
Supreme Court News: 17 ਫ਼ਰਵਰੀ ਨੂੰ ਹੋਵੇਗੀ ਮਾਮਲੇ ਦੀ ਸੁਣਵਾਈ
Supreme Court News: ਸੁਪਰੀਮ ਕੋਰਟ ਨੇ ਵੀਰਵਾਰ ਨੂੰ ਆਲ ਇੰਡੀਆ ਮਜਲਿਸ-ਏ-ਇਤੇਹਾਦੁਲ ਮੁਸਲਿਮੀਨ (ਏਆਈਐਮਆਈਐਮ) ਦੇ ਮੁਖੀ ਅਸਦੁਦੀਨ ਓਵੈਸੀ ਦੀ 1991 ਦੇ ਪੂਜਾ ਸਥਾਨ ਐਕਟ ਨੂੰ ਲਾਗੂ ਕਰਨ ਦੀ ਬੇਨਤੀ ਕਰਨ ਵਾਲੀ ਪਟੀਸ਼ਨ ’ਤੇ ਵਿਚਾਰ ਕਰਨ ਲਈ ਸਹਿਮਤੀ ਦੇ ਦਿਤੀ।
1991 ਦੇ ਪੂਜਾ ਸਥਾਨ ਐਕਟ ਵਿਚ ਕਿਸੇ ਸਥਾਨ ਦੇ ਧਾਰਮਕ ਚਰਿੱਤਰ ਨੂੰ 15 ਅਗੱਸਤ, 1947 ਦੇ ਅਨੁਸਾਰ ਕਾਇਮ ਰੱਖੇ ਜਾਣ ਦੀ ਗੱਲ ਕਹੀ ਗਈ ਹੈ।
ਚੀਫ਼ ਜਸਟਿਸ ਸੰਜੀਵ ਖੰਨਾ ਅਤੇ ਜਸਟਿਸ ਸੰਜੇ ਕੁਮਾਰ ਦੇ ਬੈਂਚ ਨੇ ਓਵੈਸੀ ਦੀ ਤਾਜ਼ਾ ਪਟੀਸ਼ਨ ਨੂੰ ਇਸ ਮਾਮਲੇ ਵਿਚ ਲੰਬਿਤ ਕੇਸਾਂ ਨਾਲ ਜੋੜਨ ਦਾ ਹੁਕਮ ਦਿਤਾ ਅਤੇ ਕਿਹਾ ਕਿ ਮਾਮਲੇ ਦੀ ਸੁਣਵਾਈ 17 ਫ਼ਰਵਰੀ ਨੂੰ ਹੋਵੇਗੀ।
ਸੁਣਵਾਈ ਸ਼ੁਰੂ ਹੋਣ ’ਤੇ ਏਆਈਐਮਆਈਐਮ ਦੇ ਪ੍ਰਧਾਨ ਓਵੈਸੀ ਵਲੋਂ ਪੇਸ਼ ਹੋਏ ਵਕੀਲ ਨਿਜ਼ਾਮ ਪਾਸ਼ਾ ਨੇ ਕਿਹਾ ਕਿ ਅਦਾਲਤ ਇਸ ਮੁੱਦੇ ’ਤੇ ਵੱਖ-ਵੱਖ ਪਟੀਸ਼ਨਾਂ ’ਤੇ ਵਿਚਾਰ ਕਰ ਰਹੀ ਹੈ ਅਤੇ ਉਨ੍ਹਾਂ ਨਾਲ ਨਵੀਂ ਪਟੀਸ਼ਨ ਵੀ ਨੱਥੀ ਕੀਤੀ ਜਾ ਸਕਦੀ ਹੈ। ਇਸ ’ਤੇ ਚੀਫ਼ ਜਸਟਿਸ ਨੇ ਕਿਹਾ, ‘ਅਸੀਂ ਇਸ ਕੇਸ ਨੂੰ ਹੋਰ ਸਬੰਧਤ ਕੇਸਾਂ ਨਾਲ ਜੋੜ ਰਹੇ ਹਾਂ।’ ਓਵੈਸੀ ਨੇ 17 ਦਸੰਬਰ 2024 ਨੂੰ ਵਕੀਲ ਫੁਜ਼ੈਲ ਅਹਿਮਦ ਅਯੂਬੀ ਰਾਹੀਂ ਪਟੀਸ਼ਨ ਦਾਇਰ ਕੀਤੀ ਸੀ।