
ਆਸਟ੍ਰੇਲੀਆ ਵਿਚ ਇਕ ਸਿੱਖ ਪਰਵਾਰ ਨੇ ਮੈਲਬਰਨ ਦੇ ਈਸਾਈ ਸਕੂਲ ਵਿਰੁਧ ਕਾਨੂੰਨੀ ਜੰਗ ਛੇੜ ਦਿਤੀ ਹੈ ਕਿਉਂਕਿ ਸਕੂਲ ਨੇ ਉਨ੍ਹਾਂ ਦੇ ਪੰਜ ਸਾਲ ਦੇ ਬੱਚੇ ਸਿਦਕ ਸਿੰਘ ਅਰੋੜਾ..
ਮੈਲਬਰਨ, 27 ਜੁਲਾਈ (ਏਜੰਸੀ/ਪਰਮਵੀਰ ਸਿੰਘ ਆਹਲੂਵਾਲੀਆ) : ਆਸਟ੍ਰੇਲੀਆ ਵਿਚ ਇਕ ਸਿੱਖ ਪਰਵਾਰ ਨੇ ਮੈਲਬਰਨ ਦੇ ਈਸਾਈ ਸਕੂਲ ਵਿਰੁਧ ਕਾਨੂੰਨੀ ਜੰਗ ਛੇੜ ਦਿਤੀ ਹੈ ਕਿਉਂਕਿ ਸਕੂਲ ਨੇ ਉਨ੍ਹਾਂ ਦੇ ਪੰਜ ਸਾਲ ਦੇ ਬੱਚੇ ਸਿਦਕ ਸਿੰਘ ਅਰੋੜਾ ਨੂੰ ਸਿਰਫ਼ ਇਸ ਕਰ ਕੇ ਦਾਖ਼ਲਾ ਦੇਣ ਤੋਂ ਨਾਂਹ ਕਰ ਦਿਤੀ ਸੀ ਕਿ ਉਹ ਦਸਤਾਰ (ਪਟਕਾ) ਸਜਾਉਂਦਾ ਹੈ।
'ਏ.ਬੀ.ਸੀ. ਨਿਊਜ਼' ਦੀ ਰੀਪੋਰਟ ਮੁਤਾਬਕ ਸਿਦਕ ਸਿੰਘ ਅਰੋੜਾ ਨੇ ਮੈਲਟਨ ਕ੍ਰਿਸ਼ਚੀਅਨ ਕਾਲਜ ਵਿਚ ਦਾਖ਼ਲਾ ਲੈਣਾ ਸੀ ਪਰ ਪ੍ਰਬੰਧਕਾਂ ਨੇ ਬੱਚੇ ਦੇ ਪਟਕੇ 'ਤੇ ਇਹ ਕਹਿੰਦਿਆਂ ਇਤਰਾਜ਼ ਲਾ ਦਿਤਾ ਕਿ ਇਹ ਸਕੂਲ ਦੀ ਵਰਦੀ ਨੀਤੀ ਨਾਲ ਮੇਲ ਨਹੀਂ ਖਾਂਦਾ। ਪ੍ਰਬੰਧਕਾਂ ਨੇ ਕਿਹਾ ਕਿ ਸਕੂਲ ਦੀ ਵਰਦੀ ਨੀਤੀ ਵਿਦਿਆਰਥੀਆਂ ਨੂੰ ਧਾਰਮਕ ਕਾਰਨਾਂ ਕਰ ਕੇ ਸਿਰ ਢਕਣ ਦੀ ਇਜਾਜ਼ਤ ਨਹੀਂ ਦਿੰਦੀ। ਸਿੱਖ ਪਰਵਾਰ ਨੇ ਵਿਕਟੋਰੀਅਨ ਸਿਵਲ ਐਂਡ ਐਡਮਨਿਸਟ੍ਰੇਟਿਵ ਟ੍ਰਿਬਿਊਨਲ ਵਿਚ ਮੁਕੱਦਮਾ ਦਾਇਰ ਕੀਤਾ ਜਿਸ ਵਿਚ ਦਾਅਵਾ ਕੀਤਾ ਗਿਆ ਕਿ ਸਕੂਲ ਨੇ ਉਨ੍ਹਾਂ ਦੇ ਬੇਟੇ ਨਾਲ ਧਾਰਮਕ ਆਧਾਰ 'ਤੇ ਵਿਤਕਰ ਕਰਦਿਆਂ ਬਰਾਬਰੀ ਦੇ ਹੱਕ ਦੀ ਉਲੰਘਣਾ ਕੀਤੀ ਹੈ। ਬੱਚੇ ਦੇ ਪਿਤਾ ਸਾਗਰਦੀਪ ਸਿੰਘ ਅਰੋੜਾ ਨੇ ਕਿਹਾ, ''ਮੈਨੂੰ ਇਹ ਜਾਣ ਕੇ ਬਹੁਤ ਹੈਰਾਨੀ ਹੋਈ ਕਿ ਸਕੂਲ ਮੇਰੇ ਬੇਟੇ ਨੂੰ ਕੋਈ ਛੋਟ ਨਹੀਂ ਦੇਵੇਗਾ।''
ਉਨ੍ਹਾਂ ਕਿਹਾ, ''ਮੈਂ ਹੈਰਾਨ ਹਾਂ ਕਿ ਆਸਟ੍ਰੇਲੀਆ ਵਰਗੇ ਆਧੁਨਿਕ ਮੁਲਕ ਵਿਚ ਵੀ ਸਾਡੇ ਬੱਚਿਆਂ ਪਟਕਾ ਪਹਿਨਣ ਦੀ ਇਜਾਜ਼ਤ ਨਹੀਂ ਦਿਤੀ ਜਾ ਰਹੀ।'' ਸਿਦਕ ਸਿੰਘ ਅਰੋੜਾ ਨੂੰ ਕਿਸੇ ਹੋਰ ਸਕੂਲ ਵਿਚ ਦਾਖ਼ਲਾ ਮਿਲ ਗਿਆ ਹੈ ਪਰ ਉਸ ਦੇ ਮਾਤਾ-ਪਿਤਾ ਚਾਹੁੰਦੇ ਹਨ ਕਿ ਮੈਲਟਨ ਕ੍ਰਿਸ਼ਚੀਅਨ ਕਾਲਜ ਅਪਣੀਆਂ ਨੀਤੀਆਂ ਵਿਚ ਬਦਲਾਅ ਲਿਆਵੇ।
ਦੂਜੇ ਪਾਸੇ ਸਕੂਲ ਦੇ ਪ੍ਰਿੰਸੀਪਲ ਡੇਵਿਡ ਗਲੀਸਨ ਨੇ ਦਸਿਆ ਕਿ ਉਨ੍ਹਾਂ ਦੇ ਸਕੂਲ ਿਵਚ ਕਈ ਸਿੱਖ ਬੱਚੇ ਪੜ੍ਹਦੇ ਹਨ ਪਰ ਕੋਈ ਵੀ ਪਟਕਾ ਨਹੀਂ ਬੰਨ੍ਹਦਾ।