
ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਫ਼ਰਾਂਸ ਦੇ ਅਪਣੇ ਹਮਅਹੁਦਾ ਜੀਨ ਯਵੇਸ ਲੇ ਡਰੀਅਨ ਨਾਲ ਸੁਰੱਖਿਆ ਅਤੇ ਰਾਜਨੀਤਕ ਅਹਿਮੀਅਤ ਦੇ ਅੰਦਰੂਨੀ ਮੁੱਦਿਆਂ ਸਣੇ...
ਨਵੀਂ ਦਿੱਲੀ, 30 ਜੂਨ : ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਫ਼ਰਾਂਸ ਦੇ ਅਪਣੇ ਹਮਅਹੁਦਾ ਜੀਨ ਯਵੇਸ ਲੇ ਡਰੀਅਨ ਨਾਲ ਸੁਰੱਖਿਆ ਅਤੇ ਰਾਜਨੀਤਕ ਅਹਿਮੀਅਤ ਦੇ ਅੰਦਰੂਨੀ ਮੁੱਦਿਆਂ ਸਣੇ ਵੱਖ ਵੱਖ ਵਿਸ਼ਿਆਂ 'ਤੇ ਚਰਚਾ ਕੀਤੀ। ਆਪਸੀ ਹਿਤਾਂ ਦੇ ਖੇਤਰੀ ਅਤੇ ਸੰਸਾਰ ਮੁੱਦਿਆਂ ਬਾਰੇ ਫ਼ਰਾਂਸ ਅਤੇ ਭਾਰਤ ਦੇ ਵਿਦੇਸ਼ ਸਕੱਤਰ ਪੱਧਰ ਦੀ ਗੱਲਬਾਤ ਮਗਰੋਂ ਦੋਵੇਂ ਵਿਦੇਸ਼ ਮੰਤਰੀਆਂ ਦੀ ਗੱਲਬਾਤ ਹੋਈ।
ਵਿਦੇਸ਼ ਸਕੱਤਰ ਹਰਸ਼ਵਰਧਨ ਸ਼ਰਿੰਗਲਾ ਅਤੇ ਫ਼ਰਾਂਸ ਦੇ ਵਿਦੇਸ਼ ਸਕੱਤਰ ਫ਼ਰਾਂਕੋਇਸ ਡੇਲਾਟਰੇ ਨੇ ਸੋਮਵਾਰ ਨੂੰ ਵੀਡੀਉ ਲਿੰਕ ਰਾਹੀਂ ਕੋਵਿਡ-19 ਮਹਾਮਾਰੀ ਬਾਰੇ ਚਰਚਾ ਕੀਤੀ ਅਤੇ ਵੱਖ ਵੱਖ ਖੇਤਰਾਂ ਵਿਚ ਤਾਲਮੇਲ ਦੀ ਪ੍ਰਗਤੀ ਦੀ ਸਮੀਖਿਆ ਕੀਤੀ।
Photo
ਜੈਸ਼ੰਕਰ ਨੇ ਟਵਿਟਰ 'ਤੇ ਕਿਹਾ, 'ਫ਼ਰਾਂਸ ਦੇ ਵਿਦੇਸ਼ ਮੰਤਰੀ ਜੀਨ ਯਵੇਸ ਲੇ ਡਰੀਅਨ ਨਾਲ ਵੱਖ ਵੱਖ ਮੁੱਦਿਆਂ 'ਤੇ ਚਰਚਾ ਕੀਤੀ। ਸੁਰੱਖਿਆ ਅਤੇ ਰਾਜਸੀ ਅਹਿਮੀਅਤ ਦੇ ਅੰਦਰੂਨੀ ਮੁੱਦੇ ਵੀ ਇਸ ਵਿਚ ਸ਼ਾਮਲ ਸਨ।' ਉਨ੍ਹਾਂ ਕਿਹਾ, 'ਸਿਹਤ ਅਤੇ ਹਵਾਬਾਜ਼ੀ ਖੇਤਰ ਵਿਚ ਕੋਵਿਡ-19 ਨਾਲ ਜੁੜੀਆਂ ਚੁਨੌਤੀਆਂ ਦੇ ਹੱਲ ਬਾਰੇ ਵੀ ਸਹਿਮਤ ਹੋਏ।
ਯੂਐਐਸਸੀ ਯਾਨੀ ਸੁਰੱਖਿਆ ਪਰਿਸ਼ਦ ਵਿਚ ਮਜ਼ਬੂਤ ਸਮਰਥਨ ਲਈ ਉਨ੍ਹਾਂ ਦਾ ਧਨਵਾਦ ਕੀਤਾ ਅਤੇ ਅੱਗੇ ਨਾਲ ਮਿਲ ਕੇ ਕੰਮ ਕਰਨ ਬਾਰੇ ਸਹਿਮਤੀ ਪ੍ਰਗਟ ਕੀਤੀ। ਦੋਹਾਂ ਦੇਸ਼ਾਂ ਦੇ ਵਿਦੇਸ਼ ਸਕੱਤਰਾਂ ਵਿਚਾਲੇ ਅਜਿਹੇ ਸਮੇਂ ਚਰਚਾ ਹੋਈ ਹੈ ਜਦ ਪੂਰਬੀ ਲਦਾਖ਼ ਵਿਚ ਕਈ ਥਾਵਾਂ 'ਤੇ ਭਾਰਤੀ ਅਤੇ ਚੀਨੀ ਫ਼ੌਜਾਂ ਵਿਚਾਲੇ ਪਿਛਲੇ ਸੱਤ ਹਫ਼ਤਿਆਂ ਤੋਂ ਤਣਾਅ ਚੱਲ ਰਿਹਾ ਹੈ। ਗਲਵਾਨ ਘਾਟੀ ਵਿਚ ਹਿੰਸਕ ਝੜਪ ਵਿਚ ਭਾਰਤ ਦੇ 20 ਫ਼ੌਜੀਆਂ ਦੇ ਸ਼ਹੀਦ ਹੋਣ ਮਗਰੋਂ ਤਣਾਅ ਵੱਧ ਚੁਕਾ ਹੈ। (ਏਜੰਸੀ)