
KCR ਕਹਿੰਦੇ ਰਹੇ ਨਿਤੀਸ਼ ਜੀ ਬੈਠੀਏ ਨਾ, ਬੈਠੀਏ ਨਾ ਪਰ ਨਹੀਂ ਰੁਕੇ ਨਿਤੀਸ਼ ਕੁਮਾਰ
ਨਵੀਂ ਦਿੱਲੀ- ਭਾਜਪਾ ਦੀ ਅਗਵਾਈ ਵਾਲੀ ਐਨਡੀਏ ਛੱਡਣ ਤੋਂ ਬਾਅਦ ਤੋਂ ਹੀ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ 2024 ਦੀਆਂ ਆਮ ਚੋਣਾਂ ਤੋਂ ਪਹਿਲਾਂ ਵਿਰੋਧੀ ਧਿਰ ਨੂੰ ਇਕਜੁੱਟ ਕਰਨ ਦੀ ਗੱਲ ਕਰ ਰਹੇ ਹਨ। ਦੂਜੇ ਪਾਸੇ ਤੇਲੰਗਾਨਾ ਵਿਚ ਭਾਜਪਾ ਦੇ ਵਧਦੇ ਪ੍ਰਭਾਵ ਨੂੰ ਦੇਖਦਿਆਂ ਮੁੱਖ ਮੰਤਰੀ ਕੇਸੀਆਰ ਵੀ ਪਿਛਲੇ ਕੁੱਝ ਸਮੇਂ ਤੋਂ ਵਿਰੋਧੀ ਏਕਤਾ ਦਾ ਨਾਅਰਾ ਲਗਾ ਰਹੇ ਹਨ। ਅਜਿਹੇ 'ਚ ਮਹਾਗਠਜੋੜ ਦੇ ਨੇਤਾ ਅਜਿਹਾ ਮਾਹੌਲ ਬਣਾ ਰਹੇ ਸਨ ਕਿ ਕੇਸੀਆਰ ਬਿਹਾਰ ਯਾਤਰਾ ਦੌਰਾਨ ਨਿਤੀਸ਼ ਕੁਮਾਰ ਨੂੰ ਵਿਰੋਧੀ ਧਿਰ ਦਾ ਚਿਹਰਾ ਹੋਣ ਦੀ ਗੱਲ ਕਰ ਸਕਦੇ ਹਨ।
ਪਰ ਅਜਿਹਾ ਨਹੀਂ ਹੋਇਆ। ਹੁਣ 31 ਅਗਸਤ 2022 ਨੂੰ ਪਟਨਾ ਵਿਚ ਨਿਤੀਸ਼ ਅਤੇ ਕੇਸੀਆਰ ਦੀ ਸਾਂਝੀ ਪ੍ਰੈਸ ਕਾਨਫਰੰਸ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ 'ਚ ਨਿਤੀਸ਼ ਕੁਮਾਰ ਕੇਸੀਆਰ ਨੂੰ ਪੱਤਰਕਾਰਾਂ ਦੇ ਸਵਾਲਾਂ ਨੂੰ ਨਜ਼ਰਅੰਦਾਜ਼ ਕਰਨ ਦਾ ਇਸ਼ਾਰਾ ਕਰਦੇ ਨਜ਼ਰ ਆ ਰਹੇ ਹਨ। ਦੂਜੇ ਪਾਸੇ ਕੇਸੀਆਰ ਕਦੇ ਨਿਤੀਸ਼ ਕੁਮਾਰ ਦਾ ਕੁੜਤਾ ਖਿੱਚਦੇ ਹਨ ਤੇ ਕਦੇ ਹੱਥ ਫੜ ਕੇ ਬੈਠਣ ਲਈ ਕਹਿ ਰਹੇ ਹਨ। ਇਹ ਸਭ ਕੁਝ ਵਿਰੋਧੀ ਧਿਰ ਦੇ ਚਿਹਰੇ 'ਤੇ ਸਵਾਲ ਪੁੱਛੇ ਜਾਣ ਤੋਂ ਬਾਅਦ ਹੋਇਆ ਹੈ। ਦਿਲਚਸਪ ਗੱਲ ਇਹ ਹੈ ਕਿ ਇੰਨੇ ਡਰਾਮੇ ਤੋਂ ਬਾਅਦ ਵੀ ਕੇਸੀਆਰ ਨੇ ਨਿਤੀਸ਼ ਕੁਮਾਰ ਦੇ ਮਨ ਦੀ ਗੱਲ ਨਹੀਂ ਕੀਤੀ।
ਪ੍ਰੈਸ ਕਾਨਫਰੰਸ ਦੌਰਾਨ ਇੱਕ ਪੱਤਰਕਾਰ ਨੇ ਸਵਾਲ ਪੁੱਛਿਆ ਕਿ 2024 ਦੀਆਂ ਲੋਕ ਸਭਾ ਚੋਣਾਂ ਵਿਚ ਕਾਂਗਰਸ ਦੀ ਕੀ ਭੂਮਿਕਾ ਹੋਵੇਗੀ ਅਤੇ ਕੀ ਰਾਹੁਲ ਗਾਂਧੀ ਵਿਰੋਧੀ ਧਿਰ ਦੇ ਉਮੀਦਵਾਰ ਹੋਣਗੇ? ਇਸ 'ਤੇ ਨਿਤੀਸ਼ ਕੁਮਾਰ ਨੇ ਕਿਹਾ ਕਿ ਤੁਸੀਂ ਇਹ ਸਾਰੇ ਸਵਾਲ ਕਿਉਂ ਪੁੱਛ ਰਹੇ ਹੋ? ਉਸੇ ਸਮੇਂ, ਜਿਵੇਂ ਹੀ ਕੇਸੀਆਰ ਨੇ ਇਸ ਸਵਾਲ ਦਾ ਜਵਾਬ ਦੇਣਾ ਸ਼ੁਰੂ ਕੀਤਾ, ਨਿਤੀਸ਼ ਕੁਮਾਰ ਖੜ੍ਹੇ ਹੋ ਗਏ ਅਤੇ ਤੇਲੰਗਾਨਾ ਦੇ ਸੀਐਮ ਨੂੰ ਕਹਿਣ ਲੱਗੇ, "ਉਠੀਏ ਚਲੀਏ ਨਾ। ਉਹ ਉਨ੍ਹਾਂ ਦੇ ਚੱਕਰਾਂ ਵਿਚ ਕਿਉਂ ਪੈ ਰਹੇ ਹਨ?
Never ever in my life i saw such an insult of any CM like this. Feeling sad for KCR pic.twitter.com/bdQc478hIt
— Tajinder Pal Singh Bagga (@TajinderBagga) August 31, 2022
ਭਾਜਪਾ ਨੇਤਾ ਤੇਜਿੰਦਰ ਪਾਲ ਸਿੰਘ ਬੱਗਾ ਨੇ ਵੀ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਲਿਖਿਆ, ''ਮੈਂ ਆਪਣੀ ਜ਼ਿੰਦਗੀ 'ਚ ਕਦੇ ਵੀ ਕਿਸੇ ਮੁੱਖ ਮੰਤਰੀ ਦਾ ਇਸ ਤਰ੍ਹਾਂ ਅਪਮਾਨ ਹੁੰਦਾ ਨਹੀਂ ਦੇਖਿਆ। ਕੇਸੀਆਰ ਲਈ ਬਹੁਤ ਬੁਰਾ ਮਹਿਸੂਸ ਹੋ ਰਿਹਾ ਹੈ।" ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਜਦੋਂ ਪੱਤਰਕਾਰਾਂ ਨੇ ਵਿਰੋਧੀ ਧਿਰ ਦੇ ਪ੍ਰਧਾਨ ਮੰਤਰੀ ਉਮੀਦਵਾਰ ਬਾਰੇ ਸਵਾਲ ਪੁੱਛੇ ਤਾਂ ਨਿਤੀਸ਼ ਕੁਮਾਰ ਜਵਾਬ ਦੇਣ ਤੋਂ ਬਚਦੇ ਨਜ਼ਰ ਆਏ। ਇਸ ਸਵਾਲ 'ਤੇ ਨਿਤੀਸ਼ ਆਪਣੀ ਕੁਰਸੀ ਤੋਂ ਉੱਠ ਕੇ ਕਹਿਣ ਲੱਗੇ ਕਿ ਇਸ ਸਵਾਲ ਨੂੰ ਛੱਡ ਦਿਓ।
ਹਾਲਾਂਕਿ ਕੇਸੀਆਰ ਬੋਲਦੇ ਰਹੇ ਅਤੇ ਨਿਤੀਸ਼ ਕੁਮਾਰ ਨੂੰ ਬੈਠਣ ਲਈ ਕਹਿੰਦੇ ਰਹੇ। ਕੇਸੀਆਰ ਨੇ ਬਿਹਾਰ ਦੇ ਸੀਐਮ ਦਾ ਹੱਥ ਫੜਿਆ ਅਤੇ ਕਿਹਾ, 'ਭਰਾ-ਭਰਾ ਜੀ ਸੁਣੋ, ਬੈਠੋ', ਪਰ ਨਿਤੀਸ਼ ਆਪਣੀ ਸੀਟ 'ਤੇ ਨਹੀਂ ਬੈਠੇ ਅਤੇ ਕੇਸੀਆਰ ਨੂੰ ਵੀ ਚੱਲਣ ਲਈ ਕਹਿਣ ਲੱਗੇ। ਨਿਤੀਸ਼ ਕੁਮਾਰ ਨੇ ਕਿਹਾ, ''ਉਨ੍ਹਾਂ ਦੇ ਚੱਕਰ ਵਿਚ ਨਾ ਫਸੋ। 50 ਮਿੰਟ ਤਾਂ ਦੇ ਦਿੱਤੇ। ਇਸ 'ਤੇ ਉਥੇ ਮੌਜੂਦ ਸਾਰੇ ਲੋਕ ਹੱਸਣ ਲੱਗੇ। ਬਾਅਦ ਵਿਚ ਬਿਹਾਰ ਦੇ ਸੀਐਮ ਵੀ ਹੱਸਣ ਲੱਗ ਪਏ ਅਤੇ ਕੁਰਸੀ ਤੋਂ ਉੱਠ ਖੜ੍ਹੇ ਹੋਏ।