
September Rainfall News: ਦੇਸ਼ 'ਚ ਕਈ ਥਾਵਾਂ 'ਤੇ ਹੜ੍ਹ, ਜ਼ਮੀਨ ਖਿਸਕਣ ਦਾ ਅਲਰਟ ਜਾਰੀ
There will be more than normal rainfall in September: ਦੇਸ਼ ਦੇ ਕਈ ਹਿੱਸਿਆਂ ’ਚ ਭਾਰੀ ਮੀਂਹ ਕਾਰਨ ਪਹਿਲਾਂ ਹੀ ਕਈ ਆਫ਼ਤਾਂ ਦਾ ਸਾਹਮਣਾ ਕਰ ਰਹੇ ਭਾਰਤ ’ਚ ਸਤੰਬਰ ਦੌਰਾਨ ਆਮ ਨਾਲੋਂ ਜ਼ਿਆਦਾ ਮੀਂਹ ਪੈਣ ਦੀ ਸੰਭਾਵਨਾ ਹੈ। ਭਾਰਤੀ ਮੌਸਮ ਵਿਭਾਗ (ਆਈ.ਐਮ.ਡੀ.) ਨੇ ਐਤਵਾਰ ਨੂੰ ਕਿਹਾ ਕਿ ਸਤੰਬਰ 2025 ਵਿਚ ਮਹੀਨਾਵਾਰ ਔਸਤ ਮੀਂਹ 167.9 ਮਿਲੀਮੀਟਰ ਦੇ ਲੰਮੇ ਸਮੇਂ ਦੇ ਔਸਤ ਦੇ 109 ਫ਼ੀ ਸਦੀ ਤੋਂ ਵੱਧ ਹੋਣ ਦੀ ਉਮੀਦ ਹੈ। ਪੇਸ਼ਨਗੋਈ ਮੁਤਾਬਕ ਜ਼ਿਆਦਾਤਰ ਇਲਾਕਿਆਂ ਵਿਚ ਆਮ ਤੋਂ ਲੈ ਕੇ ਆਮ ਤੋਂ ਵੱਧ ਮੀਂਹ ਪਵੇਗਾ, ਜਦਕਿ ਉੱਤਰ-ਪੂਰਬ ਅਤੇ ਪੂਰਬ ਦੇ ਕੁੱਝ ਹਿੱਸਿਆਂ, ਦਖਣੀ ਪ੍ਰਾਇਦੀਪ ਭਾਰਤ ਦੇ ਕਈ ਇਲਾਕਿਆਂ ਅਤੇ ਉੱਤਰ-ਪਛਮੀ ਭਾਰਤ ਦੇ ਕੁੱਝ ਹਿੱਸਿਆਂ ’ਚ ਆਮ ਤੋਂ ਘੱਟ ਮੀਂਹ ਪੈਣ ਦੀ ਸੰਭਾਵਨਾ ਹੈ।
ਆਈ.ਐਮ.ਡੀ. ਦੇ ਡਾਇਰੈਕਟਰ ਜਨਰਲ ਮਿ੍ਰਤਿਊਂਜੈ ਮਹਾਪਾਤਰਾ ਨੇ ਚੇਤਾਵਨੀ ਦਿਤੀ ਹੈ ਕਿ ਭਾਰੀ ਮੀਂਹ ਕਾਰਨ ਸਤੰਬਰ ਦੌਰਾਨ ਉਤਰਾਖੰਡ ਵਿਚ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵਾਪਰ ਸਕਦੀ ਹਨ ਅਤੇ ਹੜ੍ਹ ਆ ਸਕਦੇ ਹਨ। ਦਖਣੀ ਹਰਿਆਣਾ, ਦਿੱਲੀ ਅਤੇ ਉੱਤਰੀ ਰਾਜਸਥਾਨ ਵਿਚ ਵੀ ਆਮ ਜਨਜੀਵਨ ਪ੍ਰਭਾਵਤ ਹੋ ਸਕਦਾ ਹੈ। ਉਨ੍ਹਾਂ ਕਿਹਾ, ‘‘ਬਹੁਤ ਸਾਰੀਆਂ ਨਦੀਆਂ ਉਤਰਾਖੰਡ ਤੋਂ ਨਿਕਲਦੀਆਂ ਹਨ। ਇਸ ਲਈ, ਭਾਰੀ ਮੀਂਹ ਦਾ ਮਤਲਬ ਹੈ ਕਿ ਬਹੁਤ ਸਾਰੀਆਂ ਨਦੀਆਂ ਵਿਚ ਹੜ੍ਹ ਆ ਜਾਵੇਗਾ ਅਤੇ ਇਹ ਹੇਠਲੇ ਸ਼ਹਿਰਾਂ ਅਤੇ ਕਸਬਿਆਂ ਨੂੰ ਪ੍ਰਭਾਵਤ ਕਰੇਗਾ। ਇਸ ਲਈ ਸਾਨੂੰ ਇਸ ਨੂੰ ਧਿਆਨ ’ਚ ਰਖਣਾ ਚਾਹੀਦਾ ਹੈ।’’ ਉਨ੍ਹਾਂ ਕਿਹਾ ਕਿ ਛੱਤੀਸਗੜ੍ਹ ਵਿਚ ਮਹਾਨਦੀ ਨਦੀ ਦੇ ਉੱਪਰਲੇ ਕੈਚਮੈਂਟ ਖੇਤਰਾਂ ਵਿਚ ਵੀ ਭਾਰੀ ਮੀਂਹ ਦੀ ਸੰਭਾਵਨਾ ਹੈ।
ਮੌਸਮ ਵਿਭਾਗ ਨੇ ਕਿਹਾ ਕਿ ਸਤੰਬਰ ਦੌਰਾਨ ਪਛਮੀ-ਮੱਧ, ਉੱਤਰ-ਪਛਮੀ ਅਤੇ ਦਖਣੀ ਭਾਰਤ ਦੇ ਕਈ ਇਲਾਕਿਆਂ ਵਿਚ ਮਹੀਨਾਵਾਰ ਔਸਤ ਵੱਧ ਤੋਂ ਵੱਧ ਤਾਪਮਾਨ ਵੀ ਆਮ ਤੋਂ ਘੱਟ ਰਹਿਣ ਦੀ ਉਮੀਦ ਹੈ। ਆਈ.ਐਮ.ਡੀ. ਦੇ ਅੰਕੜਿਆਂ ਤੋਂ ਪਤਾ ਲਗਦਾ ਹੈ ਕਿ ਭਾਰਤ ਵਿਚ 1 ਜੂਨ ਤੋਂ 31 ਅਗੱਸਤ ਦੇ ਵਿਚਕਾਰ 743.1 ਮਿਲੀਮੀਟਰ ਮੀਂਹ ਪਿਆ, ਜੋ ਲੰਮੇ ਸਮੇਂ ਦੇ ਔਸਤ 700.7 ਮਿਲੀਮੀਟਰ ਤੋਂ ਲਗਭਗ 6 ਫ਼ੀ ਸਦੀ ਵੱਧ ਹੈ। ਜੂਨ ’ਚ 180 ਮਿਲੀਮੀਟਰ ਮੀਂਹ ਪਿਆ, ਜੋ ਆਮ ਨਾਲੋਂ 9 ਫੀ ਸਦੀ ਜ਼ਿਆਦਾ ਹੈ।
ਜੁਲਾਈ ’ਚ 294.1 ਮਿਲੀਮੀਟਰ ਮੀਂਹ ਪਿਆ, ਜੋ ਆਮ ਨਾਲੋਂ ਲਗਭਗ 5 ਫੀ ਸਦੀ ਜ਼ਿਆਦਾ ਹੈ। ਅਗੱਸਤ ’ਚ 268.1 ਮਿਲੀਮੀਟਰ ਮੀਂਹ ਦਰਜ ਕੀਤੀ ਗਿਆ, ਜੋ ਆਮ ਨਾਲੋਂ 5.2 ਫੀ ਸਦੀ ਜ਼ਿਆਦਾ ਹੈ।
ਅਗੱਸਤ ਦੌਰਾਨ ਉੱਤਰ-ਪਛਮੀ ਭਾਰਤ ਵਿਚ 2001 ਤੋਂ ਬਾਅਦ ਸੱਭ ਤੋਂ ਜ਼ਿਆਦਾ ਮੀਂਹ
ਮਹਾਪਾਤਰਾ ਨੇ ਕਿਹਾ ਕਿ ਉੱਤਰ-ਪਛਮੀ ਭਾਰਤ ’ਚ ਅਗੱਸਤ ਦੌਰਾਨ 265 ਮਿਲੀਮੀਟਰ ਮੀਂਹ ਪਿਆ, ਜੋ 2001 ਤੋਂ ਬਾਅਦ ਮਹੀਨੇ ’ਚ ਸੱਭ ਤੋਂ ਵੱਧ ਹੈ ਅਤੇ 1901 ਤੋਂ ਬਾਅਦ 13ਵਾਂ ਸੱਭ ਤੋਂ ਵੱਧ ਮੀਂਹ ਹੈ। ਇਸ ਖੇਤਰ ਵਿਚ ਹੁਣ ਤਕ ਮਾਨਸੂਨ ਦੇ ਮੌਸਮ ਦੇ ਸਾਰੇ ਤਿੰਨ ਮਹੀਨਿਆਂ ਵਿਚ ਆਮ ਤੋਂ ਵੱਧ ਮੀਂਹ ਪਿਆ ਹੈ। ਕੁਲ ਮਿਲਾ ਕੇ, ਉੱਤਰ-ਪਛਮੀ ਭਾਰਤ ਵਿਚ 1 ਜੂਨ ਤੋਂ 31 ਅਗੱਸਤ ਦੇ ਵਿਚਕਾਰ 614.2 ਮਿਲੀਮੀਟਰ ਮੀਂਹ ਪਿਆ, ਜੋ ਆਮ 484.9 ਮਿਲੀਮੀਟਰ ਨਾਲੋਂ ਲਗਭਗ 27 ਫ਼ੀ ਸਦੀ ਵੱਧ ਹੈ।
ਪੰਜਾਬ ਨੂੰ ਕਈ ਦਹਾਕਿਆਂ ਦੇ ਸੱਭ ਤੋਂ ਭਿਆਨਕ ਹੜ੍ਹਾਂ ਦਾ ਸਾਹਮਣਾ ਕਰਨਾ ਪਿਆ, ਜਿਸ ਕਾਰਨ ਦਰਿਆ ਪਾਣੀ ਨਾਲ ਭਰ ਗਏ ਅਤੇ ਕਈ ਨਹਿਰਾਂ ’ਚ ਪਾੜ ਪੈ ਗਿਆ। ਹਜ਼ਾਰਾਂ ਹੈਕਟੇਅਰ ਖੇਤ ਪਾਣੀ ਵਿਚ ਡੁੱਬ ਗਏ ਅਤੇ ਲੱਖਾਂ ਲੋਕ ਬੇਘਰ ਹੋ ਗਏ। ਹਿਮਾਲਿਆ ਦੇ ਸੂਬਿਆਂ ਹਿਮਾਚਲ ਪ੍ਰਦੇਸ਼, ਉਤਰਾਖੰਡ ਅਤੇ ਜੰਮੂ-ਕਸ਼ਮੀਰ ’ਚ ਬੱਦਲ ਫਟਣ ਅਤੇ ਹੜ੍ਹ ਕਾਰਨ ਜ਼ਮੀਨ ਖਿਸਕਣ ਅਤੇ ਜਾਨ-ਮਾਲ ਦਾ ਭਾਰੀ ਨੁਕਸਾਨ ਹੋਇਆ ਹੈ।
ਮਹਾਪਾਤਰਾ ਨੇ ਕਿਹਾ ਕਿ ਮਾਨਸੂਨ 14 ਅਗੱਸਤ ਤੋਂ ਤੇਜ਼ੀ ਨਾਲ ਮੁੜ ਸੁਰਜੀਤ ਹੋਇਆ ਹੈ ਅਤੇ ਮਹੀਨੇ ਦੇ ਦੂਜੇ ਅੱਧ ਵਿਚ 15 ਦਿਨਾਂ ਲਈ ਚਾਰ ਘੱਟ ਦਬਾਅ ਪ੍ਰਣਾਲੀਆਂ ਕਾਰਨ ਸਰਗਰਮ ਸਥਿਤੀਆਂ ਬਰਕਰਾਰ ਹਨ। ਆਈ.ਐਮ.ਡੀ. ਮੁਖੀ ਨੇ ਕਿਹਾ ਕਿ ਉੱਤਰ-ਪਛਮੀ ਭਾਰਤ ਅਤੇ ਨਾਲ ਲਗਦੇ ਪਛਮੀ ਹਿਮਾਲਿਆਈ ਸੂਬਿਆਂ ਵਿਚ 21 ਤੋਂ 27 ਅਗੱਸਤ ਦੇ ਵਿਚਕਾਰ ਲਗਾਤਾਰ ਸਰਗਰਮ ਪਛਮੀ ਗੜਬੜੀ ਅਤੇ ਤੇਜ਼ ਮਾਨਸੂਨ ਹਵਾਵਾਂ ਕਾਰਨ ‘ਬਹੁਤ ਅਤੇ ਅਸਾਧਾਰਣ ਭਾਰੀ ਮੀਂਹ ਦੀਆਂ ਘਟਨਾਵਾਂ’ ਹੋਈਆਂ। (ਪੀਟੀਆਈ)
(For more news apart from “ There will be more than normal rainfall in September, ” stay tuned to Rozana Spokesman.)