
ਮੈਂ ਆਜ਼ਾਦੀ ਘੁਲਾਟੀਆਂ ਦੀ ਧਰਤੀ ਤੋਂ ਆਇਆ ਹਾਂ। ਗੁਜਰਾਤ ਦੇ ਲੋਕ ਅੰਦੋਲਨਕਾਰੀ ਰਹੇ ਹਨ - ਭਗਵੰਤ ਮਾਨ
ਗੁਜਰਾਤ - ਪੰਜਾਬ 'ਚ ਜਿੱਤ ਹਾਸਲ ਕਰਨ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਨਜ਼ਰ ਹੁਣ ਗੁਜਰਾਤ ਵਿਧਾਨ ਸਭਾ ਚੋਣਾਂ 'ਤੇ ਹੈ। ਇਸ ਦੇ ਮੱਦੇਨਜ਼ਰ ਅੱਜ ਤੋਂ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੋ ਦਿਨਾਂ ਗੁਜਰਾਤ ਦੌਰੇ 'ਤੇ ਹਨ। ਅਹਿਮਦਾਬਾਦ 'ਚ ਦੋਵਾਂ ਨੇਤਾਵਾਂ ਨੇ ਰੋਡ ਸ਼ੋਅ ਕੀਤਾ ਜਿਸ ਨੂੰ ਤਿਰੰਗਾ ਯਾਤਰਾ ਨਾਮ ਦਿੱਤਾ ਗਿਆ।
ਰੋਡ ਸ਼ੋਅ ਨਿਕੋਲ ਉੱਤਮਨਗਰ ਖੋਦਿਆਰ ਮੰਦਿਰ ਤੋਂ ਸ਼ੁਰੂ ਹੋ ਕੇ ਬਾਪੂਨਗਰ ਬ੍ਰਿਜ ਡਾਇਮੰਡ ਚਾਰ ਰਸਤਾ 'ਤੇ ਸਮਾਪਤ ਹੋਵੇਗਾ। ਰੋਡ ਸ਼ੋਅ 'ਚ ਹਿੱਸਾ ਲੈਣ ਲਈ ਵੱਡੀ ਗਿਣਤੀ 'ਚ ਵਰਕਰ ਅਹਿਮਦਾਬਾਦ ਦੀਆਂ ਸੜਕਾਂ 'ਤੇ ਇਕੱਠੇ ਹੋਏ। ਫਿਲਹਾਲ ਨਿਕੋਲ ਤੋਂ ਠੱਕਰਬਾਪਾਨਗਰ ਪੁਲ ਤੱਕ ਸੜਕਾਂ ਬੰਦ ਹੋ ਗਈਆਂ। ਰੋਡ ਸ਼ੋਅ ਦੌਰਾਨ ਦੋਵਾਂ ਆਗੂਆਂ ਦੀ ਸੁਰੱਖਿਆ ਲਈ ਸਖ਼ਤ ਪੁਲਿਸ ਪਹਿਰਾ ਲਾਇਆ ਗਿਆ ਹੈ।
ਕੇਜਰੀਵਾਲ ਨੇ ਇਸ ਮੌਕੇ ਮੀਡੀਆ ਨੂੰ ਕਿਹਾ ਕਿ ਮੈਂ ਗਾਂਧੀ ਜੀ ਨੂੰ ਸ਼ਰਧਾਂਜਲੀ ਦੇਣ ਲਈ ਆਸ਼ਰਮ ਆਇਆ ਹਾਂ। ਦਿੱਲੀ ਦਾ ਮੁੱਖ ਮੰਤਰੀ ਬਣਨ ਤੋਂ ਬਾਅਦ ਮੈਂ ਪਹਿਲੀ ਵਾਰ ਗਾਂਧੀ ਆਸ਼ਰਮ ਆਇਆ ਹਾਂ। ਉਹਨਾਂ ਕਿਹਾ ਕਿ ਮੈਨੂੰ ਮਾਣ ਹੈ ਕਿ ਮੈਂ ਉਸ ਦੇਸ਼ ਵਿਚ ਪੈਦਾ ਹੋਇਆ ਹਾਂ ਜਿੱਥੇ ਮਹਾਤਮਾ ਗਾਂਧੀ ਪੈਦਾ ਹੋਏ ਹਨ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਮੈਂ ਆਜ਼ਾਦੀ ਘੁਲਾਟੀਆਂ ਦੀ ਧਰਤੀ ਤੋਂ ਆਇਆ ਹਾਂ। ਗੁਜਰਾਤ ਦੇ ਲੋਕ ਅੰਦੋਲਨਕਾਰੀ ਰਹੇ ਹਨ। ਇੱਥੋਂ ਦੇ ਲੋਕ ਦੇਸ਼ ਦੀ ਸੁਰੱਖਿਆ ਅਤੇ ਤਰੱਕੀ ਲਈ ਆਪਣੀ ਭੂਮਿਕਾ ਨਿਭਾਉਣਗੇ।