
ਪ੍ਰੇਮੀ ਨੇ ਕਥਿਤ ਤੌਰ ’ਤੇ ਔਰਤ ਦੇ ਸਹੁਰਿਆਂ ਵਲੋਂ ਸਰੀਰਕ ਅਤੇ ਮਾਨਸਿਕ ਤਸੀਹੇ ਦੇਣ ਦਾ ਦੋਸ਼ ਲਗਾਇਆ
ਕੋਲਕਾਤਾ : ਪਛਮੀ ਬੰਗਾਲ ਦੇ ਹਾਵੜਾ ਜ਼ਿਲ੍ਹੇ ’ਚ ਇਕ ਔਰਤ ਨੇ ਕਥਿਤ ਤੌਰ ’ਤੇ ਅਪਣੀ ਧੀ ਦੀ ਪੜ੍ਹਾਈ ਲਈ ਪੈਸਾ ਇਕੱਠਾ ਕਰਨ ਦੇ ਬਹਾਨੇ ਅਪਣੇ ਪਤੀ ਨੂੰ 10 ਲੱਖ ਰੁਪਏ ’ਚ ਅਪਣੀ ਕਿਡਨੀ ਵੇਚਣ ਲਈ ਮਜਬੂਰ ਕੀਤਾ। ਬਾਅਦ ’ਚ ਉਹ ਇਕ ਹੋਰ ਵਿਅਕਤੀ ਨਾਲ ਸਾਰੀ ਨਕਦੀ ਲੈ ਕੇ ਫਰਾਰ ਹੋ ਗਈ।
ਪੁਲਿਸ ਨੇ ਸੰਕਰੈਲ ’ਚ ਰਹਿਣ ਵਾਲੇ ਪਤੀ ਦੇ ਪਰਵਾਰ ਵਲੋਂ ਦਰਜ ਕਰਵਾਈ ਸ਼ਿਕਾਇਤ ਦੇ ਅਧਾਰ ’ਤੇ ਜਾਂਚ ਸ਼ੁਰੂ ਕੀਤੀ। ਸ਼ਿਕਾਇਤ ਮੁਤਾਬਕ ਔਰਤ ਪਿਛਲੇ ਇਕ ਸਾਲ ਤੋਂ ਅਪਣੇ ਪਤੀ ’ਤੇ ਅਪਣੀ ਕਿਡਨੀ ਵੇਚਣ ਅਤੇ ਕੁੱਝ ਪੈਸੇ ਕਮਾਉਣ ਲਈ ਦਬਾਅ ਪਾ ਰਹੀ ਸੀ ਤਾਂ ਕਿ ਉਹ ਅਪਣਾ ਘਰ ਬਿਹਤਰ ਤਰੀਕੇ ਨਾਲ ਚਲਾ ਸਕੇ ਅਤੇ ਅਪਣੀ 12 ਸਾਲ ਦੀ ਧੀ ਨੂੰ ਚੰਗੇ ਸਕੂਲ ’ਚ ਦਾਖਲ ਕਰਵਾ ਸਕੇ।
ਅਪਣੀ ਪਤਨੀ ’ਤੇ ਭਰੋਸਾ ਕਰਦੇ ਹੋਏ, ਵਿਅਕਤੀ ਕਿਡਨੀ ਵੇਚਣ ਲਈ ਸਹਿਮਤ ਹੋ ਗਿਆ ਅਤੇ ਇਕ ਖਰੀਦਦਾਰ ਨਾਲ 10 ਲੱਖ ਰੁਪਏ ਦਾ ਇਕਰਾਰਨਾਮਾ ਕੀਤਾ। ਪਿਛਲੇ ਮਹੀਨੇ ਹੋਈ ਸਰਜਰੀ ਤੋਂ ਬਾਅਦ ਉਹ ਵਿਅਕਤੀ ਜਦੋਂ ਪੈਸੇ ਘਰ ਲੈ ਕੇ ਆਇਆ ਤਾਂ ਉਸ ਦੀ ਪਤਨੀ ਨੇ ਉਸ ਨੂੰ ਆਰਾਮ ਕਰਨ ਅਤੇ ਜਲਦੀ ਠੀਕ ਹੋਣ ਲਈ ਬਾਹਰ ਨਾ ਨਿਕਲਣ ਲਈ ਕਿਹਾ।
ਵਿਅਕਤੀ ਨੇ ਕਿਹਾ, ‘‘ਫਿਰ ਇਕ ਦਿਨ ਉਹ ਘਰੋਂ ਚਲੀ ਗਈ ਅਤੇ ਵਾਪਸ ਨਹੀਂ ਆਈ। ਬਾਅਦ ਵਿਚ ਮੈਨੂੰ ਪਤਾ ਲੱਗਾ ਕਿ ਅਲਮਾਰੀ ਵਿਚੋਂ 10 ਲੱਖ ਰੁਪਏ ਦੀ ਨਕਦੀ ਅਤੇ ਕੁੱਝ ਹੋਰ ਗਾਇਬ ਸਨ।’’ ਪਰਵਾਰ ਨੇ ਆਖਰਕਾਰ ਦੋਸਤਾਂ ਅਤੇ ਜਾਣਕਾਰਾਂ ਦੀ ਮਦਦ ਨਾਲ ਉਸ ਨੂੰ ਹਾਵੜਾ ਤੋਂ ਦੂਰ ਕੋਲਕਾਤਾ ਦੇ ਉੱਤਰੀ ਉਪਨਗਰਾਂ ਬੈਰਕਪੁਰ ਦੇ ਇਕ ਘਰ ’ਚ ਲੱਭ ਲਿਆ।
ਉਸ ਘਰ ਵਿਚ ਉਹ ਉਸ ਵਿਅਕਤੀ ਨਾਲ ਰਹਿ ਰਹੀ ਸੀ ਜਿਸ ਨਾਲ ਉਹ ਕਥਿਤ ਤੌਰ ’ਤੇ ਭੱਜ ਗਈ ਸੀ। ਸ਼ਿਕਾਇਤ ਮੁਤਾਬਕ ਫੇਸਬੁੱਕ ’ਤੇ ਮਿਲਣ ਤੋਂ ਬਾਅਦ ਉਸ ਦਾ ਪਿਛਲੇ ਇਕ ਸਾਲ ਤੋਂ ਉਸ ਨਾਲ ਪ੍ਰੇਮ ਸਬੰਧ ਸੀ।
ਹਾਲਾਂਕਿ, ਜਦੋਂ ਉਸ ਦਾ ਪਤੀ, ਸੱਸ ਅਤੇ ਧੀ ਵਿਅਕਤੀ ਦੇ ਬੈਰਕਪੁਰ ਘਰ ਗਏ ਤਾਂ ਉਸ ਨੇ ਬਾਹਰ ਆਉਣ ਤੋਂ ਇਨਕਾਰ ਕਰ ਦਿਤਾ। ਉਸ ਦੇ ਪ੍ਰੇਮੀ ਨੇ ਕਥਿਤ ਤੌਰ ’ਤੇ ਉਨ੍ਹਾਂ ਨੂੰ ਕਿਹਾ ਕਿ ਉਹ ਵਿਆਹੁਤਾ ਜੀਵਨ ਦੇ 16 ਸਾਲਾਂ ਦੌਰਾਨ ਔਰਤ ਦੇ ਸਹੁਰਿਆਂ ਵਲੋਂ ਸਰੀਰਕ ਅਤੇ ਮਾਨਸਿਕ ਤਸੀਹੇ ਦੇਣ ਦਾ ਦੋਸ਼ ਲਗਾਉਂਦੇ ਹੋਏ ਤਲਾਕ ਦਾ ਮੁਕੱਦਮਾ ਦਾਇਰ ਕਰੇਗੀ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਅਕਤੀ ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਔਰਤ ਸੰਕਰੈਲ ਸਥਿਤ ਸਹੁਰੇ ਘਰ ਤੋਂ ਕੋਈ ਨਕਦੀ ਚੋਰੀ ਕਰ ਕੇ ਲਿਆਈ ਸੀ ਅਤੇ ਦਾਅਵਾ ਕੀਤਾ ਕਿ ਉਸ ਨੇ ਸਿਰਫ ਅਪਣੇ ਵਲੋਂ ਬਚਾਏ ਪੈਸੇ ਹੀ ਲਏ ਸਨ। ਪੁਲਿਸ ਨੇ ਸ਼ਿਕਾਇਤ ਦੀ ਜਾਂਚ ਸ਼ੁਰੂ ਕਰ ਦਿਤੀ ਹੈ। ਪੁਲਿਸ ਨੇ ਕਿਹਾ ਕਿ ਉਹ ਕੋਈ ਕਾਰਵਾਈ ਸ਼ੁਰੂ ਕਰਨ ਤੋਂ ਪਹਿਲਾਂ ਔਰਤ ਅਤੇ ਉਸ ਦੇ ਪ੍ਰੇਮੀ ਤੋਂ ਪੁੱਛ-ਪੜਤਾਲ ਕਰਨਗੇ।