ਭਾਰਤੀ ਵੇਟਲਿਫਟਰਾਂ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ
ਨਵੀਂ ਦਿੱਲੀ: ਭਾਰਤ ਨੇ ਰਾਸ਼ਟਰਮੰਡਲ ਖੇਡਾਂ 2022 ਵਿੱਚ ਤੀਜਾ ਸੋਨ ਤਮਗਾ ਜਿੱਤਿਆ ਹੈ। 20 ਸਾਲਾ ਅਚਿੰਤਾ ਸ਼ਿਉਲੀ ਨੇ 73 ਕਿਲੋ ਵੇਟਲਿਫਟਿੰਗ ਪੁਰਸ਼ ਭਾਰ ਵਰਗ ਵਿੱਚ ਇਹ ਤਗ਼ਮਾ ਜਿੱਤਿਆ। ਅਚਿੰਤਾ ਸ਼ਿਉਲੀ ਨੇ ਸਨੈਚ ਵਿੱਚ ਰਿਕਾਰਡ 143 ਕਿਲੋਗ੍ਰਾਮ ਭਾਰ ਚੁੱਕਿਆ, ਜਦੋਂ ਕਿ ਉਹ ਕਲੀਨ ਐਂਡ ਜਰਕ ਵਿੱਚ 170 ਕਿਲੋਗ੍ਰਾਮ ਚੁੱਕਣ ਵਿੱਚ ਕਾਮਯਾਬ ਰਿਹਾ।
ਕੁੱਲ ਮਿਲਾ ਕੇ, ਉਸਨੇ ਕੁੱਲ 313 ਕਿਲੋ ਭਾਰ ਚੁੱਕ ਕੇ ਖੇਡਾਂ ਦਾ ਰਿਕਾਰਡ ਬਣਾਇਆ ਅਤੇ ਸੋਨ ਤਗਮਾ ਜਿੱਤਿਆ। ਅਚਿੰਤਾ ਨੇ ਕਿਹਾ- ਮੈਂ ਬਹੁਤ ਖੁਸ਼ ਹਾਂ। ਮੈਂ ਕਈ ਸੰਘਰਸ਼ਾਂ ਤੋਂ ਬਾਅਦ ਇਹ ਮੈਡਲ ਜਿੱਤਿਆ ਹੈ। ਮੈਂ ਇਹ ਮੈਡਲ ਆਪਣੇ ਭਰਾ ਅਤੇ ਕੋਚਾਂ ਨੂੰ ਸਮਰਪਿਤ ਕਰਾਂਗਾ। ਇਸ ਤੋਂ ਬਾਅਦ ਮੈਂ ਓਲੰਪਿਕ ਦੀ ਤਿਆਰੀ ਕਰਾਂਗਾ।
ਖਾਸ ਗੱਲ ਇਹ ਹੈ ਕਿ ਰਾਸ਼ਟਰਮੰਡਲ 2022 ਵਿੱਚ ਭਾਰਤ ਨੂੰ ਹੁਣ ਤੱਕ ਸਾਰੇ ਛੇ ਤਗਮੇ ਵੇਟਲਿਫਟਰਾਂ ਨੇ ਹਾਸਿਲ ਕੀਤੇ ਹਨ। ਇਸ ਤੋਂ ਪਹਿਲਾਂ ਟੋਕੀਓ ਓਲੰਪਿਕ ਦੀ ਚਾਂਦੀ ਦਾ ਤਗਮਾ ਜੇਤੂ ਮੀਰਾਬਾਈ ਚਾਨੂ ਨੇ 49 ਕਿਲੋ ਭਾਰ ਵਰਗ ਵਿੱਚ ਸੋਨ ਤਮਗਾ ਜਿੱਤਿਆ ਸੀ।
ਇਸ ਦੇ ਨਾਲ ਹੀ ਜੇਰੇਮੀ ਲਾਲਰਿਨੁੰਗਾ ਨੇ 67 ਕਿਲੋ ਭਾਰ ਵਰਗ ਵਿੱਚ ਭਾਰਤ ਲਈ ਸੋਨ ਤਗ਼ਮਾ ਜਿੱਤਿਆ। ਸੰਕੇਤ ਮਹਾਦੇਵ ਸਰਗਰ ਨੇ ਪੁਰਸ਼ਾਂ ਦੇ 55 ਕਿਲੋ ਭਾਰ ਵਰਗ ਵਿੱਚ ਅਤੇ ਬਿੰਦਿਆਰਾਣੀ ਦੇਵੀ ਨੇ ਔਰਤਾਂ ਦੇ 55 ਕਿਲੋ ਭਾਰ ਵਰਗ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ। ਇਸ ਤੋਂ ਇਲਾਵਾ ਗੁਰੂਰਾਜਾ ਪੁਜਾਰੀ 61 ਕਿਲੋ ਭਾਰ ਵਰਗ ਵਿੱਚ ਕਾਂਸੀ ਦਾ ਤਗ਼ਮਾ ਜਿੱਤਣ ਵਿੱਚ ਸਫ਼ਲ ਰਿਹਾ।