
ਦੋਹਾਂ ਨੇ ਅਪਣੀ ਜਾਨ ਖ਼ਤਰੇ ਵਿਚ ਪਾ ਕੇ ਪੰਤ ਦੀ ਜਾਨ ਬਚਾ ਕੇ ਇਕ ਮਿਸਾਲ ਕਾਇਮ ਕੀਤੀ ਹੈ।
ਦੇਹਰਾਦੂਨ : ਭਾਰਤੀ ਕ੍ਰਿਕਟਰ ਰਿਸ਼ਭ ਪੰਤ ਦੀ ਸੜਕ ਹਾਦਸੇ ’ਚ ਜਾਨ ਬਚਾਉਣ ਵਾਲੇ ਹਰਿਆਣਾ ਰੋਡਵੇਜ਼ ਦੇ ਬੱਸ ਕੰਡਕਰਟ ਅਤੇ ਡਰਾਈਵਰ ਨੂੰ ਉਤਰਾਖੰਡ ਸਰਕਾਰ ਸਨਮਾਨਤ ਕਰੇਗੀ। ਮੁੱਖ ਮੰਤਰੀ ਪੁਸ਼ਕਰ ਧਾਮੀ ਨੇ ਇਹ ਐਲਾਨ ਕੀਤਾ ਹੈ।
ਉਨ੍ਹਾਂ ਨੇ ਨਵੇਂ ਸਾਲ ਮੌਕੇ ਕਿਹਾ ਕਿ ਪੰਤ ਦੀ ਜ਼ਿੰਦਗੀ ਬਚਾਉਣ ਵਾਲੇ ਹਰਿਆਣਾ ਰੋਡਵੇਜ਼ ਦੇ ਡਰਾਈਵਰ ਸੁਸ਼ੀਲ ਕੁਮਾਰ ਅਤੇ ਕੰਡਕਟਰ ਪਰਮਜੀਤ ਨੂੰ 26 ਜਨਵਰੀ ਨੂੰ ਦੇਹਰਾਦੂਨ ’ਚ ਸਨਮਾਨਤ ਕੀਤਾ ਜਾਵੇਗਾ। ਧਾਮੀ ਨੇ ਕਿਹਾ ਕਿ ਸੂਬਾ ਸਰਕਾਰ 26 ਜਨਵਰੀ ਨੂੰ ਉਨ੍ਹਾਂ ਨੂੰ ਸਨਮਾਨਤ ਕਰੇਗੀ। ਉਨ੍ਹਾਂ ਕਿਹਾ ਕਿ ਦੋਹਾਂ ਨੇ ਅਪਣੀ ਜਾਨ ਖ਼ਤਰੇ ਵਿਚ ਪਾ ਕੇ ਪੰਤ ਦੀ ਜਾਨ ਬਚਾ ਕੇ ਇਕ ਮਿਸਾਲ ਕਾਇਮ ਕੀਤੀ ਹੈ।
ਯਾਦ ਰਹੇ ਕਿ ਬੀਤੇ ਸਾਲ 30 ਦਸੰਬਰ ਸ਼ੁਕਰਵਾਰ ਦੀ ਸਵੇਰ ਨੂੰ ਪੰਤ ਦਿੱਲੀ ਤੋਂ ਰੁੜਕੀ ਜਾਂਦੇ ਹੋਏ ਅਪਣੀ ਮਰਸਡੀਜ਼ ਤੋਂ ਕੰਟਰੋਲ ਗੁਆ ਬੈਠੇ, ਜਿਸ ਕਾਰਨ ਇਹ ਡਿਵਾਇਡਰ ਨਾਲ ਟਕਰਾ ਗਈ ਸੀ। ਉਨ੍ਹਾਂ ਦਾ ਮੈਕਸ ਦੇਹਰਾਦੂਨ ’ਚ ਇਲਾਜ ਚਲ ਰਿਹਾ ਹੈ। ਹਾਦਸੇ ਦੇ ਸਮੇਂ ਘਟਨਾ ਵਾਲੀ ਥਾਂ ਨੇੜੇ ਮੌਜੂਦ ਬੱਸ ਡਰਾਈਵਰ ਸੁਸ਼ੀਲ ਕੁਮਾਰ ਅਤੇ ਕੰਡਕਟਰ ਪਰਮਜੀਤ ਨੇ ਪੰਤ ਨੂੰ ਕਾਰ ਵਿਚੋਂ ਬਾਹਰ ਕਢਿਆ ਅਤੇ ਪੁਲਿਸ ਨੂੰ ਸੂਚਨਾ ਦਿੱਤੀ।
ਰਿਸ਼ਭ ਪੰਤ ਨੂੰ ਸਿਰ ਅਤੇ ਗੋਡਿਆਂ ’ਚ ਗੰਭੀਰ ਸੱਟਾ ਲੱਗੀਆਂ ਹਨ। ਇਸ ਤੋਂ ਇਲਾਵਾ ਪਿੱਠ ਅਤੇ ਪੈਰ ਦੇ ਕੁਝ ਹਿਸਿਆਂ ਵਿਚ ਵੀ ਸੱਟਾਂ ਲੱਗੀਆਂ ਹਨ।
ਇਸ ਹਾਦਸੇ ਮਗਰੋਂ ਹਰਿਆਣਾ ਰੋਡਵੇਜ਼ ਬੱਸ ਡਰਾਈਵਰ ਅਤੇ ਕੰਡਕਟਰ ਨੇ ਮਸੀਹਾ ਬਣ ਕੇ ਰਿਸ਼ਭ ਪੰਤ ਦੀ ਜਾਨ ਬਚਾਈ ਸੀ। ਦੋਹਾਂ ਨੇ ਸਭ ਤੋਂ ਪਹਿਲਾਂ ਬੱਸ ਰੋਕ ਕੇ ਰਿਸ਼ਭ ਪੰਤ ਨੂੰ ਕਾਰ ਤੋਂ ਦੂਰ ਕੀਤਾ। ਇਸ ਤੋਂ ਬਾਅਦ ਐਂਬੂਲੈਂਸ ਨੂੰ ਫੋਨ ਕਰ ਕੇ ਉਨ੍ਹਾਂ ਨੂੰ ਹਸਪਤਾਲ ਭੇਜਿਆ।