
ਨੇਪਾਲ ਦੇ ਚੋਣ ਮੈਦਾਨ 'ਚ 100 ਸਾਲਾ ਉਮੀਦਵਾਰ, ਸਾਬਕਾ ਪ੍ਰਧਾਨ ਮੰਤਰੀ ਵਿਰੁੱਧ ਲੜੇਗਾ ਚੋਣ
ਕਾਠਮੰਡੂ - ਨੇਪਾਲ 'ਚ 20 ਨਵੰਬਰ ਨੂੰ ਸੰਸਦੀ ਚੋਣਾਂ ਹੋਣ ਜਾ ਰਹੀਆਂ ਹਨ ਅਤੇ ਉਸ 'ਚ 100 ਸਾਲਾ ਸੁਤੰਤਰਤਾ ਸੈਨਾਨੀ ਟੀਕਾ ਦੱਤਾ ਪੋਖਰੈਲ ਸਭ ਤੋਂ ਬਜ਼ੁਰਗ ਉਮੀਦਵਾਰ ਹਨ ਜੋ ਸਾਬਕਾ ਪ੍ਰਧਾਨ ਮੰਤਰੀ ਪੁਸ਼ਪਕਮਲ ਦਹਿਲ 'ਪ੍ਰਚੰਡ' ਖ਼ਿਲਾਫ਼ ਚੋਣ ਲੜਨ ਜਾ ਰਹੇ ਹਨ।
ਪੋਖਰਲ ਦਾ ਟੀਚਾ ਨੇਪਾਲ ਨੂੰ ਦੁਬਾਰਾ ਹਿੰਦੂ ਰਾਜ ਬਣਾਉਣਾ ਹੈ। ਨੇਪਾਲੀ ਕਾਂਗਰਸ (ਬੀਪੀ) ਦੇ ਪ੍ਰਧਾਨ ਸੁਸ਼ੀਲ ਮਾਨ ਸੇਰਚਨ ਅਨੁਸਾਰ, ਗੋਰਖਾ ਜ਼ਿਲ੍ਹੇ 'ਚ ਪੈਦਾ ਹੋਏ ਪੋਖਰੈਲ ਨੇ ਗੋਰਖਾ-2 ਹਲਕੇ ਤੋਂ 67 ਸਾਲਾ ਪ੍ਰਚੰਡ ਖ਼ਿਲਾਫ਼ ਨਾਮਜ਼ਦਗੀ ਦਾਖ਼ਲ ਕੀਤੀ ਹੈ।
ਨੇਪਾਲੀ ਕਾਂਗਰਸ (ਬੀਪੀ) ਸੱਤਾਧਾਰੀ ਨੇਪਾਲੀ ਕਾਂਗਰਸ ਤੋਂ ਵੱਖ ਹੋਇਆ ਧੜਾ ਹੈ। ਪੋਖਰੈਲ ਸੋਮਵਾਰ ਨੂੰ ਹੀ 100 ਸਾਲ ਦੇ ਹੋਏ ਹਨ। ਸੇਰਚਨ ਨੇ ਕਿਹਾ ਕਿ ਪੋਖਰੈਲ ਦੀ ਸਿਹਤ ਠੀਕ ਹੈ ਅਤੇ ਉਹ ਸਿਆਸਤ ਵਿੱਚ ਸਰਗਰਮ ਹਨ। ਸੱਤ ਬੱਚਿਆਂ ਦੇ ਪਿਤਾ ਪੋਖਰੈਲ ਨੇਪਾਲੀ ਕਾਂਗਰਸ (ਬੀਪੀ) ਦੀ ਟਿਕਟ 'ਤੇ ਚੋਣ ਲੜਨ ਜਾ ਰਹੇ ਹਨ। ਪੋਖਰੈਲ 20 ਨਵੰਬਰ ਨੂੰ ਹੋਣ ਵਾਲੀ ਚੋਣ ਲੜਨ ਵਾਲੇ ਸਭ ਤੋਂ ਬਜ਼ੁਰਗ ਉਮੀਦਵਾਰ ਹਨ। ਨੇਪਾਲ ਵਿੱਚ ਸੰਸਦ ਅਤੇ ਸੂਬਾਈ ਅਸੈਂਬਲੀ ਦੀਆਂ ਚੋਣਾਂ 20 ਨਵੰਬਰ ਨੂੰ ਇੱਕੋ ਪੜਾਅ ਵਿੱਚ ਹੋਣਗੀਆਂ। ਸੇਰਚਨ ਨੇ ਪੋਖਰਲ ਦੇ ਹਵਾਲੇ ਨਾਲ ਕਿਹਾ, "ਦੇਸ਼ ਵਿੱਚ ਕੋਈ ਅਸਲੀ ਨੇਤਾ ਨਹੀਂ ਹੈ, ਜੋ ਲੋਕ ਨੇਤਾ ਹੋਣ ਦਾ ਦਾਅਵਾ ਕਰਦੇ ਹਨ ਉਹ ਸਿਰਫ਼ ਪੈਸਾ ਕਮਾਉਣ ਲਈ ਆਏ ਹਨ।"