
ਪਾਕਿਸਤਾਨ 'ਚ ਬੈਠੇ ਠੱਗਾਂ ਦੇ ਇਸ਼ਾਰੇ 'ਤੇ ਮੰਗਦੇ ਸੀ ਰੰਗਦਾਰੀ
ਗੁਰੂਗ੍ਰਾਮ: ਹਰਿਆਣਾ ਪੁਲਿਸ ਦੀ ਸਪੈਸ਼ਲ ਟਾਸਕ ਫੋਰਸ (ਐਸਟੀਐਫ) ਨੇ ਵਿਧਾਇਕਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਅਤੇ ਉਨ੍ਹਾਂ ਤੋਂ ਫਿਰੌਤੀ ਮੰਗਣ ਦੇ ਦੋਸ਼ ਵਿੱਚ ਛੇ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਐਸਟੀਐਫ ਦੇ ਇੰਸਪੈਕਟਰ ਜਨਰਲ ਆਫ ਪੁਲੀਸ (ਆਈਜੀਪੀ) ਸਤੀਸ਼ ਬਾਲਨ ਨੇ ਇੱਥੇ ਭੌਂਡਸੀ ਵਿੱਚ ਐਸਟੀਐਫ ਦੇ ਮੁੱਖ ਦਫਤਰ ਵਿੱਚ ਮੀਡੀਆ ਨੂੰ ਦੱਸਿਆ ਕਿ 24 ਤੋਂ 28 ਜੂਨ ਤੱਕ ਚਾਰ ਰਾਜਾਂ ਦੇ ਵਿਧਾਇਕਾਂ ਨੂੰ ਵੱਖ-ਵੱਖ ਫੋਨ ਨੰਬਰਾਂ ਤੋਂ ਕਾਲਾਂ ਆਈਆਂ ਸਨ, ਜੋ ਪੱਛਮੀ ਏਸ਼ੀਆਈ ਦੇਸ਼ਾਂ ਦੇ ਸਨ ਅਤੇ ਪਾਕਿਸਤਾਨ ਤੋਂ ਸੰਚਾਲਿਤ ਸਨ। ਆਈਜੀਪੀ ਨੇ ਕਿਹਾ ਕਿ ਪੰਜਾਬ ਦੇ ਕੁਝ ਸਾਬਕਾ ਵਿਧਾਇਕਾਂ ਨੂੰ ਵੀ ਇਨ੍ਹਾਂ ਨੰਬਰਾਂ ਤੋਂ ਅਜਿਹੀਆਂ ਧਮਕੀਆਂ ਭਰੀਆਂ ਕਾਲਾਂ ਆਈਆਂ ਸਨ। ਫੋਨ ਕਰਨ ਵਾਲੇ ਨੇ ਉਹਨਾਂ ਨਾਲ ਮੁੰਬਈ ਲਹਿਜ਼ੇ ਵਿੱਚ ਅਤੇ ਪੰਜਾਬੀ ਵਿੱਚ ਗੱਲ ਕੀਤੀ।
Haryana STF
ਉਨ੍ਹਾਂ ਦੱਸਿਆ ਕਿ ਗਿਰੋਹ ਦੇ ਦੋ ਮੈਂਬਰਾਂ, ਦੁਲੇਸ਼ ਆਲਮ ਬਿਹਾਰ ਅਤੇ ਬਦਰੇ ਆਲਮ ਉੱਤਰ ਪ੍ਰਦੇਸ਼ ਨੂੰ ਮੁੰਬਈ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਚਾਰ ਹੋਰ ਅਮਿਤ ਯਾਦਵ, ਸਾਦਿਕ ਅਨਵਰ, ਸਨੋਜ ਕੁਮਾਰ, ਕਸ਼ ਆਲਮ ਨੂੰ ਬਿਹਾਰ ਦੇ ਮੁਜ਼ੱਫਰਪੁਰ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਇਹ ਸਾਰੇ ਬਿਹਾਰ ਦੇ ਰਹਿਣ ਵਾਲੇ ਹਨ। ਆਈਜੀਪੀ ਨੇ ਦੱਸਿਆ ਕਿ ਇਨ੍ਹਾਂ ਕੋਲੋਂ 55 ਏਟੀਐਮ ਕਾਰਡ, 24 ਮੋਬਾਈਲ ਫ਼ੋਨ, 56 ਸਿਮ ਕਾਰਡ, 22 ਪਾਸਬੁੱਕ ਅਤੇ ਚੈੱਕ ਬੁੱਕ, 3.97 ਲੱਖ ਰੁਪਏ, ਇੱਕ ਐਸਯੂਵੀ, ਤਿੰਨ ਡਾਇਰੀਆਂ ਅਤੇ ਇੱਕ ਰਜਿਸਟਰ ਬਰਾਮਦ ਕੀਤਾ ਗਿਆ ਹੈ।
Haryana STF
ਵਿਧਾਇਕਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਦੋਸ਼ ਵਿੱਚ ਅਣਪਛਾਤੇ ਲੋਕਾਂ ਵਿਰੁੱਧ ਐਫਆਈਆਰ ਦਰਜ ਕੀਤੀ ਗਈ ਸੀ, ਜਿਸ ਤੋਂ ਬਾਅਦ ਹਰਿਆਣਾ ਦੇ ਪੁਲਿਸ ਡਾਇਰੈਕਟਰ ਜਨਰਲ ਪੀਕੇ ਅਗਰਵਾਲ ਨੇ ਮਾਮਲੇ ਐਸਟੀਐਫ ਨੂੰ ਸੌਂਪ ਦਿੱਤੇ ਸਨ। ਆਈਜੀਪੀ ਬਾਲਨ ਨੇ ਕਿਹਾ ਕਿ ਮੁਲਜ਼ਮਾਂ ਨੂੰ ਫੜਨ ਲਈ ਐਸਟੀਐਫ ਦੀ ਰਣਨੀਤੀ ਵਜੋਂ, ਇਸ ਦੇ ਕਰਮਚਾਰੀ ਜਾਣਬੁੱਝ ਕੇ ਗਿਰੋਹ ਦੇ ਨਿਸ਼ਾਨੇ 'ਤੇ ਆਏ, ਜਿਸ ਤੋਂ ਬਾਅਦ ਉਨ੍ਹਾਂ ਨੂੰ ਵੀ ਅਜਿਹੀਆਂ ਧਮਕੀਆਂ ਵਾਲੀਆਂ ਕਾਲਾਂ ਆਉਣੀਆਂ ਸ਼ੁਰੂ ਹੋ ਗਈਆਂ। ਬਾਲਨ ਨੇ ਦੱਸਿਆ ਕਿ ਕਾਲ ਕਰਨ ਵਾਲਿਆਂ ਵੱਲੋਂ ਫਿਰੌਤੀ ਮੰਗਣ ਦੀ ਆੜ ਵਿੱਚ ਪੁਲਿਸ ਟੀਮ ਨੇ ਉਨ੍ਹਾਂ ਦੇ ਬੈਂਕ ਖਾਤਿਆਂ ਦੇ ਵੇਰਵੇ ਆਦਿ ਦਰਜ ਕੀਤੇ, ਜਿਸ ਤੋਂ ਬਾਅਦ ਮੁੰਬਈ ਅਤੇ ਮੁਜ਼ੱਫਰਪੁਰ ਵਿੱਚ ਛਾਪੇਮਾਰੀ ਕੀਤੀ ਗਈ।
Haryana STF