
ਕਿਹਾ : ਅਪਰਾਧੀਆਂ ਤੇ ਉਨ੍ਹਾਂ ਦਾ ਸਮਰਥਨ ਕਰਨ ਵਾਲਿਆਂ ਨੂੰ ਸਜ਼ਾ ਮਿਲਣੀ ਜ਼ਰੂਰੀ
ਬੀਜਿੰਗ : ਚੀਨ ਵਿੱਚ ਚੱਲ ਰਹੇ ਐਸਸੀਓ ਸੰਮੇਲਨ ਦੇ ਦੂਜੇ ਦਿਨ ਭਾਰਤ ਨੂੰ ਅੱਤਵਾਦ ਖਿਲਾਫ ਵੱਡੀ ਸਫਲਤਾ ਮਿਲੀ ਹੈ। ਐਲਾਨਨਾਮੇ ’ਚ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਦੀ ਸਖ਼ਤ ਨਿੰਦਾ ਕੀਤੀ ਗਈ ਹੈ। ਇਸ ਦੌਰਾਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਵੀ ਮੌਜੂਦ ਸਨ। ਐਲਾਨਨਾਮੇ ਵਿੱਚ ਕਿਹਾ ਗਿਆ ਹੈ ਕਿ ਅਪਰਾਧੀਆਂ, ਪ੍ਰਬੰਧਕਾਂ ਅਤੇ ਉਨ੍ਹਾਂ ਦਾ ਸਮਰਥਨ ਕਰਨ ਵਾਲਿਆਂ ਨੂੰ ਸਜ਼ਾ ਦੇਣਾ ਜ਼ਰੂਰੀ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਜੂਨ ’ਚ ਹੋਈ ਰੱਖਿਆ ਮੰਤਰੀਆਂ ਦੀ ਮੀਟਿੰਗ ਦੌਰਾਨ ਐਸਸੀਓ ਦੇ ਐਲਾਨਨਾਮੇ ਵਿੱਚ ਪਹਿਲਗਾਮ ਹਮਲੇ ਦਾ ਜ਼ਿਕਰ ਨਹੀਂ ਸੀ। ਭਾਰਤ ਵੱਲੋਂ ਇਸ ’ਤੇ ਸਖਤ ਨਾਰਾਜ਼ਗੀ ਪ੍ਰਗਟ ਕੀਤੀ ਗਈ ਸੀ ਅਤੇ ਇਸ ’ਤੇ ਦਸਤਖਤ ਕਰਨ ਤੋਂ ਵੀ ਇਨਕਾਰ ਕਰ ਦਿੱਤਾ ਸੀ।
ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਆਪਣੀ ਚੀਨ ਫੇਰੀ ਦੇ ਆਖਰੀ ਦਿਨ ਐਸਸੀਓ ਦੀ ਮੀਟਿੰਗ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਕਿਹਾ ਕਿ ਅੱਤਵਾਦ ਪੂਰੀ ਦੁਨੀਆ ਲਈ ਖ਼ਤਰਾ ਹੈ। ਪਹਿਲਗਾਮ ਹਮਲੇ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਇਸਨੂੰ ਅੱਤਵਾਦ ਦਾ ਸਭ ਤੋਂ ਭੈੜਾ ਰੂਪ ਦੱਸਿਆ। ਮੋਦੀ ਨੇ ਕਿਹਾ ਕਿ ਭਾਰਤ ਪਿਛਲੇ ਚਾਰ ਦਹਾਕਿਆਂ ਤੋਂ ਅੱਤਵਾਦ ਦਾ ਸਾਹਮਣਾ ਕਰ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਵਾਲ ਉਠਾਇਆ ਕਿ ਕੁਝ ਦੇਸ਼ਾਂ ਵੱਲੋਂ ਅੱਤਵਾਦ ਨੂੰ ਖੁੱਲ੍ਹੇਆਮ ਦਿੱਤੇ ਜਾ ਰਹੇ ਸਮਰਥਨ ਨੂੰ ਕਿਸ ਤਰ੍ਹਾਂ ਸਵੀਕਾਰ ਕੀਤਾ ਜਾ ਰਿਹਾ ਹੈ। ਇਸ ਦੌਰਾਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਵੀ ਮੌਜੂਦ ਸਨ।