
ਐਤਵਾਰ ਸਵੇਰੇ ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ।
ਰਾਜਸਥਾਨ : 8 ਸਾਲਾ ਬੱਚੀ ਦੇ 10 ਟੁਕੜੇ ਕਰ ਕੇ ਬੇਰਹਿਮੀ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਾਸੂਮ 4 ਦਿਨਾਂ ਤੋਂ ਲਾਪਤਾ ਸੀ। ਉਸ ਦੀ ਲਾਸ਼ ਘਰ ਤੋਂ 200 ਮੀਟਰ ਦੀ ਦੂਰੀ 'ਤੇ ਖੰਡਰ 'ਚ ਪਈ ਮਿਲੀ। ਘਟਨਾ ਸ਼ਨੀਵਾਰ ਸ਼ਾਮ ਉਦੈਪੁਰ ਦੇ ਮਾਵਲੀ ਇਲਾਕੇ 'ਚ ਵਾਪਰੀ। ਪੁਲਿਸ ਬੱਚੀ ਦੀ ਮੌਤ ਦੀ ਕੁਝ ਤਾਂਤਰਿਕ ਕਾਰਵਾਈਆਂ ਸਮੇਤ ਹੋਰ ਪਹਿਲੂਆਂ ਤੋਂ ਵੀ ਜਾਂਚ ਕਰ ਰਹੀ ਹੈ।
ਪੁਲਿਸ ਨੇ ਦੱਸਿਆ ਕਿ ਪੂਜਾ ਇਕ ਸਰਕਾਰੀ ਸਕੂਲ 'ਚ 4ਵੀਂ ਜਮਾਤ 'ਚ ਪੜ੍ਹਦੀ ਸੀ। 4 ਦਿਨ ਪਹਿਲਾਂ ਉਹ ਸਕੂਲ ਤੋਂ ਆਈ ਅਤੇ ਖੇਤ ਜਾਣ ਲਈ ਚਲੀ ਗਈ। ਜਦੋਂ ਉਹ ਖੇਤ ਨਾ ਪੁੱਜੀ ਤਾਂ ਪਰਿਵਾਰਕ ਮੈਂਬਰਾਂ ਨੇ ਉਸ ਦੀ ਭਾਲ ਕੀਤੀ।
ਲੜਕੀ ਦਾ ਪਤਾ ਨਾ ਲੱਗਣ 'ਤੇ ਪਿਤਾ ਸੰਨੂ ਭੀਲ ਨੇ 28 ਮਾਰਚ ਨੂੰ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ। ਪੁਲਿਸ 4 ਦਿਨਾਂ ਤੋਂ ਲੜਕੀ ਦੀ ਭਾਲ ਕਰ ਰਹੀ ਸੀ। ਸ਼ਨੀਵਾਰ ਦੇਰ ਸ਼ਾਮ ਜਦੋਂ ਘਰ ਦੇ ਆਲੇ-ਦੁਆਲੇ ਤਲਾਸ਼ੀ ਲਈ ਗਈ ਤਾਂ ਉਸ ਦੀ ਲਾਸ਼ 200 ਮੀਟਰ ਦੂਰ ਖੰਡਰ 'ਚ ਮਿਲੀ।
ਬੱਚੀ ਦੀ ਲਾਸ਼ ਟੁਕੜਿਆਂ ਵਿੱਚ ਪਈ ਸੀ। ਪੁਲਿਸ ਉਨ੍ਹਾਂ ਨੂੰ ਇਕੱਠਾ ਕਰਕੇ ਪੋਸਟਮਾਰਟਮ ਲਈ ਉਦੈਪੁਰ ਦੇ ਐਮਬੀ ਹਸਪਤਾਲ ਲੈ ਗਈ। ਐਤਵਾਰ ਸਵੇਰੇ ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ।
ਮ੍ਰਿਤਕ ਲੜਕੀ ਦੇ ਚਾਚਾ ਮੰਗੀਲਾਲ ਦਾ ਕਹਿਣਾ ਹੈ ਕਿ ਕਾਤਲਾਂ ਨੂੰ ਅਜਿਹੀ ਸਜ਼ਾ ਮਿਲਣੀ ਚਾਹੀਦੀ ਹੈ ਤਾਂ ਜੋ ਭਵਿੱਖ ਵਿੱਚ ਅਜਿਹੀ ਘਟਨਾ ਨਾ ਵਾਪਰੇ। ਮੰਗੀਲਾਲ ਨੇ ਇਸ ਕੇਸ ਨੂੰ ਫਾਸਟ ਟਰੈਕ ਅਦਾਲਤ ਵਿੱਚ ਚਲਾਉਣ ਅਤੇ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਵੀ ਕੀਤੀ।
ਮਾਵਲੀ ਡਿਪਟੀ ਕੈਲਾਸ਼ ਕੁਵਰ ਨੇ ਦੱਸਿਆ ਕਿ ਲੜਕੀ ਦੇ ਪਿਤਾ ਨੇ 28 ਮਾਰਚ ਨੂੰ ਅਗਵਾ ਦਾ ਮਾਮਲਾ ਦਰਜ ਕਰਵਾਇਆ ਸੀ। ਲੜਕੀ ਦੀ ਲਾਸ਼ ਟੁਕੜਿਆਂ ਵਿੱਚ ਮਿਲੀ। ਪੋਸਟਮਾਰਟਮ ਤੋਂ ਬਾਅਦ ਹੋਰ ਗੱਲ ਸਪੱਸ਼ਟ ਹੋਵੇਗੀ। ਫਿਲਹਾਲ 4 ਨੌਜਵਾਨਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਕਤਲ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।