New Delhi News: ਧਰਤੀ ਹੇਠਲੇ ਪਾਣੀ ਦੀ ਤਾਜ਼ਾ ਰਿਪੋਰਟਾਂ ਨੇ ਦੇਸ਼ ਨੂੰ ਡਰਾਇਆ

By : PARKASH

Published : Jan 2, 2025, 2:46 pm IST
Updated : Jan 2, 2025, 2:46 pm IST
SHARE ARTICLE
Fresh reports on groundwater scare the country
Fresh reports on groundwater scare the country

New Delhi News: ਦੇਸ਼ ਦੇ 440 ਜ਼ਿਲ੍ਹਿਆਂ ਦੇ ਧਰਤੀ ਹੇਠਲੇ ਪਾਣੀ ’ਚ ਨਾਈਟਰੇਟ ਦਾ ਉੱਚ ਪੱਧਰ ਸਿਹਤ ਲਈ ਖ਼ਤਰਾ : ਰਿਪੋਰਟ

 

New Delhi News: ਭਾਰਤ ਦੇ 440 ਜ਼ਿਲ੍ਹਿਆਂ ਦੇ ਧਰਤੀ ਹੇਠਲੇ ਪਾਣੀ ਵਿਚ ‘ਨਾਈਟਰੇਟ’ ਉੱਚ ਪੱਧਰ ’ਤੇ ਪਾਇਆ ਗਿਆ ਹੈ। ਕੇਂਦਰੀ ਜ਼ਮੀਨੀ ਜਲ ਬੋਰਡ (ਸੀਜੀਡਬਲਯੂਬੀ) ਨੇ ਇਕ ‘ਰਿਪੋਰਟ’ ਵਿਚ ਇਹ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਕੱਠੇ ਕੀਤੇ ਗਏ ਨਮੂਨਿਆਂ ’ਚੋਂ 20 ਪ੍ਰਤੀਸ਼ਤ ਵਿਚ ‘ਨਾਈਟਰੇਟ’ ਦਾ ਗਾੜ੍ਹਾਪਣ ਮਨਜ਼ੂਰ ਸੀਮਾ ਤੋਂ ਵੱਧ ਸੀ। ‘ਨਾਈਟਰੇਟ’ ਵਾਤਾਵਰਣ ਅਤੇ ਸਿਹਤ ਲਈ ਗੰਭੀਰ ਚਿੰਤਾ ਦਾ ਵਿਸ਼ਾ ਹੈ, ਖਾਸ ਤੌਰ ’ਤੇ ਉਨ੍ਹਾਂ ਖੇਤਰਾਂ ਵਿਚ ਜਿੱਥੇ ‘ਨਾਈਟਰੋਜਨ’ ਆਧਾਰਤ ਖਾਦਾਂ ਅਤੇ ਜਾਨਵਰਾਂ ਦੀ ਰਹਿੰਦ-ਖੂੰਹਦ ਦੀ ਵਰਤੋਂ ਕੀਤੀ ਜਾਂਦੀ ਹੈ।


‘ਸਲਾਨਾ ਜ਼ਮੀਨੀ ਪਾਣੀ ਦੀ ਗੁਣਵੱਤਾ ਰਿਪੋਰਟ - 2024’ ਵਿਚ ਇਹ ਵੀ ਪਤਾ ਲਗਿਆ ਹੈ ਕਿ 9.04 ਪ੍ਰਤੀਸ਼ਤ ਨਮੂਨਿਆਂ ’ਚ ‘ਫ਼ਲੋਰਾਈਡ’ ਦਾ ਪੱਧਰ ਵੀ ਸੁਰੱਖਿਅਤ ਸੀਮਾ ਤੋਂ ਉੱਪਰ ਸੀ, ਜਦੋਂ ਕਿ 3.55 ਪ੍ਰਤੀਸ਼ਤ ਨਮੂਨਿਆਂ ਵਿਚ ‘ਆਰਸੈਨਿਕ’ ਗੰਦਗੀ ਪਾਈ ਗਈ। ਮਈ 2023 ’ਚ ਧਰਤੀ ਹੇਠਲੇ ਪਾਣੀ ਦੀ ਗੁਣਵੱਤਾ ਦੀ ਜਾਂਚ ਕਰਨ ਲਈ ਦੇਸ਼ ਭਰ ਵਿਚੋਂ ਕੁੱਲ 15,259 ਨਿਗਰਾਨੀ ਸਥਾਨਾਂ ਦੀ ਚੋਣ ਕੀਤੀ ਗਈ ਸੀ। ਇਨ੍ਹਾਂ ’ਚੋਂ 25 ਪ੍ਰਤੀਸ਼ਤ ਖੂਹਾਂ (ਬੀਆਈਐਸ 10500 ਅਨੁਸਾਰ ਸਭ ਤੋਂ ਵੱਧ ਜੋਖ਼ਮ ਵਾਲੇ) ਦਾ ਵਿਸਥਾਰ ਨਾਲ ਅਧਿਐਨ ਕੀਤਾ ਗਿਆ। ਮਾਨਸੂਨ ਤੋਂ ਪਹਿਲਾਂ ਅਤੇ ਬਾਅਦ ਵਿਚ 4,982 ਥਾਵਾਂ ਤੋਂ ਜ਼ਮੀਨੀ ਪਾਣੀ ਦੇ ਨਮੂਨੇ ਲਏ ਗਏ ਤਾਂ ਕਿ ਗੁਣਵੱਤਾ ’ਤੇ ਪ੍ਰਭਾਵ ਨੂੰ ਸਮਝਿਆ ਜਾ ਸਕੇ।

ਰਿਪੋਰਟ ਵਿਚ ਪਾਇਆ ਗਿਆ ਕਿ 20 ਫ਼ੀ ਸਦੀ ਪਾਣੀ ਦੇ ਨਮੂਨਿਆਂ ਵਿਚ ਨਾਈਟਰੇਟ ਦੀ ਮਾਤਰਾ 45 ਮਿਲੀਗ੍ਰਾਮ ਪ੍ਰਤੀ ਲੀਟਰ ਦੀ ਸੀਮਾ ਨੂੰ ਪਾਰ ਕਰ ਗਈ, ਜੋ ਕਿ ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਅਤੇ ਭਾਰਤੀ ਮਿਆਰ ਬਿਊਰੋ (ਬੀਆਈਐਸ) ਦੁਆਰਾ ਪੀਣ ਵਾਲੇ ਪਾਣੀ ਲਈ ਨਿਰਧਾਰਤ ਸੀਮਾ ਹੈ।
ਰਾਜਸਥਾਨ, ਕਰਨਾਟਕ ਤੇ ਤਾਮਿਲਨਾਡੂ ’ਚ 40 ਪ੍ਰਤੀਸ਼ਤ ਤੋਂ ਵੱਧ ਨਮੂਨਿਆਂ ਵਿਚ ਨਾਈਟਰੇਟ ਸੀਮਾ ਤੋਂ ਉੱਪਰ ਸੀ, ਜਦੋਂ ਕਿ ਮਹਾਰਾਸ਼ਟਰ ਦੇ ਨਮੂਨਿਆਂ ਵਿਚ ਨਾਈਟਰੇਟ 35.74 ਪ੍ਰਤੀਸ਼ਤ, ਤੇਲੰਗਾਨਾ ਵਿਚ 27.48 ਪ੍ਰਤੀਸ਼ਤ, ਆਂਧਰਾ ਪ੍ਰਦੇਸ਼ ਵਿਚ 23.5 ਪ੍ਰਤੀਸ਼ਤ ਅਤੇ ਮੱਧ ਪ੍ਰਦੇਸ਼ ਵਿਚ 22.58 ਪ੍ਰਤੀਸ਼ਤ ਸੀ। ਉੱਤਰ ਪ੍ਰਦੇਸ਼, ਕੇਰਲ, ਝਾਰਖੰਡ ਅਤੇ ਬਿਹਾਰ ਵਿਚ ਨਾਈਟਰੇਟ ਦੀ ਪ੍ਰਤੀਸ਼ਤਤਾ ਘੱਟ ਪਾਈ ਗਈ। ਅਰੁਣਾਚਲ ਪ੍ਰਦੇਸ਼, ਅਸਾਮ, ਗੋਆ, ਮੇਘਾਲਿਆ, ਮਿਜ਼ੋਰਮ ਅਤੇ ਨਾਗਾਲੈਂਡ ਵਿਚ ਸਾਰੇ ਨਮੂਨੇ ਸੁਰੱਖਿਅਤ ਸੀਮਾਵਾਂ ਦੇ ਅੰਦਰ ਸਨ।

ਭਾਰਤ ਵਿਚ 15 ਅਜਿਹੇ ਜ਼ਿਲ੍ਹਿਆਂ ਦੀ ਪਛਾਣ ਕੀਤੀ ਗਈ ਜਿੱਥੇ ਧਰਤੀ ਹੇਠਲੇ ਪਾਣੀ ਵਿਚ ਨਾਈਟਰੇਟ ਉੱਚ ਪੱਧਰ ’ਤੇ ਪਾਇਆ ਗਿਆ। ਇਸ ਵਿਚ ਰਾਜਸਥਾਨ ਦੇ ਬਾੜਮੇਰ, ਜੋਧਪੁਰ, ਮਹਾਰਾਸ਼ਟਰ ਵਿਚ ਵਰਧਾ, ਬੁਲਢਾਨਾ, ਅਮਰਾਵਤੀ, ਨਾਂਦੇੜ, ਬੀਡ, ਜਲਗਾਓਂ ਅਤੇ ਯਵਤਮਾਲ, ਤੇਲੰਗਾਨਾ ਵਿਚ ਰੰਗਰੇਡੀ, ਆਦਿਲਾਬਾਦ ਅਤੇ ਸਿੱਦੀਪੇਟ, ਤਾਮਿਲਨਾਡੂ ਵਿਚ ਵਿਲੂਪੁਰਮ, ਆਂਧਰਾ ਪ੍ਰਦੇਸ਼ ਵਿਚ ਪਲਨਾਡੂ ਅਤੇ ਪੰਜਾਬ ਵਿਚ ਬਠਿੰਡਾ ਸ਼ਾਮਲ ਹਨ।
ਰਿਪੋਰਟ ਵਿਚ ਕਿਹਾ ਗਿਆ ਹੈ ਕਿ ਧਰਤੀ ਹੇਠਲੇ ਪਾਣੀ ਵਿਚ ਨਾਈਟਰੇਟ ਦਾ ਵਧਦਾ ਪੱਧਰ ਬਹੁਤ ਜ਼ਿਆਦਾ ਸਿੰਚਾਈ ਦਾ ਨਤੀਜਾ ਹੋ ਸਕਦਾ ਹੈ, ਜੋ ਸੰਭਾਵਤ ਤੌਰ ’ਤੇ ਖਾਦਾਂ ਤੋਂ ਨਾਈਟਰੇਟ ਨੂੰ ਮਿੱਟੀ ਵਿਚ ਡੂੰਘਾਈ ਤਕ ਪਹੁੰਚਾ ਸਕਦਾ ਹੈ।

ਰਿਪੋਰਟ ਵਿਚ ਅੱਗੇ ਕਿਹਾ ਗਿਆ ਕਿ ਰਾਜਸਥਾਨ, ਹਰਿਆਣਾ, ਕਰਨਾਟਕ, ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਵਿਚ ‘ਫ਼ਲੋਰਾਈਡ’ ਦਾ ਉੱਚ ਗਾੜ੍ਹਾਪਣ ਬਹੁਤ ਚਿੰਤਾ ਦਾ ਵਿਸ਼ਾ ਹੈ। ਇਸ ਵਿਚ ਕਿਹਾ ਗਿਆ ਹੈ ਕਿ ਗੰਗਾ ਅਤੇ ਬ੍ਰਹਮਪੁੱਤਰ ਨਦੀਆਂ ਦੇ ਮੈਦਾਨੀ ਇਲਾਕਿਆਂ ਵਿਚ ਸਥਿਤ ਰਾਜਾਂ ਵਿਚ ਆਰਸੈਨਿਕ ਦਾ ਪੱਧਰ ਜ਼ਿਆਦਾ ਪਾਇਆ ਗਿਆ। ਇਹ ਰਾਜ ਪਛਮੀ ਬੰਗਾਲ, ਝਾਰਖੰਡ, ਬਿਹਾਰ, ਉੱਤਰ ਪ੍ਰਦੇਸ਼, ਅਸਾਮ ਅਤੇ ਮਨੀਪੁਰ ਹਨ। ਪੰਜਾਬ ਦੇ ਕੁਝ ਹਿੱਸਿਆਂ ਅਤੇ ਛੱਤੀਸਗੜ੍ਹ ਦੇ ਰਾਜਨੰਦਗਾਓਂ ਜ਼ਿਲ੍ਹੇ ਦੇ ਪਾਣੀ ਵਿਚ ਵੀ ਆਰਸੈਨਿਕ ਦਾ ਉੱਚ ਪੱਧਰ ਪਾਇਆ ਗਿਆ ਹੈ। ਫ਼ਲੋਰਾਈਡ ਅਤੇ ਆਰਸੈਨਿਕ ਦੇ ਲੰਮੇ ਸਮੇਂ ਤਕ ਸੰਪਰਕ ਵਿਚ ਰਹਿਣ ਨਾਲ ਸਿਹਤ ਦੇ ਗੰਭੀਰ ਨਤੀਜੇ ਹੋ ਸਕਦੇ ਹਨ। ਫ਼ਲੋਰਾਈਡ ਫਲੋਰੋਸਿਸ ਦਾ ਕਾਰਨ ਬਣ ਸਕਦੀ ਹੈ ਅਤੇ ਆਰਸੈਨਿਕ ਗੰਦਗੀ ਕੈਂਸਰ ਜਾਂ ਚਮੜੀ ਦੇ ਜ਼ਖ਼ਮਾਂ ਦਾ ਕਾਰਨ ਬਣ ਸਕਦੀ ਹੈ।

ਰਿਪੋਰਟ ਵਿਚ ਭੂਮੀਗਤ ਪਾਣੀ ਦੀ ਗੁਣਵੱਤਾ ’ਚ ਇਕ ਵੱਡੀ ਚਿੰਤਾ ਕਈ ਖੇਤਰਾਂ ਵਿਚ ਯੂਰੇਨੀਅਮ ਦਾ ਉੱਚੇ ਪੱਧਰ ਵੀ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਰਾਜਸਥਾਨ ਦੇ 42 ਫ਼ੀ ਸਦੀ ਨਮੂਨਿਆਂ ਵਿਚ ਅਤੇ ਪੰਜਾਬ ਦੇ 30 ਫ਼ੀ ਸਦੀ ਨਮੂਨਿਆਂ ਵਿਚ ਯੂਰੇਨੀਅਮ ਪਾਇਆ ਗਿਆ ਹੈ। ਯੂਰੇਨੀਅਮ ਦੇ ਲੰਮੇ ਸਮੇਂ ਤਕ ਸੰਪਰਕ ਕਾਰਨ ਗੁਰਦੇ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਰਾਜਸਥਾਨ, ਗੁਜਰਾਤ, ਹਰਿਆਣਾ, ਪੰਜਾਬ, ਤਾਮਿਲਨਾਡੂ, ਆਂਧਰਾ ਪ੍ਰਦੇਸ਼ ਅਤੇ ਕਰਨਾਟਕ ਦੇ ਕੁਝ ਹਿੱਸਿਆਂ ਵਿਚ ਧਰਤੀ ਹੇਠਲੇ ਪਾਣੀ ਵਿਚ ਵੀ ਯੂਰੇਨੀਅਮ ਦੀ ਉੱਚ ਮਾਤਰਾ ਪਾਈ ਗਈ ਹੈ।

SHARE ARTICLE

ਏਜੰਸੀ

Advertisement

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM

ਜਨਮਦਿਨ ਵਾਲੇ ਦਿਨ ਹੀ ਕੀਤਾ ਕਤਲ ਚਸ਼ਮਦੀਦ ਨੇ ਦੱਸਿਆ ਪੂਰਾ ਮਾਮਲਾ

08 Jan 2026 4:43 PM

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM

ਕ/*ਤ*ਲ ਕੀਤੇ ਸਰਪੰਚ ਦੀ ਆਹ ਗਰੁੱਪ ਨੇ ਲਈ ਜ਼ਿੰਮੇਵਾਰੀ, ਦੱਸ'ਤੀ ਅੰਦਰਲੀ ਗੱਲ

05 Jan 2026 3:06 PM

ਪਾਕਿਸਤਾਨ 'ਚ ਪਤੀ ਸਮੇਤ ਸਰਬਜੀਤ ਕੌਰ ਗ੍ਰਿਫ਼ਤਾਰ, ਪਤੀ ਨਾਸਿਰ ਹੁਸੈਨ ਨੂੰ ਨਨਕਾਣਾ ਸਾਹਿਬ ਤੋਂ ਕੀਤਾ ਕਾਬੂ

05 Jan 2026 3:06 PM
Advertisement