
ਭੁਟਾਵੀ ਨੇ ਪੰਜਾਬ ਸੂਬੇ ਦੇ ਮੁਰੀਦਕੇ ਵਿਚ ਲਸ਼ਕਰ-ਏ-ਤਇਬਾ ਦਾ ਹੈੱਡਕੁਆਰਟਰ ਸਥਾਪਿਤ ਕੀਤਾ ਸੀ।
ਮੁੰਬਈ - ਮੁੰਬਈ ਅਤਿਵਾਦੀ ਹਮਲਿਆਂ (2008) ਦੇ ਹਮਲਾਵਰਾਂ ਨੂੰ ਸਿਖ਼ਲਾਈ ਦੇਣ ਵਾਲੇ ਲਸ਼ਕਰ-ਏ-ਤਇਬਾ ਦੇ ਅਤਿਵਾਦੀ ਹਾਫਿਜ਼ ਅਬਦੁਲ ਸਲਾਮ ਭੁਟਾਵੀ ਦੀ ਪਾਕਿਸਤਾਨ ਦੇ ਪੰਜਾਬ ਸੂਬੇ ਦੀ ਜੇਲ੍ਹ ਵਿਚ ਮੌਤ ਹੋ ਗਈ ਹੈ। ਜ਼ਿਕਰਯੋਗ ਹੈ ਕਿ ਭੁਟਾਵੀ ਨੂੰ ਸੰਯੁਕਤ ਰਾਸ਼ਟਰ ਨੇ ਅਤਿਵਾਦੀ ਐਲਾਨਿਆ ਸੀ ਤੇ ਉਸ ਨੇ ਹੀ 2008 ਦੇ ਮੁੰਬਈ ਹਮਲਿਆਂ ਲਈ ਲਸ਼ਕਰ ਦੇ ਦਹਿਸ਼ਤਗਰਦਾਂ ਨੂੰ ਤਿਆਰ ਕੀਤਾ ਸੀ। ਉਹ ਕਰੀਬ ਦੋ ਮੌਕਿਆਂ ’ਤੇ ਲਸ਼ਕਰ ਦਾ ਮੁਖੀ ਵੀ ਰਹਿ ਚੁੱਕਾ ਸੀ। ਅਬਦੁਲ ਸਲਾਮ ਅਤਿਵਾਦ ਲਈ ਵਿੱਤ ਦਾ ਪ੍ਰਬੰਧ ਕਰਨ ਦੇ ਕੇਸ ਵਿਚ ਸਜ਼ਾ ਭੁਗਤ ਰਿਹਾ ਸੀ।
ਭੁਟਾਵੀ ਨੇ ਪੰਜਾਬ ਸੂਬੇ ਦੇ ਮੁਰੀਦਕੇ ਵਿਚ ਲਸ਼ਕਰ-ਏ-ਤਇਬਾ ਦਾ ਹੈੱਡਕੁਆਰਟਰ ਸਥਾਪਿਤ ਕੀਤਾ ਸੀ। ਉਹ ਪਾਬੰਦੀਸ਼ੁਦਾ ਸੰਗਠਨ ਜਮਾਤ-ਉਦ-ਦਾਵਾ ਦੇ ਮੁਖੀ ਤੇ ਮੁੰਬਈ ਹਮਲਿਆਂ ਦੇ ਸਾਜ਼ਿਸ਼ਕਰਤਾ ਹਾਫਿਜ਼ ਸਈਦ ਦਾ ਡਿਪਟੀ ਸੀ। ਜ਼ਿਕਰਯੋਗ ਹੈ ਕਿ ਲਸ਼ਕਰ ਅਤਿਵਾਦੀ ਜਥੇਬੰਦੀ ਜਮਾਤ-ਉਦ-ਦਾਵਾ ਅਧੀਨ ਹੀ ਕੰਮ ਕਰਦੀ ਹੈ। ਭੁਟਾਵੀ (77) ਅਕਤੂਬਰ 2019 ਤੋਂ ਸ਼ੇਖੂਪੁਰਾ ਦੀ ਜ਼ਿਲ੍ਹਾ ਜੇਲ੍ਹ ਵਿਚ ਸੀ ਜੋ ਕਿ ਲਾਹੌਰ ਤੋਂ ਕਰੀਬ 60 ਕਿਲੋਮੀਟਰ ਦੂਰ ਹੈ। ਵੇਰਵਿਆਂ ਮੁਤਾਬਕ 29 ਮਈ ਨੂੰ ਉਸ ਨੇ ਛਾਤੀ ਵਿਚ ਗੰਭੀਰ ਦਰਦ ਦੀ ਸ਼ਿਕਾਇਤ ਕੀਤੀ ਸੀ ਤੇ ਉਸ ਨੂੰ ਹਸਪਤਾਲ ਲਿਜਾਇਆ ਗਿਆ ਸੀ। ਹਸਪਤਾਲ ਪਹੁੰਚਣ ’ਤੇ ਡਾਕਟਰਾਂ ਨੇ ਭੁਟਾਵੀ ਨੂੰ ਮ੍ਰਿਤਕ (ਦਿਲ ਦਾ ਦੌਰਾ ਪੈਣ ਕਾਰਨ) ਐਲਾਨ ਦਿੱਤਾ ਸੀ।