
ਰਾਸ਼ਟਰਪਤੀ ਨੂੰ ਮਿਲਣਗੇ ਕਿਸਾਨ ਆਗੂ, ਚਰਚਾ ਮਗਰੋਂ ਪਾਸ ਹੋਵੇਗਾ ਮਤਾ
ਮੁਜੱਫ਼ਰਨਗਰ: ਪਹਿਲਵਾਨਾਂ ਅਤੇ ਭਾਰਤੀ ਕੁਸ਼ਤੀ ਮਹਾਸੰਘ ਦੇ ਪ੍ਰਧਾਨ ਬਿ੍ਰਜਭੂਸ਼ਣ ਸ਼ਰਣ ਸਿੰਘ ਵਿਚਕਾਰ ਚਲ ਰਹੇ ਟਕਰਾਅ ਦੌਰਾਨ ਵੀਰਵਾਰ ਨੂੰ ਸ਼ੋਰਮ ਪਿੰਡ ’ਚ ਖਾਪ ਮਹਾਪੰਚਾਇਤ ਸ਼ੁਰੂ ਹੋਈ।
ਭਾਰਤੀ ਕਿਸਾਨ ਯੂਨੀਅਨ ਦੇ ਇਕ ਆਗੂ ਨੇ ਕਿਹਾ ਕਿ ਭਾਰਤੀ ਕੁਸ਼ਤੀ ਮਹਾਸੰਘ ਦੇ ਪ੍ਰਧਾਨ ਵਿਰੁਧ ਜਿਨਸੀ ਸੋਸ਼ਣ ਦੇ ਇਲਜ਼ਾਮਾਂ ਨੂੰ ਲੈ ਕੇ ਚਲ ਰਹੇ ਪਹਿਲਵਾਨਾਂ ਦੇ ਵਿਰੋਧ ’ਤੇ ਚਰਚਾ ਮਗਰੋਂ ਖਾਪ ਅਪਣਾ ਮਤਾ ਪਾਸ ਕਰੇਗੀ।
ਖਾਪ ਮਹਾਪੰਚਾਇਤ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਵੀਰਵਾਰ ਨੂੰ ਕਿਹਾ ਕਿ ਖਾਪ ਮਹਾਂਪੰਚਾਇਤ ਦੇ ਮੈਂਬਰ ਔਰਤ ਪਹਿਲਵਾਨਾਂ ਦੇ ਜਿਨਸੀ ਸੋਸ਼ਣ ਦੇ ਦੋਸ਼ ਦਾ ਸਾਹਮਦਾ ਕਰ ਰਹੇ ਭਾਜਪਾ ਦੇ ਸੰਸਦ ਮੈਂਬਰ ਬਿ੍ਰਜਭੂਸ਼ਣ ਸ਼ਰਣ ਸਿੰਘ ਵਿਰੁਧ ਕਾਰਵਾਈ ਦੀ ਮੰਗ ਨੂੰ ਲੈ ਕੇ ਰਾਸ਼ਟਰਪਤੀ ਦ੍ਰੌਪਤੀ ਮੁਰਮੂ ਨਾਲ ਮੁਲਾਕਾਤ ਕਰਨਗੇ।
ਉਨ੍ਹਾਂ ਕਿਹਾ ਕਿ ਜੇਕਰ ਰਾਸ਼ਟਰਪਤੀ ਅਤੇ ਸਰਕਾਰ ਨਾਲ ਮੁਲਾਕਾਤ ਮਗਰੋਂ ਭਾਰਤੀ ਕੁਸ਼ਤੀ ਮਹਾਸੰਘ ਦੇ ਪ੍ਰਧਾਨ ਵਿਰੁਧ ਕਾਰਵਾਈ ’ਤੇ ਕੋਈ ਫ਼ੈਸਲਾ ਨਹੀਂ ਹੁੰਦਾ ਤਾਂ ਮਹਾਪੰਚਾਇਤ ਅਗਲਾ ਕਦਮ ਚੁੱਕੇਗੀ।
ਉਨ੍ਹਾਂ ਕਿਹਾ ਕਿ ਸ਼ੁਕਰਵਾਰ ਨੂੰ ਕੁਰੂਕਸ਼ੇਤਰ ’ਚ ਮਹਾਪੰਚਾਇਤ ਦੀ ਬੈਠਕ ’ਚ ਇਸ ਮੁੱਦੇ ’ਤੇ ਅੱਗੇ ਚਰਚਾ ਕੀਤੀ ਜਾਵੇਗੀ।
ਬਾਲਿਆਨ ਖਾਪ ਦੇ ਮੁਖੀ ਅਤੇ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਨਰੇਸ਼ ਟਿਕੈਤ ਨੇ ਇਹ ਖਾਪ ਮਹਾਪੰਚਾਇਤ ਸੱਦੀ ਹੈ ਜਿਸ ’ਚ ਪੰਜਾਬ, ਹਰਿਆਣਾ, ਰਾਜਸਥਾਨ ਅਤੇ ਦਿੱਲੀ ਤੋਂ ਖਾਪਾਂ ਦੇ ਮੁਖੀ ਹਿੱਸਾ ਲੈ ਰਹੇ ਹਨ।
ਦਿੱਲੀ ਪੁਲਿਸ ਨੇ ਬਿ੍ਰਜਭੂਸ਼ਣ ਵਿਰੁਧ ਦੋ ਐਫ਼.ਆਈ.ਆਰ. ਦਰਜ ਕੀਤੀਆਂ ਹਨ ਜਿਨ੍ਹਾਂ ’ਚ ਪਹਿਲੀ ਇਕ ਨਾਬਾਲਗ ਪਹਿਲਵਾਨ ਦੇ ਇਲਜ਼ਾਮਾਂ ਦੇ ਆਧਾਰ ’ਤੇ ਪੋਕਸੋ (ਬਾਲ ਜਿਨਸੀ ਅਪਰਾਧਾਂ ਤੋਂ ਸੁਰਖਿਆ) ਤਹਿਤ ਦਰਜ ਕੀਤੀ ਗਈ ਹੈ। ਦੂਜੀ ਐਫ਼.ਆਈ.ਆਰ. ’ਚ ਸ਼ੀਲਭੰਗ ਕਰਨ ਸਬੰਧੀ ਇਲਜ਼ਾਮ ਲਾਏ ਹਨ।
ਮੰਗਲਵਾਰ ਨੂੰ ਓਲੰਪਿਕ ਤਮਗਾ ਜੇਤੂ ਸਾਕਸ਼ੀ ਮਲਿਕ, ਬਜਰੰਗ ਪੂਨੀਆ ਅਤੇ ਏਸ਼ੀਆਈ ਖੇਡਾਂ ਦੀ ਸੋਨ ਤਮਗਾ ਜੇਤੂ ਵਿਨੇਸ਼ ਫੋਗਾਟ ਵਿਰੋਧ ਵਜੋਂ ਹਰ ਕੀ ਪੌੜੀ ਪਹੁੰਚੇ। ਹਾਲਾਂਕਿ ਕਈ ਖਾਪ ਅਤੇ ਸਿਆਸੀ ਆਗੂਆਂ ਵਲੋਂ ਇਹ ਕਦਮ ਨਾ ਚੁੱਕੇ ਜਾਣ ਦੀ ਅਪੀਲ ਕਰਨ ’ਤੇ ਉਹ ਵਾਪਸ ਪਰਤ ਆਏ।
ਬੁਧਵਾਰ ਨੂੰ ਬਿ੍ਰਜਭੂਸ਼ਣ ਨੇ ਕਿਹਾ ਸੀ ਕਿ ਉਨ੍ਹਾਂ ਵਿਰੁਧ ਇਕ ਵੀ ਦੋਸ਼ ਸਾਬਤ ਹੁੰਦਾ ਹੈ ਤਾਂ ਉਹ ਖ਼ੁਦ ਨੂੰ ਫਾਂਸੀ ’ਤੇ ਲਟਕਾ ਦੇਣਗੇ।