
ਵੀਡੀਉ ਵਾਇਰਲ ਹੋਣ ਮਗਰੋਂ ਸੋਸ਼ਲ ਮੀਡੀਆ ਸ਼ੁਰੂ ਹੋਈ ਨਿੰਦਾ
ਨਵੀਂ ਦਿੱਲੀ : ਉੱਘੇ ਗਾਇਕ ਉਦਿਤ ਨਾਰਾਇਣ ਨੇ ਅਪਣੀ ਇਕ ਪ੍ਰਸ਼ੰਸਕ ਨੂੰ ਸਾਰਿਆਂ ਸਾਹਮਣੇ ਚੁੰਮ ਕੇ ਵਿਵਾਦ ਖੜਾ ਕਰ ਦਿਤਾ ਹੈ। ਉਨ੍ਹਾਂ ਦਾ ਇਕ ਵੀਡੀਉ ਵਾਇਰਲ ਹੋ ਰਿਹਾ ਹੈ ਜਿਸ ’ਚ ਉਹ ਇਕ ਲਾਈਵ ਸੰਗੀਤ ਸਮਾਰੋਹ ’ਚ ਇਕ ਪ੍ਰਸ਼ੰਸਕ ਨੂੰ ਚੁੰਮਦੇ ਨਜ਼ਰ ਆ ਰਹੇ ਹਨ। ਵਾਇਰਲ ਵੀਡੀਉ ’ਚ ਨਾਰਾਇਣ ਨੂੰ ਅਪਣਾ ਪ੍ਰਸਿੱਧ ਗੀਤ ‘ਟਿਪ ਟਿਪ ਬਰਸਾ ਪਾਨੀ’ ਗਾਉਂਦੇ ਹੋਏ ਮਹਿਲਾ ਪ੍ਰਸ਼ੰਸਕਾਂ ਨੂੰ ਚੁੰਮਦੇ ਹੋਏ ਵੇਖਿਆ ਜਾ ਸਕਦਾ ਹੈ। ਵੀਡੀਉ ਚ ਦਿਸ ਰਿਹਾ ਹੈ ਕਿ ਜਦੋਂ ਸੈਲਫੀ ਲੈਣ ਲਈ ਕੋਈ ਮਹਿਲਾ ਪ੍ਰਸ਼ੰਸਕ ਉਦਿਤ ਦੇ ਗੱਲ੍ਹ ’ਤੇ ਚੁੰਮਣ ਲਈ ਝੁਕਦੀ ਹੈ, ਤਾਂ ਨਾਰਾਇਣ ਨੇ ਅਪਣਾ ਸਿਰ ਮੋੜਿਆ ਅਤੇ ਔਰਤ ਦੇ ਬੁੱਲ੍ਹਾਂ ਨੂੰ ਚੁੰਮ ਲਿਆ।
ਕਈ ਸੋਸ਼ਲ ਮੀਡੀਆ ਪ੍ਰਯੋਗਕਰਤਾਵਾਂ ਨੇ ਇਸ ਹਰਕਤ ਲਈ ਨਾਰਾਇਣ ਤੋਂ ਮੁਆਫੀ ਮੰਗਣ ਦੀ ਮੰਗ ਕੀਤੀ ਹੈ ਅਤੇ ਉਨ੍ਹਾਂ ਦੀ ਕਾਰਵਾਈ ਨੂੰ ‘ਅਣਉਚਿਤ’ ਦਸਿਆ ਹੈ। ਇਕ ਵਿਅਕਤੀ ਨੇ ਲਿਖਿਆ, ‘‘ਉਦਿਤ ਨਾਰਾਇਣ ਨੇ ਕੁੱਝ ਬਹੁਤ ਗਲਤ ਕੀਤਾ ਹੈ। ਕਿਸੇ ਲੜਕੀ ਨੂੰ ਜ਼ਬਰਦਸਤੀ ਚੁੰਮਣਾ ਜੁਰਮ ਹੈ। ਉਸ ਦੇ ਵਿਰੁਧ ਕੇਸ ਦਰਜ ਕੀਤਾ ਜਾਣਾ ਚਾਹੀਦਾ ਹੈ।’’ ਇਕ ਹੋਰ ਨੇ ਲਿਖਿਆ, ‘‘ਉਸ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਸੀ। ਔਰਤ ਨੂੰ ਕੋਈ ਨਹੀਂ ਜਾਣਦਾ, ਪਰ ਉਦਿਤ ਦਾ ਅਕਸ ਤਬਾਹ ਹੋ ਗਿਆ ਹੈ।’’
ਹਾਲਾਂਕਿ, ਕੁੱਝ ਪ੍ਰਸ਼ੰਸਕਾਂ ਨੇ ਨਾਰਾਇਣ ਦਾ ਬਚਾਅ ਕਰਦਿਆਂ ਕਿਹਾ ਹੈ ਕਿ ਔਰਤ ਨੇ ਪਹਿਲਾਂ ਉਸ ਨੂੰ ਚੁੰਮਿਆ ਅਤੇ ਉਹ ਸਿਰਫ ਜਵਾਬ ਦੇ ਰਿਹਾ ਸੀ। ਇਕ ਪ੍ਰਸ਼ੰਸਕ ਨੇ ਲਿਖਿਆ, ‘‘ਪਹਿਲਾਂ ਲੜਕੀ ਉਦਿਤ ਨਾਰਾਇਣ ਨੂੰ ਉਸ ਦੀ ਸਹਿਮਤੀ ਤੋਂ ਬਿਨਾਂ ਚੁੰਮਦੀ ਹੈ। ਫਿਰ, ਉਦਿਤ ਨਾਰਾਇਣ ਨੇ ਜਵਾਬ ਦਿਤਾ। ਫਿਰ ਵੀ, ਖੱਬੇਪੱਖੀ ਅਤੇ ਨਾਰੀਵਾਦੀ ਸਿਰਫ ਉਦੋਂ ਹੀ ਰੋਂਦੇ ਹਨ ਜਦੋਂ ਉਹ ਵਾਪਸ ਚੁੰਮਦਾ ਹੈ- ਕਿਉਂਕਿ ਉਹ ਇਕ ਆਦਮੀ ਹੈ।’’ ਨਾਰਾਇਣ ਨੇ ਵਿਵਾਦ ’ਤੇ ਟਿਪਣੀ ਕਰਨ ਤੋਂ ਇਨਕਾਰ ਕਰ ਦਿਤਾ ਹੈ।