
ਅਹਿਮਦਾਬਾਦ ਦੇ ਏ.ਟੀ.ਐਮ. ’ਚੋਂ 10.47 ਲੱਖ ਰੁਪਏ ਦੀ ਚੋਰੀ ਕਰਨ ਦੇ ਦੋਸ਼ ਹੇਠ ਦੋ ਪੰਜਾਬੀ ਗ੍ਰਿਫ਼ਤਾਰ
ਅਹਿਮਦਾਬਾਦ: ਗੁਜਰਾਤ ਦੀ ਅਹਿਮਦਾਬਾਦ ਕਰਾਈਮ ਬ੍ਰਾਂਚ ਨੇ ਪੰਜਾਬ ਦੇ ਦੋ ਵਿਅਕਤੀਆਂ ਨੂੰ 10.72 ਲੱਖ ਰੁਪਏ ਦੀ ਚੋਰੀ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਇਹ ਦੋਵੇਂ ਵੱਖੋ-ਵੱਖ ਥਾਵਾਂ ’ਤੇ ਏ.ਟੀ.ਐਮ. ’ਚੋਂ ਪੈਸੇ ਚੋਰੀ ਕਰਨ ਲਈ ਕਥਿਤ ਤੌਰ ’ਤੇ ਜਹਾਜ਼ ਰਾਹੀਂ ਸਫ਼ਰ ਕਰਦੇ ਸਨ।
ਪੁਲਿਸ ਦੇ ਇਕ ਅਧਿਕਾਰੀ ਨੇ ਕਿਹਾ ਕਿ ਇਸ ਮਹੀਨੇ, ਅਮਰਾਈਵਾੜੀ ਪੁਲਿਸ ਥਾਣਾ ਖੇਤਰ ਹੇਠ ਗੈਸ ਕਟਰ ਦਾ ਪ੍ਰਯੋਗ ਕਰ ਕੇ ਏ.ਟੀ.ਐਮ. ਤੋਂ ਪੈਸੇ ਚੋਰੀ ਕਰਨ ਦੇ ਮਾਮਲੇ ਦੀ ਜਾਂਚ ਦੌਰਾਨ ਪਤਾ ਲਗਿਆ ਕਿ ਪੰਜਾਬ ਦੇ ਰਹਿਣ ਵਾਲੇ ਦੋ ਮੁਲਜ਼ਮ ਏ.ਟੀ.ਐਮ. ’ਚੋਂ ਪੈਸੇ ਚਰੀ ਕਰਨ ਲਈ ਜਹਾਜ਼ ਰਾਹੀਂ ਚੰਡੀਗੜ੍ਹ ਤੋਂ ਅਹਿਮਦਾਬਾਦ ਆਏ ਸਨ।
ਉਨ੍ਹਾਂ ਕਿਹਾ, ‘‘ਉਹ ਅਹਿਮਦਾਬਾਦ ਹਵਾਈ ਅੱਡੇ ਕੋਲ ਇਕ ਹੋਟਲ ’ਚ ਰੁਕੇ ਸਨ। ਉਨ੍ਹਾਂ ਨੇ ਨਕਲੀ ਆਧਾਰ ਕਾਰਡ ਵਿਖਾ ਕੇ ਹੋਟਲ ’ਚ ਕਮਰਾ ਬੁਕ ਕਰਵਾਇਆ ਸੀ। ਉਨ੍ਹਾਂ ਨੇ ਇਕ ਆਨਲਾਈਨ ਮਾਰਕੀਟਿੰਗ ਸਾਈਟ ਤੋਂ ਇਕ ਸਕੂਟਰ ਖ਼ਰੀਦਿਆ, ਗੈਸ ਕਟਰ ਅਤੇ ਆਕਸੀਜਨ ਸਿਲੰਡਰ ਖ਼ਰੀਦੇ ਅਤੇ ਗੂਗਲ ਮੈਪਸ ਦਾ ਪ੍ਰਯੋਗ ਕਰ ਕੇ ਇਕ ਏ.ਟੀ.ਐਮ. ਦੀ ਚੋਣ ਕੀਤੀ ਅਤੇ ਉਸ ’ਚ ਵੜ ਗਏ।’’
ਅਧਿਕਾਰੀ ਅਨੁਸਾਰ ਉਨ੍ਹਾਂ ਨੇ ਏ.ਟੀ.ਐਮ. ਨੂੰ ਕੱਟ ਕੇ ਖੋਲ੍ਹਿਆ ਅਤੇ 500 ਰੁਪਏ ਮੁਦਰਾ ਵਾਲੇ 10.47 ਲੱਖ ਰੁਪਏ ਦੇ ਨੋਟ ਚੋਰੀ ਕਰ ਲਏ। ਇਸ ਤੋਂ ਬਾਅਦ ਉਹ ਅਪਣੇ ਹੋਟਲ ਪਰਤੇ, ਉਨ੍ਹਾਂ ਨੇ ਅਪਣਾ ਸਾਮਾਨ ਲਿਆ ਅਤੇ ਦਿੱਲੀ ਲਈ ਜਹਾਜ਼ ’ਚ ਸਵਾਰ ਹੋ ਗਏ। ਉਹ ਇਸੇ ਤਰੀਕੇ ਨਾਲ ਏ.ਟੀ.ਐਮ. ਤੋਂ ਪੈਸੇ ਚੋਰੀ ਕਰਨ ਲਈ ਵੱਖੋ-ਵੱਖ ਥਾਵਾਂ ’ਤੇ ਜਹਾਜ਼ ਜ਼ਰੀਏ ਜਾਂਦੇ ਸਨ।
ਉਨ੍ਹਾਂ ਕਿਹਾ ਕਿ ਅਮਰਾਈਵਾੜੀ ਪੁਲਿਸ ਥਾਣੇ ’ਚ ਦਰਜ ਇਕ ਮਾਮਲੇ ਦੇ ਆਧਾਰ ’ਤੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ’ਚੋਂ ਇਕ ਮੁਲਜ਼ਮ ਅਮਰਜੋਤ ਸਿੰਘ ਅਰੋੜਾ ਨੂੰ 2005 ’ਚ ਕਤਲ ਦੇ ਇਕ ਮਾਮਲੇ ’ਚ ਮੁਹਾਲੀ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਉਸ ਨੂੰ 2010 ’ਚ ਜ਼ਮਾਨਤ ’ਤੇ ਰਿਹਾਅ ਕਰ ਦਿਤਾ ਗਿਆ ਸੀ।
ਉਸ ਨੂੰ ਇਸ ਸਾਲ ਅਪ੍ਰੈਲ ਅਤੇ ਜੂਨ ’ਚ ਵੀ ਮਹਾਰਾਸ਼ਟਰ ਦੇ ਨਾਗਪੁਰ ਅਤੇ ਪੁਣੇ ’ਚ ਏ.ਟੀ.ਐਮ. ਤੋੜਨ ਦੀ ਕੋਸ਼ਿਸ਼ ਕਰਦਿਆਂ ਗ੍ਰਿਫ਼ਤਾਰ ਕੀਤਾ ਗਿਆ ਸੀ। ਪੁਲਿਸ ਨੇ ਕਿਹਾ ਕਿ ਉਸ ਵਿਰੁਧ ਬੇਂਗਲੁਰੂ ’ਚ ਕਤਲ ਦੀ ਕੋਸ਼ਿਸ਼, ਡਕੈਤੀ, ਚੋਰੀ ਆਦਿ ਦੇ ਮਾਮਲੇ ’ਚ ਚਾਰ ਵੱਖੋ-ਵੱਖ ਐਫ਼.ਆਈ.ਆਰ. ਦਰਜ ਕੀਤੀਆਂ ਗਈਆਂ ਹਨ।