
ਮਾਮਲੇ ਦੀ ਜਾਂਚ ਜਾਰੀ
ਮੱਧ ਪ੍ਰਦੇਸ਼: ਸਾਗਰ ਕਸਬੇ ਵਿਚ ਪਿਛਲੇ 72 ਘੰਟਿਆਂ ਦੌਰਾਨ ਵੱਖ-ਵੱਖ ਘਟਨਾਵਾਂ ਵਿਚ ਤਿੰਨ ਚੌਕੀਦਾਰਾਂ ਦੀ ਮੌਤ ਹੋ ਗਈ, ਜਿਸ ਨਾਲ ਇੱਥੇ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ ।
ਇਲਾਕੇ ਦੇ ਪੁਲਿਸ ਸੁਪਰਡੈਂਟ ਨੇ ਦੱਸਿਆ ਕਿ ਕੈਂਟ ਥਾਣਾ ਖੇਤਰ ਵਿਚ 28-29 ਅਗਸਤ ਦੀ ਦਰਮਿਆਨੀ ਰਾਤ ਨੂੰ ਇੱਕ ਫੈਕਟਰੀ ਵਿਚ ਤਾਇਨਾਤ ਚੌਕੀਦਾਰ ਕਲਿਆਣ ਲੋਧੀ (50) ਦਾ ਹਥੌੜੇ ਨਾਲ ਵਾਰ ਕਰਕੇ ਕਤਲ ਕਰ ਦਿੱਤਾ ਗਿਆ, ਜਦਕਿ ਦੂਜੀ ਘਟਨਾ ਵਿੱਚ ਬੀਤੀ 30 ਅਗਸਤ ਦੀ ਰਾਤ ਨੂੰ ਆਰਟਸ ਐਂਡ ਕਾਮਰਸ ਕਾਲਜ ਵਿਚ ਡਿਊਟੀ ਕਰ ਰਹੇ ਇੱਕ ਹੋਰ ਚੌਕੀਦਾਰ ਸ਼ੰਭੂ ਨਰਾਇਣ ਦੂਬੇ (60) ਨੂੰ ਪੱਥਰ ਮਾਰ ਕੇ ਕਤਲ ਕਰ ਦਿੱਤਾ ਗਿਆ। ਪੁਲਿਸ ਅਨੁਸਾਰ ਤੀਸਰੀ ਘਟਨਾ ਵਿਚ 30-31 ਅਗਸਤ ਦੀ ਦਰਮਿਆਨੀ ਰਾਤ ਨੂੰ ਕਿਸੇ ਅਣਪਛਾਤੇ ਮੁਲਜ਼ਮ ਨੇ ਇੱਕ ਘਰ ਦੇ ਗਾਰਡ ਮੰਗਲ ਅਹੀਰਵਰ ਦੇ ਸਿਰ ਵਿਚ ਕਿਸੇ ਚੀਜ਼ ਨਾਲ ਵਾਰ ਕਰ ਕੇ ਉਸ ਦਾ ਕਤਲ ਕਰ ਦਿੱਤਾ।
ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਭਾਵੇਂ ਘਟਨਾਕ੍ਰਮ ਦਾ ਸਮਾਂ ਅਤੇ ਢੰਗ ਇੱਕ ਖ਼ਾਸ ਸੰਬੰਧ ਰੱਖਦੇ ਹਨ, ਪਰ ਦੋਸ਼ੀ ਇੱਕ ਤੋਂ ਵੱਧ ਜਾਂ ਵੱਖ-ਵੱਖ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਪੁਲਿਸ ਨੇ ਸ਼ੱਕੀ ਕਾਤਲ ਦਾ ਸਕੈੱਚ ਜਾਰੀ ਕਰ ਦਿੱਤਾ ਹੈ ਅਤੇ ਉਮੀਦ ਹੈ ਕਿ ਜਲਦ ਹੀ ਉਸ ਨੂੰ ਕਾਬੂ ਕਰ ਲਿਆ ਜਾਵੇਗਾ।
ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਕਿਹਾ ਕਿ ਕੈਂਟ ਅਤੇ ਸਿਵਲ ਲਾਈਨ ਥਾਣਾ ਖੇਤਰ ਵਿਚ ਹੋਈਆਂ ਹੱਤਿਆਵਾਂ ਇੱਕੋ ਕਿਸਮ ਦੀਆਂ ਸਨ ਅਤੇ ਅਜਿਹਾ ਲੱਗਦਾ ਹੈ ਕਿ ਘਟਨਾ ਨੂੰ ਇੱਕੋ ਵਿਅਕਤੀ ਨੇ ਅੰਜਾਮ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸੀਸੀਟੀਵੀ ਫੁਟੇਜ ਅਤੇ ਇਕੱਠੇ ਕੀਤੇ ਗਏ ਸਬੂਤਾਂ ਦੇ ਆਧਾਰ 'ਤੇ ਪੁਲਿਸ ਕਾਤਲ ਨੂੰ ਜਲਦ ਫ਼ੜ ਲਵੇਗੀ।
ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਕਹਿਣਾ ਜਲਦਬਾਜ਼ੀ ਹੋਵੇਗੀ ਕਿ ਦੋਸ਼ੀ 'ਸਾਈਕੋ ਜਾਂ ਸੀਰੀਅਲ ਕਿਲਰ' ਸੀ।
ਪੁਲਿਸ ਨੂੰ ਦੋਸ਼ੀ ਬਾਰੇ ਕੁਝ ਸੁਰਾਗ ਮਿਲੇ ਹਨ ਅਤੇ ਉਸ ਨੂੰ ਕਾਬੂ ਕਰਨ ਲਈ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਗਿਆ ਹੈ।