
ਅਮੀਰ ਬਣਨ ਦੀ ਚਾਹਤ ਰੱਖਣ ਵਾਲੇ ਲੋਕਾਂ ਲਈ ਰਸਮਾਂ ਕਰਨ ਦੇ ਨਾਂ ’ਤੇ ‘ਸੈਕਸ ਰੈਕੇਟ’ ਚਲਾਉਣ ਦੇ ਦੋਸ਼
ਠਾਣੇ: ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ’ਚ ਅਮੀਰ ਬਣਨ ਦੀ ਚਾਹਤ ਰੱਖਣ ਵਾਲੇ ਲੋਕਾਂ ਲਈ ਰਸਮਾਂ ਕਰਨ ਦੇ ਨਾਂ ’ਤੇ ‘ਸੈਕਸ ਰੈਕੇਟ’ ਚਲਾਉਣ ਦੇ ਦੋਸ਼ ’ਚ ਇਕ ਅਖੌਤੀ ਬਾਬੇ ਸਮੇਤ 7 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਠਾਣੇ ਕ੍ਰਾਈਮ ਬ੍ਰਾਂਚ ਦੇ ਇਕ ਅਧਿਕਾਰੀ ਨੇ ਸਨਿਚਰਵਾਰ ਨੂੰ ਇਹ ਜਾਣਕਾਰੀ ਦਿਤੀ।
ਅਧਿਕਾਰੀ ਨੇ ਕਿਹਾ ਕਿ ਰਾਬੋਡੀ ਤੋਂ 15 ਸਾਲ ਦੀ ਕੁੜੀ ਦੇ ਲਾਪਤਾ ਹੋਣ ਅਤੇ ਅਗਵਾ ਕਰਨ ਦਾ ਮਾਮਲਾ ਦਰਜ ਹੋਣ ਤੋਂ ਬਾਅਦ ਰੈਕੇਟ ਦੀ ਜਾਂਚ ਸ਼ੁਰੂ ਹੋਈ। ਉਨ੍ਹਾਂ ਦਸਿਆ ਕਿ ਜਾਂਚ ਤੋਂ ਬਾਅਦ 25 ਫ਼ਰਵਰੀ ਨੂੰ ਅਸਲਮ ਖਾਨ ਅਤੇ ਸਲੀਮ ਸ਼ੇਖ ਨਾਂ ਦੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਜਿਨ੍ਹਾਂ ਨੇ ਪੁਲਿਸ ਨੂੰ ਮੁੱਖ ਦੋਸ਼ੀ ਸਾਹਿਬਲਾਲ ਵਜ਼ੀਰ ਸ਼ੇਖ ਉਰਫ ਯੂਸਫ ਬਾਬਾ ਬਾਰੇ ਦਸਿਆ ਸੀ, ਜਿਸ ਨੂੰ ਕੁੱਝ ਸਮੇਂ ਬਾਅਦ ਗ੍ਰਿਫਤਾਰ ਕਰ ਲਿਆ ਗਿਆ ਸੀ।
ਅਧਿਕਾਰੀ ਨੇ ਕਿਹਾ, ‘‘ਜਾਂਚ ਤੋਂ ਪਤਾ ਲੱਗਾ ਹੈ ਕਿ ਯੂਸਫ ਬਾਬਾ ਅਤੇ ਉਸ ਦੇ ਸਾਥੀਆਂ ਨੇ ਆਰਥਕ ਤੌਰ ’ਤੇ ਕਮਜ਼ੋਰ ਔਰਤਾਂ ਨੂੰ ਕਾਲੇ ਜਾਦੂ ਰਾਹੀਂ ਅਮੀਰ ਬਣਾਉਣ ਦਾ ਵਾਅਦਾ ਕਰ ਕੇ ਉਨ੍ਹਾਂ ਨੂੰ ਲਾਲਚ ਦਿਤਾ। ਕੁੱਝ ਰਸਮਾਂ ’ਚ ਔਰਤਾਂ ਨੰਗੀ ਅਵਸਥਾ ’ਚ ਸ਼ਾਮਲ ਹੁੰਦੀਆਂ ਸਨ।’’ ਉਨ੍ਹਾਂ ਕਿਹਾ ਕਿ ਮੁਲਜ਼ਮਾਂ ਦੇ ਮੋਬਾਈਲ ਫੋਨਾਂ ਤੋਂ ਇਨ੍ਹਾਂ ਰਸਮਾਂ ਦੇ ਹੋਰ ਸਬੂਤ ਅਤੇ ਕਈ ਇਤਰਾਜ਼ਯੋਗ ਵੀਡੀਉ ਬਰਾਮਦ ਕੀਤੇ ਗਏ ਹਨ।
ਠਾਣੇ ਕ੍ਰਾਈਮ ਬ੍ਰਾਂਚ-1 ਦੇ ਇੰਸਪੈਕਟਰ ਕ੍ਰਿਸ਼ਨਾ ਕੋਕਾਨੀ ਨੇ ਕਿਹਾ, ‘‘ਸਾਡਾ ਮੰਨਣਾ ਹੈ ਕਿ ਇਸ ਗਿਰੋਹ ਨੇ, ਜਿਸ ’ਚ ਦੋ ਔਰਤਾਂ ਵੀ ਸ਼ਾਮਲ ਹਨ, ਘੱਟੋ-ਘੱਟ 17 ਲੋਕਾਂ ਨੂੰ ਜਾਲ ’ਚ ਫਸਾਇਆ। ਸੱਤ ਗ੍ਰਿਫਤਾਰੀਆਂ ਠਾਣੇ, ਪਾਲਘਰ ਦੇ ਵਸਈ ਅਤੇ ਗੁਆਂਢੀ ਮੁੰਬਈ ਤੋਂ ਕੀਤੀਆਂ ਗਈਆਂ ਸਨ।’’
ਉਨ੍ਹਾਂ ਦਸਿਆ ਕਿ ਰਾਬੋਡੀ ਥਾਣੇ ’ਚ ਅਗਵਾ, ਜਬਰ ਜਨਾਹ , ਧੋਖਾਧੜੀ ਅਤੇ ਹੋਰ ਅਪਰਾਧਾਂ ਲਈ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਰੈਕੇਟ ਦੀ ਜਾਂਚ ਜਾਰੀ ਹੈ। ਅਧਿਕਾਰੀ ਨੇ ਦਸਿਆ ਕਿ ਮੁਲਜ਼ਮਾਂ ’ਤੇ ਜਿਨਸੀ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ (ਪੋਕਸੋ) ਐਕਟ ਅਤੇ ਮਹਾਰਾਸ਼ਟਰ ਮਨੁੱਖੀ ਬਲੀ ਦਾਨ ਅਤੇ ਹੋਰ ਅਣਮਨੁੱਖੀ ਅਤੇ ਅਘੋਰੀ ਰਵਾਇਤਾਂ ਅਤੇ ਕਾਲਾ ਜਾਦੂ ਰੋਕੂ ਅਤੇ ਖਾਤਮਾ ਐਕਟ, 2013 ਦੇ ਤਹਿਤ ਵੀ ਦੋਸ਼ ਲਗਾਏ ਗਏ ਹਨ।