
379 ਮਾਮਲੇ 20 ਸਾਲਾਂ ਤੋਂ ਪੈਂਡਿੰਗ, 2660 ਮਾਮਲੇ 10 ਸਾਲ ਤੋਂ ਵੀ ਜ਼ਿਆਦਾ ਪੁਰਾਣੇ
ਨਵੀਂ ਦਿੱਲੀ : ਕੇਂਦਰੀ ਵਿਜੀਲੈਂਸ ਕਮਿਸ਼ਨ (ਸੀਵੀਸੀ) ਦੀ ਨਵੀਂ ਸਾਲਾਨਾ ਰਿਪੋਰਟ ’ਚ ਖੁਲਾਸਾ ਹੋਇਆ ਹੈ ਕਿ ਦੇਸ਼ ਭਰ ਦੀਆਂ ਵੱਖ-ਵੱਖ ਅਦਾਲਤਾਂ ਵਿੱਚ ਸੀਬੀਆਈ ਜਾਂਚ ਨਾਲ ਸਬੰਧਤ 7,072 ਭ੍ਰਿਸ਼ਟਾਚਾਰ ਦੇ ਮਾਮਲੇ ਪੈਂਡਿੰਗ ਹਨ। ਚਿੰਤਾ ਦੀ ਗੱਲ ਇਹ ਹੈ ਕਿ ਕੁੱਲ ਪੈਂਡਿੰਗ ਮਾਮਲਿਆਂ ਵਿੱਚੋਂ 2,660 ਮਾਮਲੇ 10 ਸਾਲ ਤੋਂ ਵੱਧ ਪੁਰਾਣੇ ਹਨ।
ਰਿਪੋਰਟ ਦੇ ਅਨੁਸਾਰ ਇਨ੍ਹਾਂ ’ਚੋਂ 379 ਮਾਮਲੇ 20 ਸਾਲਾਂ ਤੋਂ ਵੱਧ ਸਮੇਂ ਤੋਂ ਪੈਂਡਿੰਗ ਹਨ। ਜਦਕਿ 2,281 ਮਾਮਲੇ 10 ਤੋਂ 20 ਸਾਲਾਂ ਦੇ ਵਿਚਕਾਰ ਹਨ। 31 ਦਸੰਬਰ 2024 ਤੱਕ 1,506 ਮਾਮਲੇ 3 ਸਾਲਾਂ ਤੋਂ ਘੱਟ ਸਮੇਂ ਤੋਂ ਲੰਬਿਤ ਸਨ, 791 ਮਾਮਲੇ 3 ਤੋਂ 5 ਸਾਲਾਂ ਦੇ ਵਿਚਕਾਰ ਸਨ ਅਤੇ 2,115 ਮਾਮਲੇ 5 ਤੋਂ 10 ਸਾਲਾਂ ਦੇ ਵਿਚਕਾਰ ਸਨ।
ਸੀਬੀਆਈ ਅਤੇ ਦੋਸ਼ੀਆਂ ਦੀਆਂ 13,100 ਅਪੀਲਾਂ ਅਤੇ ਰੀਵੀਜ਼ਨ ਪਟੀਸ਼ਨਾਂ ਹਾਈ ਕੋਰਟ ਅਤੇ ਸੁਪਰੀਮ ਕੋਰਟ ਵਿੱਚ ਲੰਬਿਤ ਹਨ। ਇਹਨਾਂ ਵਿੱਚੋਂ 606 ਅਪੀਲਾਂ 20 ਸਾਲਾਂ ਤੋਂ ਵੱਧ ਸਮੇਂ ਤੋਂ ਲੰਬਿਤ ਹਨ ਅਤੇ 1,227 ਅਪੀਲਾਂ 15 ਤੋਂ 20 ਸਾਲਾਂ ਦੇ ਵਿਚਕਾਰ ਲੰਬਿਤ ਹਨ।
2024 ’ਚ ਕੁੱਲ 644 ਮਾਮਲਿਆਂ ਦਾ ਨਿਪਟਾਰਾ ਕੀਤਾ ਗਿਆ। ਇਨ੍ਹਾਂ ਵਿੱਚੋਂ 392 ਮਾਮਲਿਆਂ ਨੂੰ ਦੋਸ਼ੀ ਠਹਿਰਾਇਆ ਗਿਆ, 154 ਨੂੰ ਦੋਸ਼ ਮੁਕਤ ਕੀਤਾ ਗਿਆ, 21 ਆਰੋਪੀਆਂ ਨੂੰ ਬਰੀ ਕਰ ਦਿੱਤਾ ਗਿਆ ਜਦਕਿ 77 ਮਾਮਲਿਆਂ ਦਾ ਨਿਪਟਾਰਾ ਹੋਰ ਕਾਰਨਾਂ ਕਰਕੇ ਕੀਤਾ ਗਿਆ। ਰਿਪੋਰਟ ਦੇ ਅਨੁਸਾਰ 2024 ’ਚ ਸਜ਼ਾ ਦਰ 69.14% ਰਹੀ ਅਤੇ 2023 ਵਿੱਚ ਇਹ 71.47% ਸੀ।