ਗ੍ਰਹਿ ਮੰਤਰੀ ਨੇ ਬੀ.ਐਸ.ਐਫ. ਦੇ 59ਵੇਂ ਸਥਾਪਨਾ ਦਿਵਸ ਮੌਕੇ ਪਰੇਡ ਦੀ ਸਲਾਮੀ ਲਈ
ਹਜ਼ਾਰੀਬਾਗ਼ (ਝਾਰਖੰਡ): ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ੁਕਰਵਾਰ ਨੂੰ ਕਿਹਾ ਕਿ ਪਾਕਿਸਤਾਨ ਅਤੇ ਬੰਗਲਾਦੇਸ਼ ਨਾਲ ਲਗਦੀਆਂ ਭਾਰਤ ਦੀਆਂ ਦੋ ਪ੍ਰਮੁੱਖ ਸਰਹੱਦਾਂ ਅਗਲੇ ਦੋ ਸਾਲਾਂ ’ਚ ਪੂਰੀ ਤਰ੍ਹਾਂ ਸੁਰੱਖਿਅਤ ਹੋ ਜਾਣਗੀਆਂ ਅਤੇ ਦੋਹਾਂ ਮੋਰਚਿਆਂ ’ਚੋਂ ਲਗਭਗ 60 ਕਿਲੋਮੀਟਰ ’ਤੇ ਖੁੱਲ੍ਹੀਆਂ ਥਾਵਾਂ ’ਤੇ ਵਾੜ ਲਗਾਉਣ ਦਾ ਕੰਮ ਜਾਰੀ ਹੈ।
ਸ਼ਾਹ ਨੇ ਸੀਮਾ ਸੁਰੱਖਿਆ ਬਲ (ਬੀ.ਐਸ.ਐਫ.) ਦੇ 59ਵੇਂ ਸਥਾਪਨਾ ਦਿਵਸ ਮੌਕੇ ਇੱਥੇ ਕਰਵਾਏ ਇਕ ਸਮਾਰੋਹ ਵਿਚ ਪਰੇਡ ਦੀ ਸਲਾਮੀ ਲੈਣ ਤੋਂ ਬਾਅਦ ਅਪਣੇ ਸੰਬੋਧਨ ਵਿਚ ਇਹ ਗੱਲ ਕਹੀ। ਗ੍ਰਹਿ ਮੰਤਰੀ ਨੇ ਕਿਹਾ ਕਿ ਨਰਿੰਦਰ ਮੋਦੀ ਸਰਕਾਰ ਨੇ ਸੱਤਾ ’ਚ ਆਉਣ ਤੋਂ ਬਾਅਦ ਪਿਛਲੇ ਨੌਂ ਸਾਲਾਂ ’ਚ ਭਾਰਤ-ਪਾਕਿਸਤਾਨ ਅਤੇ ਭਾਰਤ-ਬੰਗਲਾਦੇਸ਼ ਸਰਹੱਦਾਂ ਦੇ ਲਗਭਗ 560 ਕਿਲੋਮੀਟਰ ਦੀ ਵਾੜ ਲਗਾਈ ਹੈ ਅਤੇ ਘੁਸਪੈਠ ਤੇ ਤਸਕਰੀ ਦੇ ਸ਼ੱਕ ਵਾਲੀਆਂ ਥਾਵਾਂ ’ਤੇ ਲੋੜੀਂਦੇ ਪ੍ਰਬੰਧ ਕੀਤੇ ਹਨ। ਉਨ੍ਹਾਂ ਕਿਹਾ ਕਿ ਭਾਰਤ ਦੇ ਪਛਮੀ ਅਤੇ ਪੂਰਬੀ ਮੋਰਚਿਆਂ ’ਤੇ ਦੋਵਾਂ ਸਰਹੱਦਾਂ ’ਤੇ 60 ਕਿਲੋਮੀਟਰ ਦੇ ਖੇਤਰ ’ਚ ਸਿਰਫ ‘ਛੋਟੇ-ਛੋਟੇ ਹਿੱਸੇ’ ਹੀ ਬਚੇ ਹਨ। ਸ਼ਾਹ ਨੇ ਕਿਹਾ ਕਿ ਅਗਲੇ ਦੋ ਸਾਲਾਂ ’ਚ ਅਸੀਂ ਇਨ੍ਹਾਂ ਦੋਹਾਂ ਸਰਹੱਦਾਂ ਨੂੰ ਸੁਰੱਖਿਅਤ ਕਰ ਲਵਾਂਗੇ।
ਭਾਰਤ ਦੀ 2,290 ਕਿਲੋਮੀਟਰ ਲੰਮੀ ਭਾਰਤ-ਪਾਕਿਸਤਾਨ ਸਰਹੱਦ ਅਤੇ 4,096 ਕਿਲੋਮੀਟਰ ਲੰਮੀ ਭਾਰਤ-ਬੰਗਲਾਦੇਸ਼ ਸਰਹੱਦ ਪਾਣੀ, ਪਹਾੜੀ ਅਤੇ ਦਲਦਲੀ ਇਲਾਕਿਆਂ ਨਾਲ ਢਕੀ ਹੋਈ ਹੈ ਅਤੇ ਵਾੜ ਲਗਾਉਣਾ ਬਹੁਤ ਮੁਸ਼ਕਲ ਕੰਮ ਹੈ। ਅਜਿਹੀ ਸਥਿਤੀ ’ਚ ਬੀ.ਐਸ.ਐਫ. ਅਤੇ ਹੋਰ ਏਜੰਸੀਆਂ ਘੁਸਪੈਠ ਨੂੰ ਰੋਕਣ ਲਈ ਤਕਨੀਕੀ ਉਪਕਰਣਾਂ ਦੀ ਵਰਤੋਂ ਕਰਦੀਆਂ ਹਨ।
ਉਨ੍ਹਾਂ ਕਿਹਾ, ‘‘ਮੇਰਾ ਪੱਕਾ ਵਿਸ਼ਵਾਸ ਹੈ ਕਿ ਜੇਕਰ ਕੋਈ ਦੇਸ਼ ਅਪਣੀਆਂ ਸਰਹੱਦਾਂ ਸੁਰੱਖਿਅਤ ਨਹੀਂ ਰਖਦਾ ਤਾਂ ਉਹ ਕਦੇ ਵੀ ਵਿਕਾਸ ਅਤੇ ਖੁਸ਼ਹਾਲੀ ਨਹੀਂ ਕਰ ਸਕਦਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਨੇ ਦੇਸ਼ ਨੂੰ ਚੰਨ ’ਤੇ ਲਿਜਾਇਆ ਹੈ, ਜੀ-20 ਸਿਖਰ ਸੰਮੇਲਨ ਨਾਲ ਪੂਰੀ ਦੁਨੀਆਂ ’ਚ ਦੇਸ਼ ਦਾ ਝੰਡਾ ਲਹਿਰਾਇਆ ਹੈ ਅਤੇ ਅਰਥਵਿਵਸਥਾ ਨੂੰ ਦੁਨੀਆਂ ’ਚ 11ਵੇਂ ਸਥਾਨ ਤੋਂ ਪੰਜਵੇਂ ਸਥਾਨ ’ਤੇ ਲੈ ਗਈ ਹੈ। ਇਹ ਸਭ ਸਰਹੱਦਾਂ ਦੀ ਰਾਖੀ ਕਰਨ ਵਾਲੇ ਸਾਡੇ ਬੀ.ਐਸ.ਐਫ. ਵਰਗੇ ਬਲਾਂ ਕਾਰਨ ਸੰਭਵ ਹੋਇਆ।’’
ਉਨ੍ਹਾਂ ਨੇ ਇੱਥੇ ‘ਮੇਰੂ’ ਸਿਖਲਾਈ ਕੈਂਪ ’ਚ ਅਪਣੇ 22 ਮਿੰਟ ਦੇ ਭਾਸ਼ਣ ’ਚ ਬੀ.ਐਸ.ਐਫ. ਦੇ ਜਵਾਨਾਂ ਨੂੰ ਕਿਹਾ, ‘‘ਤੁਸੀਂ, ਬੀ.ਐਸ.ਐਫ., ਇਸ ਯਾਤਰਾ ਦੇ ਜ਼ਰੂਰੀ ਥੰਮ੍ਹ ਹੋ।’ਉਨ੍ਹਾਂ ਕਿਹਾ, ‘‘ਮੈਨੂੰ ਇਹ ਭੁਲੇਖਾ ਨਹੀਂ ਹੈ ਕਿ ਸਰਹੱਦ ’ਤੇ ਸਿਰਫ਼ ਵਾੜ ਹੀ ਦੇਸ਼ ਦੀ ਰਾਖੀ ਕਰ ਸਕਦੀ ਹੈ, ਇਸ ਨਾਲ ਸਿਰਫ ਮਦਦ ਮਿਲਦੀ ਹੈ। ਸਾਡੇ ਬਹਾਦਰ ਬੀ.ਐਸ.ਐਫ. ਜਵਾਨ ਦੇਸ਼ ਦੀ ਰਾਖੀ ਕਰਦੇ ਹਨ।’’ ਬੀ.ਐਸ.ਐਫ. ਦੀ ਸਥਾਪਨਾ 1 ਦਸੰਬਰ 1965 ਨੂੰ ਕੀਤੀ ਗਈ ਸੀ। ਗ੍ਰਹਿ ਮੰਤਰੀ ਨੇ ਕਿਹਾ ਕਿ ਜਦੋਂ ਵੀ ਦੇਸ਼ ’ਚ ਭਾਜਪਾ ਦੀ ਕਿਸੇ ਵੀ ਸਰਕਾਰ ਨੇ ਸੱਤਾ ਸੰਭਾਲੀ ਹੈ, ਸਰਹੱਦੀ ਸੁਰੱਖਿਆ ਨੂੰ ਤਰਜੀਹ ਦਿਤੀ ਗਈ ਹੈ, ਚਾਹੇ ਉਹ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਹੋਵੇ ਜਾਂ ਮੋਦੀ ਸਰਕਾਰ।