
ਕਿਸਾਨੀ ਅੰਦੋਲਨ ਵਿਚ ਸ਼ਿਰਕਤ ਕਰਨ ਖਾਤਰ ਦਿੱਲੀ ਗਿਆ ਸੀ ਕਿਸਾਨ
ਨਵੀਂ ਦਿੱਲੀ : ਦਿੱਲੀ ਦੇ ਬਾਰਡਰਾਂ ‘ਤੇ ਚੱਲ ਰਹੇ ਕਿਸਾਨੀ ਅੰਦੋਲਨ ਨੂੰ ਤਿੰਨ ਮਹੀਨਿਆਂ ਤੋਂ ਵਧੇਰੇ ਸਮਾਂ ਬੀਤ ਗਿਆ ਹੈ। ਇਸ ਦੌਰਾਨ ਦੋ ਸੌ ਤੋਂ ਵਧੇਰੇ ਕਿਸਾਨ ਸ਼ਹੀਦੀ ਜਾਮ ਪੀ ਗਏ ਹਨ। ਇਸ ਦੇ ਬਾਵਜੂਦ ਕੇਂਦਰ ਸਰਕਾਰ ਕੇ ਕੰਨਾਂ ‘ਤੇ ਜੂੰਅ ਨਹੀਂ ਸਰਕ ਰਹੀ। ਸੱਤਾਧਾਰੀ ਧਿਰ ਦੇ ਆਗੂ ਅੰਦੋਲਨ ਨੂੰ ਅਣਗੌਲਿਆ ਕਰ ਚੋਣਾਂ ਜਿੱਤਣ ਦੇ ਆਹਰ ਵਿਚ ਹਨ, ਜਦਕਿ ਸੰਘਰਸ਼ੀ ਸਥਾਨਾਂ ‘ਤੇ ਕਿਸਾਨਾਂ ਦੀਆਂ ਮੌਤਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ।
Farmers
ਇਸ ਦੌਰਾਨ ਮੋਗਾ ਜ਼ਿਲ੍ਹੇ ਦੇ ਕਸਬਾ ਨੱਥੂਵਾਲਾ ਗਰਬੀ ਦੇ ਕਿਸਾਨ ਜੀਤ ਸਿੰਘ (75 ਸਾਲ) ਪੁੱਤਰ ਲਾਲ ਸਿੰਘ ਦੀ ਦਿੱਲੀ ਬਾਰਡਰ ’ਤੇ ਸੜਕ ਹਾਦਸੇ ਵਿਚ ਮੌਤ ਹੋ ਗਈ ਹੈ। ਜੀਤ ਸਿੰਘ ਖੇਤੀ ਕਾਨੂੰਨਾਂ ਖਿਲਾਫ ਚੱਲ ਰਹੇ ਕਿਸਾਨੀ ਅੰਦੋਲਨ ਵਿਚ ਸ਼ਿਰਕਤ ਕਰਨ ਖਾਤਰ ਦਿੱਲੀ ਬਾਰਡਰ ’ਤੇ ਪਹੁੰਚਿਆ ਹੋਇਆ ਸੀ ।
Farmer Jeet Singh
ਜੀਤ ਸਿੰਘ ਬੀਤੀ ਦੇਰ ਰਾਤ ਉਸ ਸਮੇਂ ਇਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ ਜਦੋਂ ਉਹ ਲੰਗਰ ਛਕਣ ਤੋਂ ਬਾਅਦ ਆਪਣੀ ਠਹਿਰ ਵੱਲ ਨੂੰ ਪੈਦਲ ਜਾ ਰਿਹਾ ਸੀ । ਜੀਤ ਸਿੰਘ ਨੂੰ ਇਕ ਕਾਰ ਨੇ ਆਪਣੀ ਲਪੇਟ ਵਿਚ ਲੈ ਲਿਆ। ਇਸ ਹਾਦਸੇ ਵਿਚ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।