
ਕੇਜੀਰਵਾਲ ਨੇ ਚੋਣ ਕਮਿਸ਼ਨ ਨੂੰ ਲਿਖੀ ਚਿੱਠੀ
ਨਵੀਂ ਦਿੱਲੀ : ਆਮ ਆਦਮੀ ਪਾਰਟੀ (ਆਪ) ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਪਣੀ ਪਾਰਟੀ ਦੇ ਵਰਕਰਾਂ ’ਤੇ ਹਮਲੇ ਦਾ ਦੋਸ਼ ਲਗਾਇਆ ਹੈ ਅਤੇ ਚੋਣ ਕਮਿਸ਼ਨ ਤੋਂ ਉਨ੍ਹਾਂ ਦੇ ਨਵੀਂ ਦਿੱਲੀ ਹਲਕੇ ’ਚ ਸੁਤੰਤਰ ਨਿਗਰਾਨ ਨਿਯੁਕਤ ਕਰਨ ਦੀ ਮੰਗ ਕੀਤੀ ਹੈ।
ਚੋਣ ਕਮਿਸ਼ਨ ਨੂੰ ਲਿਖੀ ਚਿੱਠੀ ’ਚ ਕੇਜਰੀਵਾਲ ਨੇ ਅਜਿਹੀਆਂ ਘਟਨਾਵਾਂ ’ਚ ਕਥਿਤ ਤੌਰ ’ਤੇ ਸ਼ਾਮਲ ਭਾਜਪਾ ਵਰਕਰਾਂ ਦੀ ਗ੍ਰਿਫਤਾਰੀ ਅਤੇ ਸਬੰਧਤ ਪੁਲਿਸ ਅਧਿਕਾਰੀਆਂ ਨੂੰ ਮੁਅੱਤਲ ਕਰਨ ਦੀ ਵੀ ਮੰਗ ਕੀਤੀ ਹੈ।
ਚਿੱਠੀ ਵਿਚ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਨੇ ਅਪਣੇ ਨਵੀਂ ਦਿੱਲੀ ਹਲਕੇ ਵਿਚ ‘ਆਪ’ ਵਰਕਰਾਂ ’ਤੇ ਹਮਲੇ ਦੀਆਂ ਕੁੱਝ ਕਥਿਤ ਘਟਨਾਵਾਂ ਦਾ ਵੀ ਹਵਾਲਾ ਦਿਤਾ। ਆਮ ਆਦਮੀ ਪਾਰਟੀ ਦੇ ਵਿਧਾਇਕ ਮਹਿੰਦਰ ਗੋਇਲ ’ਤੇ ਸਨਿਚਰਵਾਰ ਨੂੰ ਰੋਹਿਨੀ ਇਲਾਕੇ ’ਚ ਇਕ ਜਨਤਕ ਰੈਲੀ ਦੌਰਾਨ ਕਥਿਤ ਤੌਰ ’ਤੇ ਹਮਲਾ ਕੀਤਾ ਗਿਆ।
ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਰਿਠਾਲਾ ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਗੋਇਲ ਸੈਕਟਰ 11 ਦੇ ਪਾਕੇਟ ਐਚ ਦੇ ਸਥਾਨਕ ਵਸਨੀਕਾਂ ਨਾਲ ਗੱਲਬਾਤ ਕਰ ਰਹੇ ਸਨ।
ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਸਨਿਚਰਵਾਰ ਨੂੰ ਚੋਣ ਕਮਿਸ਼ਨ ਨੂੰ ਚਿੱਠੀ ਲਿਖ ਕੇ ਦੋਸ਼ ਲਾਇਆ ਕਿ ਭਾਜਪਾ ਵਰਕਰਾਂ ਨੇ ‘ਆਪ’ ਵਰਕਰਾਂ ’ਤੇ ਹਮਲਾ ਕੀਤਾ ਅਤੇ ਉਨ੍ਹਾਂ ਨੂੰ ਨਵੀਂ ਦਿੱਲੀ ਹਲਕੇ ’ਚ ਚੋਣ ਪ੍ਰਚਾਰ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕੀਤੀ। ਨਵੀਂ ਦਿੱਲੀ ਸੀਟ ’ਤੇ ਤਿਕੋਣੀ ਮੁਕਾਬਲੇ ’ਚ ਕੇਜਰੀਵਾਲ ਦਾ ਮੁਕਾਬਲਾ ਭਾਜਪਾ ਦੇ ਪਰਵੇਸ਼ ਵਰਮਾ ਅਤੇ ਕਾਂਗਰਸ ਦੇ ਸੰਦੀਪ ਦੀਕਸ਼ਿਤ ਨਾਲ ਹੈ। 70 ਮੈਂਬਰੀ ਦਿੱਲੀ ਵਿਧਾਨ ਸਭਾ ਲਈ ਵੋਟਿੰਗ 5 ਫ਼ਰਵਰੀ ਨੂੰ ਹੋਵੇਗੀ। 8 ਫ਼ਰਵਰੀ ਨੂੰ ਵੋਟਾਂ ਦੀ ਗਿਣਤੀ ਤੋਂ ਬਾਅਦ ਨਤੀਜੇ ਐਲਾਨੇ ਜਾਣਗੇ।