
'ਆਰਐਲਡੀ ਨਾਲ ਸਾਡਾ ਗਠਜੋੜ ਅੰਤਿਮ ਹੈ ਅਤੇ ਸੀਟ ਵੰਡ ਨੂੰ ਅੰਤਿਮ ਰੂਪ ਦਿੱਤਾ ਜਾਣਾ ਹੈ।
ਲਖਨਊ: ਸਮਾਜਵਾਦੀ ਪਾਰਟੀ ਦੇ ਸੁਪਰੀਮੋ ਅਖਿਲੇਸ਼ ਯਾਦਵ ਨੇ ਇਹ ਐਲਾਨ ਕੀਤਾ ਹੈ ਕਿ ਉਹ ਉੱਤਰ ਪ੍ਰਦੇਸ਼ (ਯੂਪੀ) ਵਿਚ ਅਗਲੇ ਸਾਲ ਦੇ ਸ਼ੁਰੂ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨਹੀਂ ਲੜਨਗੇ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਦੀ ਪਾਰਟੀ ਅਤੇ ਰਾਸ਼ਟਰੀ ਲੋਕ ਦਲ (ਆਰਐਲਡੀ) ਵਿਚਾਲੇ ਗਠਜੋੜ ਨੂੰ ਅੰਤਿਮ ਰੂਪ ਦੇ ਦਿੱਤਾ ਗਿਆ ਹੈ।
Akhilesh Yadav
ਅਖਿਲੇਸ਼ ਨੇ ਸੋਮਵਾਰ ਨੂੰ ਕਿਹਾ 'ਆਰਐਲਡੀ ਨਾਲ ਸਾਡਾ ਗਠਜੋੜ ਅੰਤਿਮ ਹੈ ਅਤੇ ਸੀਟ ਵੰਡ ਨੂੰ ਅੰਤਿਮ ਰੂਪ ਦਿੱਤਾ ਜਾਣਾ ਹੈ।' ਅਖਿਲੇਸ਼ ਆਜ਼ਮਗੜ੍ਹ ਤੋਂ ਸਮਾਜਵਾਦੀ ਪਾਰਟੀ ਦੇ ਸੰਸਦ ਮੈਂਬਰ ਹਨ ਅਤੇ ਯੂਪੀ ਵਿਧਾਨ ਸਭਾ ਚੋਣਾਂ ਲਈ ਪਾਰਟੀ ਦਾ ਚਿਹਰਾ ਹਨ। ਹੁਣ ਉਹਨਾਂ ਦਾ ਇਹ ਐਲਾਨ ਸਾਹਮਣੇ ਆਇਆ ਹੈ ਕਿ ਉਹ ਵਿਧਾਨ ਸਭਾ ਚੋਣਾਂ ਨਹੀਂ ਲੜਨਗੇ।
Akhilesh Yadav
ਚੋਣਾਂ ਲਈ ਆਪਣੇ ਚਾਚਾ ਸ਼ਿਵਪਾਲ ਯਾਦਵ ਦੀ ਪ੍ਰਗਤੀਸ਼ੀਲ ਸਮਾਜਵਾਦੀ ਪਾਰਟੀ ਲੋਹੀਆ (ਪੀ.ਐੱਸ.ਪੀ.ਐੱਲ.) ਨੂੰ 'ਨਾਲ ਲੈ ਕੇ ਜਾਣ' ਦੀਆਂ ਸੰਭਾਵਨਾਵਾਂ 'ਤੇ ਉਨ੍ਹਾਂ ਕਿਹਾ, 'ਮੈਨੂੰ ਇਸ ਨਾਲ ਕੋਈ ਸਮੱਸਿਆ ਨਹੀਂ ਹੈ। ਉਨ੍ਹਾਂ (ਸ਼ਿਵਪਾਲ) ਅਤੇ ਉਨ੍ਹਾਂ ਦੇ ਸਾਥੀਆਂ ਨੂੰ ਬਣਦਾ ਸਨਮਾਨ ਦਿੱਤਾ ਜਾਵੇਗਾ। ' ਜ਼ਿਕਰਯੋਗ ਹੈ ਕਿ ਅਖਿਲੇਸ਼ ਨੇ ਹੁਣ ਤੱਕ ਕੋਈ ਵਿਧਾਨ ਸਭਾ ਚੋਣ ਨਹੀਂ ਲੜੀ ਹੈ। ਉਨ੍ਹਾਂ ਨੇ ਕਨੌਜ ਅਤੇ ਆਜ਼ਮਗੜ੍ਹ ਤੋਂ ਲੋਕ ਸਭਾ ਚੋਣਾਂ ਲੜੀਆਂ ਸਨ। ਜਦੋਂ ਅਖਿਲੇਸ਼ ਯੂਪੀ ਦੇ ਮੁੱਖ ਮੰਤਰੀ ਬਣੇ ਸੀ ਤਾਂ ਉਹ ਵਿਧਾਨ ਪ੍ਰੀਸ਼ਦ ਤੋਂ ਚੁਣੇ ਗਏ।