
ਸੂਬਿਆਂ ਨੂੰ ਟੈਕਸ ਪ੍ਰਾਪਤੀ 'ਚ ਹੋਏ ਨੁਕਸਾਨ ਲਈ ਜਾਰੀ ਕੀਤੇ 47,843 ਕਰੋੜ ਰੁਪਏ
ਨਵੀਂ ਦਿੱਲੀ, ਸਰਕਾਰ ਦਾ ਦਾਅਵਾ ਹੈ ਕਿ ਦੇਸ਼ 'ਚ ਮਾਲ ਅਤੇ ਸੇਵਾ ਟੈਕਸ (ਜੀ.ਐਸ.ਟੀ.) ਪ੍ਰਣਾਲੀ ਲਾਗੂ ਹੋਣ ਤੋਂ ਪਹਿਲੇ ਸਾਲ 'ਚ ਕੁਲ ਮਿਲਾ ਕੇ ਟੈਕਸ ਪ੍ਰਾਪਤੀ ਸੰਤੋਸ਼ਜਨਕ ਰਹੀ ਪਰ ਜ਼ਿਆਦਾਤਰ ਸੂਬਿਆਂ 'ਚ ਪ੍ਰਾਪਤੀਆਂ ਉਨ੍ਹਾਂ ਦੇ ਤੈਅ ਟੀਚੇ ਅਨੁਸਾਰ ਨਾ ਰਹਿਣ ਕਰ ਕੇ ਸਾਲ ਦੌਰਾਨ 47,843 ਕਰੋੜ ਰੁਪਏ ਦਾ ਟੈਕਸ ਮੁਆਵਜ਼ਾ ਜਾਰੀ ਕੀਤਾ ਗਿਆ। ਵਿੱਤ ਸਕੱਤਰ ਹਸਮੁਖ ਅਧਿਆ ਨੇ ਇਹ ਜਾਣਕਾਰੀ ਦਿਤੀ।
ਉਨ੍ਹਾਂ ਕਿਹਾ ਕਿ ਜੀ.ਐਸ.ਟੀ. ਦੇ ਪਹਿਲੇ ਸਾਲ ਕੁਲ ਮਿਲਾ ਕੇ 7.17 ਲੱਖ ਕਰੋੜ ਰੁਪਏ ਦੇ ਟੈਕਸ ਪ੍ਰਾਪਤ ਹੋਏ। ਅਧਿਆ ਨੇ ਮੰਨਿਆ ਕਿ ਸੂਬਿਆਂ ਦੀ ਟੈਕਸ ਪ੍ਰਾਪਤੀ ਫ਼ਿਲਹਾਲ ਟੀਚੇ ਅਨੁਸਾਰ ਨਹੀਂ ਰਹੀ ਅਤੇ ਜ਼ਿਆਦਾਤਰ ਸੂਬਿਆਂ ਨੂੰ ਖ਼ਜ਼ਾਨੇ 'ਚ ਹੋਏ ਨੁਕਸਾਨ ਦੇ ਮੁਆਵਜ਼ੇ 'ਤੇ ਨਿਰਭਰ ਰਹਿਣਾ ਪਿਆ। ਜ਼ਿਕਰਯੋਗ ਹੈ ਕਿ ਕੇਂਦਰ ਅਤੇ ਸੂਬਿਆਂ ਵਿਚਕਾਰ ਹੋਈ ਸਹਿਮਤੀ ਮੁਤਾਬਕ ਸੂਬਿਆਂ ਨੂੰ ਖ਼ਜ਼ਾਨੇ 'ਚ ਵਾਧੇ ਦੇ ਤੈਅ ਫ਼ਾਰਮੂਲੇ ਮੁਤਾਬਕ ਟੈਕਸ ਪ੍ਰਾਪਤ ਨਾ ਹੋਣ 'ਤੇ ਉਸ ਦੀ ਭਰਪਾਈ ਕੀਤੀ ਜਾਵੇਗੀ।
ਇਸ ਲਈ ਬੀੜੀ, ਸਿਗਰੇਟ ਵਰਗੀਆਂ ਵਸਤਾਂ ਅਤੇ ਐਸ਼ੋ-ਆਰਾਮ ਦੇ ਸਾਮਾਨ 'ਤੇ ਜੀ.ਐਸ.ਟੀ. 'ਤੇ ਉਪ-ਟੈਕਸ ਲਾਇਆ ਗਿਆ ਹੈ। ਸਾਲ 2018-19 ਦੌਰਾਨ ਬਜਟ 'ਚ ਇਸ ਮਦ ਹੇਠ 90 ਹਜ਼ਾਰ ਕਰੋੜ ਦੀ ਪ੍ਰਾਪਤੀ ਦਾ ਅੰਦਾਜ਼ਾ ਲਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਜੀ.ਐਸ.ਟੀ. ਦੇ ਪਹਿਲੇ ਸਾਲ ਦੀ ਯਾਤਰਾ ਆਸਾਨ ਨਹੀਂ ਰਹੀ ਸੀ
ਅਤੇ ਪਹਿਲੇ ਹੀ ਦਿਨ ਤੋਂ ਇਸ 'ਚ ਗੜਬੜੀ ਅਤੇ ਸਮੱਸਿਆਵਾਂ ਬਣੀਆਂ ਰਹੀਆਂ ਹਾਲਾਂਕਿ ਸਰਕਾਰ ਦੀ ਸਰਗਰਮੀ ਕਰ ਕੇ ਇਨ੍ਹਾਂ ਨੂੰ ਛੇਤੀ ਹੱਲ ਵੀ ਕਰ ਲਿਆ ਗਿਆ। ਫਿਰ ਵੀ ਰਿਟਰਨ ਦਾਖ਼ਲ ਕਰਨ 'ਚ ਸਰਲੀਕਰਨ ਅਤੇ ਟੈਕਸਾਂ ਨੂੰ ਤਰਕਸੰਗਤ ਬਣਾਉਣ ਵਰਗੀਆਂ ਕੁੱਝ ਸਮੱਸਿਆਵਾਂ ਦਾ ਹੱਲ ਅਜੇ ਵੀ ਨਹੀਂ ਹੋ ਸਕਿਆ।