
ਪਿਸਤੌਲ, ਜ਼ਿੰਦਾ ਕਾਰਤੂਸ ਤੇ ਮੋਟਰਸਾਈਕਲ ਬਰਾਮਦ
ਗੈਂਗਸਟਰ 'ਤੇ ਰੱਖਿਆ ਸੀ 50 ਹਜ਼ਾਰ ਰੁਪਏ ਦਾ ਇਨਾਮ
ਸ਼ਾਹਪੁਰ : ਉੱਤਰ ਪ੍ਰਦੇਸ਼ ਪੁਲਿਸ ਨੇ ਸ਼ਨੀਵਾਰ ਸ਼ਾਮ ਨੂੰ ਇੱਕ ਮੁੱਠਭੇੜ ਵਿੱਚ ਗੈਂਗਸਟਰ ਰਸ਼ੀਦ ਉਰਫ਼ ਸਿਪਾਹੀਆ ਨੂੰ ਮਾਰ ਦਿੱਤਾ। ਰਾਸ਼ਿਦ 2020 ਦੇ ਤੀਹਰੇ ਕਤਲ ਕੇਸ ਦਾ ਵੀ ਮੁੱਖ ਮੁਲਜ਼ਮ ਸੀ। ਰਾਸ਼ਿਦ ਨੇ ਸਾਲ 2020 ਵਿੱਚ ਸੁਰੇਸ਼ ਰੈਨਾ ਦੇ ਤਿੰਨ ਰਿਸ਼ਤੇਦਾਰਾਂ ਦੀ ਹੱਤਿਆ ਕਰ ਦਿੱਤੀ ਸੀ। ਹੁਣ ਯੂਪੀ ਪੁਲਿਸ ਨੇ ਰਾਸ਼ਿਦ ਨੂੰ ਐਨਕਾਊਂਟਰ ਵਿੱਚ ਮਾਰ ਦਿੱਤਾ ਹੈ।
ਦੱਸਿਆ ਜਾ ਰਿਹਾ ਹੈ ਕਿ ਇਸ ਗੈਂਗਸਟਰ 'ਤੇ ਲੁੱਟ, ਡਕੈਤੀ ਅਤੇ ਕਤਲ ਸਮੇਤ ਕਰੀਬ 16 ਮਾਮਲੇ ਦਰਜ ਸਨ। ਉੱਤਰ ਪ੍ਰਦੇਸ਼ ਪੁਲਿਸ ਨੇ ਸ਼ਾਹਪੁਰ ਖੇਤਰ ਵਿੱਚ ਇੱਕ ਮੁਕਾਬਲੇ ਦੌਰਾਨ ਗੈਂਗਸਟਰ ਰਸ਼ੀਦ ਨੂੰ ਮਾਰ ਮੁਕਾਇਆ। ਐਸਐਸਪੀ ਸੰਜੀਵ ਸੁਮਨ ਨੇ ਮੀਡੀਆ ਨੂੰ ਦੱਸਿਆ, "50,000 ਰੁਪਏ ਦਾ ਇਨਾਮੀ ਗੈਂਗਸਟਰ ਰਾਸ਼ਿਦ ਉਰਫ ਚਲਤਾ ਫਿਰਤਾ ਉਰਫ਼ ਸਿਪਾਹੀਆ ਮੁਕਾਬਲੇ ਵਿੱਚ ਮਾਰਿਆ ਗਿਆ।"
ਜ਼ਿਕਰਯੋਗ ਹੈ ਕਿ ਪਠਾਨਕੋਟ 'ਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਸਮੇਂ ਇਸ ਗੈਂਸਟਰ ਨੇ ਗੋਲੀਆਂ ਚਲਾਈਆਂ ਜਿਸ 'ਚ ਸੁਰੇਸ਼ ਰੈਨਾ ਦੇ ਭੂਆ ਅਤੇ ਫੁੱਫੜ ਦੀ ਮੌਤ ਹੋ ਗਈ ਸੀ। ਪੁਲਿਸ ਨੂੰ ਕਾਫੀ ਸਮੇਂ ਤੋਂ ਇਹ ਗੈਂਸਟਰ ਲੋੜੀਂਦਾ ਸੀ ਅਤੇ ਇਸ ਦੀ ਭਾਲ ਕੀਤੀ ਜਾ ਰਹੀ ਸੀ। ਇਹ ਵੀ ਦੱਸਿਆ ਜਾ ਰਿਹਾ ਕਿ ਸੁਰੇਸ਼ ਰੈਨਾ ਦੇ ਰਿਸ਼ਤੇਦਾਰਾਂ ਤੋਂ ਇਲਾਵਾ ਹੋਰ ਵੀ ਤਿੰਨ ਲੋਕਾਂ ਦਾ ਕਤਲ ਕੀਤਾ ਸੀ।
ਕੁਝ ਮੀਡੀਆ ਰਿਪੋਰਟਾਂ ਵਿਚ ਕਿਹਾ ਜਾ ਰਿਹਾ ਹੈ ਕਿ ਇੱਕ ਅੰਤਰਰਾਜੀ ਗਿਰੋਹ ਦੇ ਮੈਂਬਰ ਸ਼ਾਹਪੁਰ ਥਾਣਾ ਖੇਤਰ ਵਿੱਚ ਰਹਿ ਰਹੇ ਸਨ, ਹਾਲਾਂਕਿ, ਵਿਅਕਤੀਆਂ ਨੇ ਪੁਲਿਸ 'ਤੇ ਗੋਲੀਆਂ ਚਲਾ ਦਿੱਤੀਆਂ। ਜਿਸ ਦੌਰਾਨ ਪੁਲਿਸ ਵਲੋਂ ਕੀਤੀ ਜਵਾਬੀ ਕਵਈ ਵਿਚ ਰਸ਼ੀਦ ਮਾਰਿਆ ਗਿਆ ਅਤੇ ਉਸ ਦਾ ਇੱਕ ਸਾਥੀ ਮੌਕੇ ਤੋਂ ਫਰਾਰ ਹੋ ਗਿਆ। ਇਸ ਦੌਰਾਨ ਇੱਕ ਪੁਲਿਸ ਮੁਲਾਜ਼ਮ ਦੇ ਵੀ ਗੋਲੀ ਲੱਗੀ ਹੈ।
ਇਸ ਕਾਰਵਾਈ ਦੌਰਾਨ ਪੁਲਿਸ ਨੇ ਇੱਕ ਪਿਸਤੌਲ, ਜ਼ਿੰਦਾ ਕਾਰਤੂਸ ਅਤੇ ਇੱਕ ਮੋਟਰਸਾਈਕਲ ਵੀ ਬਰਾਮਦ ਕੀਤਾ ਹੈ। ਫਿਲਹਾਲ ਪੁਲਿਸ ਵਲੋਂ ਫਰਾਰ ਹੋਏ ਗੈਂਗਸਟਰ ਰਸ਼ੀਦ ਦੇ ਸਾਥੀ ਦੀ ਭਾਲ ਕੀਤੀ ਜਾ ਰਹੀ ਹੈ।