਵਾਂਗ ਸਾਡੇ ਕੋਲ ਵੀ ਭਾਰਤ ਪਰਤਣ ਦੇ ਵੈਧ ਕਾਰਨ ਹਨ ਪਰ ਅਸੀਂ ਇਸ ਲਈ ਭਾਰਤ ਨਹੀਂ ਜਾ ਸਕਦੇ ਕਿਉਂਕਿ ਅਪਣੇ ਨਾਬਾਲਗ ਬੱਚਿਆਂ ਨੂੰ ਅਸੀਂ ਅਮਰੀਕਾ ਵਿਚ ਇਕੱਲੇ ਨਹੀਂ ਛੱਡ ਸਕਦੇ।''