
ਦੋ ਹੋਰ ਮਾਮਲਿਆਂ ’ਚ ਜੇਲ ਅੰਦਰ ਰਹਿਣਗੇ
ਨੂਹ (ਹਰਿਆਣਾ): ਹਰਿਆਣਾ ਵਿਚ ਨੂਹ ਹਿੰਸਾ ਦੇ ਮਾਮਲੇ ਵਿਚ ਗ੍ਰਿਫਤਾਰ ਕੀਤੇ ਗਏ ਕਾਂਗਰਸੀ ਵਿਧਾਇਕ ਮਾਮਨ ਖਾਨ ਨੂੰ ਅਦਾਲਤ ਨੇ ਦੋ ਮਾਮਲਿਆਂ ਵਿਚ ਜ਼ਮਾਨਤ ਦੇ ਦਿਤੀ ਹੈ। ਪੁਲਿਸ ਨੇ ਇਹ ਜਾਣਕਾਰੀ ਦਿਤੀ। ਖਾਨ ਹਾਲਾਂਕਿ ਜੇਲ ’ਚ ਹੀ ਰਹਿਣਗੇ ਕਿਉਂਕਿ ਉਸ ਨੂੰ ਨੂਹ ਹਿੰਸਾ ਨਾਲ ਜੁੜੇ ਦੋ ਹੋਰ ਮਾਮਲਿਆਂ ’ਚ ਅਜੇ ਜ਼ਮਾਨਤ ਨਹੀਂ ਮਿਲੀ ਹੈ। ਪੁਲਿਸ ਨੇ ਦਸਿਆ ਕਿ ਅਦਾਲਤ ਨੇ ਉਸ ਦੀ ਜ਼ਮਾਨਤ ਪਟੀਸ਼ਨ ’ਤੇ ਸੁਣਵਾਈ ਦੀ ਅਗਲੀ ਤਰੀਕ 3 ਅਕਤੂਬਰ ਤੈਅ ਕੀਤੀ ਹੈ।
ਇਸ ਤੋਂ ਪਹਿਲਾਂ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਵਧੀਕ ਸੈਸ਼ਨ ਜੱਜ ਸੰਦੀਪ ਦੁੱਗਲ ਨੇ ਫ਼ਿਰੋਜ਼ਪੁਰ ਝਿਰਕਾ ਤੋਂ ਕਾਂਗਰਸੀ ਵਿਧਾਇਕ ਦੀ ਜ਼ਮਾਨਤ ਅਰਜ਼ੀ ’ਤੇ ਅਪਣਾ ਫ਼ੈਸਲਾ ਸ਼ਾਮ 4 ਵਜੇ ਤਕ ਰਾਖਵਾਂ ਰੱਖ ਲਿਆ ਸੀ।
ਖਾਨ ਦੇ ਵਕੀਲ ਤਾਹਿਰ ਹੁਸੈਨ ਦੇਵਲਾ ਨੇ ਕਿਹਾ, ‘‘ਅਦਾਲਤ ਦੇ ਫੈਸਲੇ ’ਚ ਕਾਂਗਰਸੀ ਨੇਤਾ ਨੂੰ ਐੱਫ.ਆਈ.ਆਰ. ਨੰਬਰ 149, 150 ’ਚ ਜ਼ਮਾਨਤ ਦਿੱਤੀ ਗਈ ਸੀ ਪਰ ਖਾਨ ਨੂੰ ਨਗੀਨਾ ਪੁਲਸ ਸਟੇਸ਼ਨ ’ਚ ਦਰਜ ਐੱਫ.ਆਈ.ਆਰ. ਨੰਬਰ 137, 148 ’ਚ ਅਜੇ ਤਕ ਜ਼ਮਾਨਤ ਨਹੀਂ ਮਿਲੀ ਹੈ।’’ ਉਨ੍ਹਾਂ ਕਿਹਾ, ‘‘ਇਸ ਕਾਰਨ ਉਸ ਨੂੰ ਫਿਲਹਾਲ ਜੇਲ੍ਹ ’ਚ ਹੀ ਰਹਿਣਾ ਪਵੇਗਾ ਅਤੇ ਜ਼ਮਾਨਤ ’ਤੇ ਅਗਲੀ ਸੁਣਵਾਈ 3 ਅਕਤੂਬਰ ਨੂੰ ਤੈਅ ਕੀਤੀ ਗਈ ਹੈ।’’ ਖਾਨ ਨੂੰ 15 ਸਤੰਬਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ।
31 ਜੁਲਾਈ ਨੂੰ ਨੂਹ ’ਚ ਵਿਸ਼ਵ ਹਿੰਦੂ ਪ੍ਰੀਸ਼ਦ (ਵੀ.ਐਚ.ਪੀ.) ਦੀ ਅਗਵਾਈ ’ਚ ਕੱਢੀ ਗਈ ਜਲਾਭਿਸ਼ੇਕ ਯਾਤਰਾ ’ਤੇ ਭੀੜ ਨੇ ਹਮਲਾ ਕਰ ਦਿਤਾ ਸੀ। ਇਸ ਘਟਨਾ ਅਤੇ ਉਸ ਤੋਂ ਬਾਅਦ ਹੋਈ ਫਿਰਕੂ ਹਿੰਸਾ ਵਿਚ ਛੇ ਲੋਕ ਮਾਰੇ ਗਏ ਸਨ। ਗੁਰੂਗ੍ਰਾਮ ਦੇ ਨਾਲ ਲੱਗਦੀ ਮਸਜਿਦ ’ਤੇ ਹੋਏ ਹਮਲੇ ’ਚ ਇਕ ਇਮਾਮ ਦੀ ਮੌਤ ਹੋ ਗਈ।