
ਅਦਾਲਤ ਕੱਲ ਸੁਣਾਏਗੀ ਫ਼ੈਸਲਾ
Engineer Rashid : ਕੌਮੀ ਜਾਂਚ ਏਜੰਸੀ (ਐੱਨ.ਆਈ.ਏ.) ਨੇ ਸੋਮਵਾਰ ਨੂੰ ਜੇਲ ’ਚ ਬੰਦ ਕਸ਼ਮੀਰੀ ਸਿਆਸਤਦਾਨ ਸ਼ੇਖ ਅਬਦੁਲ ਰਸ਼ੀਦ ਉਰਫ ਇੰਜੀਨੀਅਰ ਰਾਸ਼ਿਦ ਨੂੰ 5 ਜੁਲਾਈ ਨੂੰ ਸੰਸਦ ਮੈਂਬਰ ਵਜੋਂ ਸਹੁੰ ਚੁੱਕਣ ’ਤੇ ਅਪਣੀ ਸਹਿਮਤੀ ਪ੍ਰਗਟਾ ਦਿਤੀ ਹੈ। ਵਧੀਕ ਸੈਸ਼ਨ ਜੱਜ ਚੰਦਰ ਜੀਤ ਸਿੰਘ ਮੰਗਲਵਾਰ ਨੂੰ ਇਸ ’ਤੇ ਹੁਕਮ ਜਾਰੀ ਕਰਨਗੇ।
ਬਾਰਾਮੂਲਾ ਤੋਂ ਆਜ਼ਾਦ ਸੰਸਦ ਮੈਂਬਰ ਰਾਸ਼ਿਦ ਨੂੰ 2017 ’ਚ ਜੰਮੂ-ਕਸ਼ਮੀਰ ’ਚ ਅਤਿਵਾਦੀ ਫੰਡਿੰਗ ਦੇ ਮਾਮਲੇ ’ਚ ਗ੍ਰਿਫਤਾਰ ਕੀਤਾ ਗਿਆ ਸੀ। ਉਨ੍ਹਾਂ ਨੇ ਸਹੁੰ ਚੁੱਕਣ ਅਤੇ ਅਪਣੇ ਸੰਸਦੀ ਫਰਜ਼ਾਂ ਨੂੰ ਨਿਭਾਉਣ ਲਈ ਅੰਤਰਿਮ ਜ਼ਮਾਨਤ ਦੀ ਮੰਗ ਕਰਦਿਆਂ ਅਦਾਲਤ ਦਾ ਦਰਵਾਜ਼ਾ ਖੜਕਾਇਆ ਸੀ। ਇੱਥੇ ਇਕ ਵਿਸ਼ੇਸ਼ ਅਦਾਲਤ ਨੇ 22 ਜੂਨ ਨੂੰ ਮਾਮਲੇ ਦੀ ਸੁਣਵਾਈ ਮੁਲਤਵੀ ਕਰ ਦਿਤੀ ਸੀ ਅਤੇ ਐੱਨ.ਆਈ.ਏ. ਤੋਂ ਜਵਾਬ ਮੰਗਿਆ ਸੀ।
ਐੱਨ.ਆਈ.ਏ. ਦੇ ਵਕੀਲ ਨੇ ਸੋਮਵਾਰ ਨੂੰ ਕਿਹਾ ਕਿ ਰਾਸ਼ਿਦ ਨੂੰ ਕੁੱਝ ਸ਼ਰਤਾਂ ਦੇ ਨਾਲ ਸਹੁੰ ਚੁੱਕਣ ਦੀ ਇਜਾਜ਼ਤ ਦਿਤੀ ਜਾਣੀ ਚਾਹੀਦੀ ਹੈ ਜਿਵੇਂ ਕਿ ਮੀਡੀਆ ਨਾਲ ਗੱਲ ਨਾ ਕਰਨਾ। ਉਸ ਨੇ ਇਹ ਵੀ ਕਿਹਾ ਕਿ ਰਾਸ਼ਿਦ ਨੂੰ ਇਕ ਦਿਨ ਦੇ ਅੰਦਰ ਸਾਰੀਆਂ ਰਸਮਾਂ ਪੂਰੀਆਂ ਕਰਨੀਆਂ ਪੈਣਗੀਆਂ। ਰਾਸ਼ਿਦ ਇਸ ਸਮੇਂ ਤਿਹਾੜ ਜੇਲ੍ਹ ’ਚ ਹੈ।
ਰਾਸ਼ਿਦ 2019 ਤੋਂ ਜੇਲ੍ਹ ’ਚ ਹੈ ਜਦੋਂ ਐੱਨ.ਆਈ.ਏ. ਨੇ ਉਸ ’ਤੇ ਅਤਿਵਾਦ ਦੇ ਵਿੱਤਪੋਸ਼ਣ ’ਚ ਕਥਿਤ ਸ਼ਮੂਲੀਅਤ ਲਈ ਗੈਰਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ ਤਹਿਤ ਦੋਸ਼ ਲਗਾਏ ਸਨ।
ਕਸ਼ਮੀਰੀ ਕਾਰੋਬਾਰੀ ਜ਼ਹੂਰ ਵਤਾਲੀ ਤੋਂ ਪੁੱਛ-ਪੜਤਾਲ ਦੌਰਾਨ ਸਾਬਕਾ ਵਿਧਾਇਕ ਦਾ ਨਾਮ ਸਾਹਮਣੇ ਆਇਆ ਸੀ। ਵਤਾਲੀ ਨੂੰ ਐੱਨ.ਆਈ.ਏ. ਨੇ ਕਸ਼ਮੀਰ ਵਾਦੀ ’ਚ ਵੱਖਵਾਦੀਆਂ ਅਤੇ ਅਤਿਵਾਦੀ ਸਮੂਹਾਂ ਨੂੰ ਕਥਿਤ ਤੌਰ ’ਤੇ ਫੰਡਿੰਗ ਕਰਨ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਸੀ।
ਐੱਨ.ਆਈ.ਏ. ਨੇ ਇਸ ਮਾਮਲੇ ’ਚ ਕਸ਼ਮੀਰੀ ਵੱਖਵਾਦੀ ਆਗੂ ਯਾਸੀਨ ਮਲਿਕ, ਲਸ਼ਕਰ-ਏ-ਤੋਇਬਾ ਦੇ ਸੰਸਥਾਪਕ ਹਾਫਿਜ਼ ਸਈਦ ਅਤੇ ਹਿਜ਼ਬੁਲ ਮੁਜਾਹਿਦੀਨ ਦੇ ਮੁਖੀ ਸਈਦ ਸਲਾਹੂਦੀਨ ਸਮੇਤ ਹੋਰਾਂ ਵਿਰੁਧ ਚਾਰਜਸ਼ੀਟ ਦਾਇਰ ਕੀਤੀ ਸੀ। ਮਲਿਕ ਨੂੰ ਹੇਠਲੀ ਅਦਾਲਤ ਨੇ ਦੋਸ਼ਾਂ ਨੂੰ ਕਬੂਲ ਕਰਨ ਤੋਂ ਬਾਅਦ 2022 ’ਚ ਉਮਰ ਕੈਦ ਦੀ ਸਜ਼ਾ ਸੁਣਾਈ ਸੀ।