ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਵਰੋਸਾਏ ਸਿੱਖਾਂ ਵਲੋਂ ਸਿੱਖੀ ਸਰੂਪ ਸੰਭਾਲ ਕੇ ਰੱਖਣਾ ਮਾਣ ਵਾਲੀ ਗੱਲ : ਗਿਆਨੀ ਹਰਪ੍ਰੀਤ ਸਿੰਘ
ਅੰਮ੍ਰਿਤਸਰ : ਝਾਰਖੰਡ ਦੇ ਜ਼ਿਲ੍ਹਾ ਚਤਰਾ ਦੇ ਸਿੱਖ ਆਬਾਦੀ ਵਾਲੇ ਦੋ ਪਿੰਡ ਕੇਦੁਲੀ ਅਤੇ ਡੂੰਮਰੀ ਕਲਾਂ ‘ਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਇਆ ਗਿਆ, ਜਿਸ ਵਿਚ ਸ਼ਾਮਿਲ ਹੋਣ ਲਈ ਉਚੇਚੇ ਤੌਰ 'ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਪਹੁੰਚੇ।
ਪਿੰਡ ਕੇਦੁਲੀ ਅਤੇ ਡੂੰਮਰੀ ਕਲਾਂ, ਉਹ ਪਿੰਡ ਹਨ, ਜਿੱਥੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਚਾਰ ਦੌਰੇ ਦੌਰਾਨ ਸਜੇ ਸਿੱਖਾਂ ਦੀ ਅਬਾਦੀ ਹੈ। ਪਿੰਡ ਕੇਦੁਲੀ ‘ਚ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਅਤੇ ਇੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪੁਰਾਤਨ ਹੱਥਲਿਖਤ ਪਾਵਨ ਸਰੂਪ ਵੀ ਸੁਸ਼ੋਭਿਤ ਹੈ। ਗੁਰਦੁਆਰਾ ਸਾਹਿਬ ਵਿਚ ਨਿਤਾਪ੍ਰਤੀ ਮਰਿਆਦਾ ਪਿੰਡ ਦੇ ਨੌਜਵਾਨ ਮੁੰਡੇ ਅਤੇ ਕੁੜੀਆਂ ਹੀ ਨਿਭਾਉਂਦੇ ਹਨ। ਗੁਰਬਾਣੀ ਪਾਠ ਤੇ ਕੀਰਤਨ ਇਹ ਨੌਜਵਾਨ ਕਰਦੇ ਹਨ। ਖਾਸ ਗੱਲ ਇਹ ਹੈ ਕਿ ਦੋਵਾਂ ਪਿੰਡਾਂ ਦੇ ਸਾਰੇ ਸਿੱਖ ਨੌਜਵਾਨ ਸਾਬਤ ਸੂਰਤ ਹਨ। ਕਿਰਤ ਕਰਕੇ ਆਪਣਾ ਨਿਭਾਅ ਕਰਨ ਵਾਲੇ ਇਹ ਸਿੱਖ ਸਿੱਖੀ ਰਹੁ-ਰੀਤਾਂ ਦੇ ਧਾਰਨੀ ਹਨ।
ਪਿੰਡ ਕੇਦੁਲੀ ਪਹੁੰਚੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ, ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਮੋਹਨ ਸਿੰਘ ਬੰਗੀ ਤੇ ਗੁਰਪ੍ਰੀਤ ਸਿੰਘ ਝੱਬਰ ਦੋਵੇਂ ਮੈਂਬਰ ਸ਼੍ਰੋਮਣੀ ਕਮੇਟੀ, ਧਰਮ ਪ੍ਰਚਾਰ ਕਮੇਟੀ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਜਨਰਲ ਸਕੱਤਰ ਇੰਦਰਜੀਤ ਸਿੰਘ, ਚੇਅਰਮੈਨ ਲਖਵਿੰਦਰ ਸਿੰਘ ਲੱਖਾ ਅਤੇ ਸੂਰਤ ਸਿੰਘ ਨਲਵਾ ਤੋਂ ਇਲਾਵਾ ਸਾਸਾਰਾਮ, ਟਾਟਾਨਗਰ ਤੇ ਦੁਰਗਾਪੁਰ ਦੇ ਵੱਡੀ ਗਿਣਤੀ ਪਤਵੰਤੇ ਸਿੱਖਾਂ ਨੇ ਸ਼ਮੂਲੀਅਤ ਕੀਤੀ। ਦੋਵਾਂ ਪਿੰਡਾਂ ਦੇ ਸਿੱਖਾਂ ਨੇ ਸਿੰਘ ਸਾਹਿਬਾਨ ਦਾ ਇੱਥੇ ਪੁੱਜਣ ‘ਤੇ ਸਨਮਾਨ ਕੀਤਾ।
ਇਸ ਮੌਕੇ ਸਮਾਗਮ ਨੂੰ ਸੰਬੋਧਨ ਕਰਦਿਆਂ ਜਿੱਥੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਇਨ੍ਹਾਂ ਪਿੰਡਾਂ ਦੇ ਸਿੱਖਾਂ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਵਲੋਂ ਬਖ਼ਸ਼ੀ ਸਿੱਖੀ ਨੂੰ ਸੰਭਾਲਣ ‘ਤੇ ਪ੍ਰਸੰਸਾ ਕੀਤੀ ਉੱਥੇ ਸ਼੍ਰੋਮਣੀ ਕਮੇਟੀ ਵਲੋਂ ਦੋਵਾਂ ਪਿੰਡਾਂ ਲਈ ਢਾਈ- ਢਾਈ ਲੱਖ ਰੁਪਏ ਦੀ ਸਹਾਇਤਾ ਦੇਣ ਦਾ ਐਲਾਨ ਵੀ ਕੀਤਾ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਪੰਜਾਬ ਤੋਂ ਬਾਹਰਲੇ ਸਿੱਖਾਂ ਦਾ ਸ਼ੁਰੂ ਤੋਂ ਗੁਰੂ ਗ੍ਰੰਥ-ਗੁਰੂ ਪੰਥ ਨਾਲ ਵਿਸ਼ੇਸ਼ ਸਨੇਹ ਰਿਹਾ ਹੈ। ਗੁਰੂ ਸਾਹਿਬਾਨ ਵੀ ਪੰਜਾਬੋਂ ਦੂਰ ਰਹਿਣ ਵਾਲੇ ਸਿੱਖਾਂ ਨਾਲ ਡੂੰਘਾ ਪਿਆਰ ਰੱਖਦੇ ਰਹੇ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਸਮੁੱਚੇ ਵਿਸ਼ਵ ‘ਚ ਵੱਸਦੇ ਸਿੱਖਾਂ ਦਾ ਘਰ ਹੈ ਅਤੇ ਕਿਸੇ ਵੀ ਔਖੇ-ਭਾਰੇ ਸਮੇਂ ਪੰਜਾਬੋਂ ਬਾਹਰਲੇ ਸਿੱਖਾਂ ਦੀ ਇਮਦਾਦ ਕਰਨਾ ਪੰਜਾਬ ਦੇ ਸਿੱਖਾਂ ਤੇ ਸਿੱਖ ਸੰਸਥਾਵਾਂ ਦਾ ਮੁੱਢਲਾ ਫਰਜ ਹੈ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ਼੍ਰੋਮਣੀ ਕਮੇਟੀ ਪੰਜਾਬ ਤੋਂ ਬਾਹਰਲੇ ਸੂਬਿਆਂ ਵਿਚ ਵੱਸੇ ਸਿੱਖਾਂ ਦੇ ਹਿਤਾਂ ਦੀ ਰਖਵਾਲੀ ਲਈ ਹਮੇਸ਼ਾ ਅਗਵਾਈ ਕਰਦੇ ਰਹੇ ਹਨ ਅਤੇ ਕਰਦੇ ਰਹਿਣਗੇ।
ਇਸ ਤੋਂ ਪਹਿਲਾਂ ਸਮਾਗਮ ਵਿਚ ਸ਼ਾਮਲ ਹੋਣ ਲਈ ਪੁੱਜਣ ‘ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦਾ ਦੋਵੇਂ ਪਿੰਡਾਂ ਦੇ ਸਿੱਖ ਨੌਜਵਾਨਾਂ ਨੇ ਗੱਡੀਆਂ, ਆਟੋ ਰਿਕਸ਼ਿਆਂ ਅਤੇ ਮੋਟਰ ਸਾਈਕਲਾਂ ‘ਤੇ ਸਵਾਰ ਹੋ ਕੇ ਵਿਸ਼ਾਲ ਕਾਫਲੇ ਦੇ ਨਾਲ ਭਰਵਾਂ ਸਵਾਗਤ ਕੀਤਾ।
ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਇੱਥੇ ਸ਼ੁਸ਼ੋਭਿਤ ਪੁਰਾਤਨ ਹੱਥਲਿਖਤ ਪਾਵਨ ਸਰੂਪ ਤੋਂ ਹੁਕਮਨਾਮਾ ਸਾਹਿਬ ਸੰਗਤ ਨੂੰ ਸਰਵਣ ਕਰਵਾਇਆ।