
ਦਾਜ 'ਚ ਫਾਰਚੂਨਰ ਕਾਰ ਨਾ ਮਿਲਣ 'ਤੇ ਪਤੀ ਨੇ ਕੀਤੀ ਪਤਨੀ ਦੀ ਹੱਤਿਆ !
Crime News : ਨੋਇਡਾ ਵਿੱਚ ਇੱਕ ਮਹਿਲਾ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਮਹਿਲਾ ਦੇ ਪਰਿਵਾਰਕ ਮੈਂਬਰਾਂ ਦਾ ਆਰੋਪ ਹੈ ਕਿ ਦਾਜ ਦੀ ਮੰਗ ਪੂਰੀ ਨਾ ਹੋਣ 'ਤੇ ਸਹੁਰੇ ਪਰਿਵਾਰ ਨੇ ਉਸ ਦਾ ਕਤਲ ਕਰ ਦਿੱਤਾ ਹੈ। ਪੁਲਿਸ ਨੇ ਮ੍ਰਿਤਕਾ ਦੇ ਭਰਾ ਦੀ ਸ਼ਿਕਾਇਤ 'ਤੇ ਪਤੀ, ਸਹੁਰੇ, ਸੱਸ, ਨਨਾਣ ਅਤੇ ਜੇਠ ਦੇ ਖਿਲਾਫ ਦਾਜ ਦਾ ਮਾਮਲਾ ਦਰਜ ਕਰ ਲਿਆ ਹੈ, ਜਿਸ ਤੋਂ ਬਾਅਦ ਮ੍ਰਿਤਕ ਮਹਿਲਾ ਦੇ ਪਤੀ ਅਤੇ ਸਹੁਰੇ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਦੱਸ ਦੇਈਏ ਕਿ ਦਿੱਲੀ ਦੀ ਰਹਿਣ ਵਾਲੀ ਕਰਿਸ਼ਮਾ ਦਾ ਵਿਆਹ 4 ਦਸੰਬਰ 2022 ਨੂੰ ਖੇੜਾ ਚੌਗਾਨਪੁਰ ਨਿਵਾਸੀ ਵਿਕਾਸ ਨਾਲ ਹੋਇਆ ਸੀ। ਕਰਿਸ਼ਮਾ ਦੇ ਭਰਾ ਦੀਪਕ ਦਾ ਕਹਿਣਾ ਹੈ ਕਿ ਵਿਆਹ 'ਚ 11 ਲੱਖ ਰੁਪਏ ਦੇ ਨਾਲ-ਨਾਲ ਕਾਰ ਅਤੇ ਸੋਨਾ ਸਮੇਤ ਹੋਰ ਕੀਮਤੀ ਸਮਾਨ ਦਾਜ 'ਚ ਦਿੱਤਾ ਗਿਆ ਸੀ। ਇਸ ਦੇ ਬਾਵਜੂਦ ਸਹੁਰੇ ਵਾਲੇ ਖੁਸ਼ ਨਹੀਂ ਸਨ। ਉਨ੍ਹਾਂ ਦੀ ਮੰਗ ਫਾਰਚੂਨਰ ਕਾਰ ਅਤੇ 21 ਲੱਖ ਰੁਪਏ ਦੀ ਸੀ। ਇਸ ਦੌਰਾਨ ਕਰਿਸ਼ਮਾ ਨੇ ਬੇਟੀ ਨੂੰ ਜਨਮ ਦਿੱਤਾ। ਜਿਸ ਕਾਰਨ ਉਸ ਦੇ ਸਹੁਰੇ ਵਾਲੇ ਉਸ ਨੂੰ ਹੋਰ ਵੀ ਤੰਗ ਪ੍ਰੇਸ਼ਾਨ ਕਰਨ ਲੱਗੇ।
ਮ੍ਰਿਤਕ ਦੇ ਭਰਾ ਨੇ ਦਰਜ ਕਰਵਾਈ FRI
ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਮ੍ਰਿਤਕ ਦੇ ਭਰਾ ਦੀਪਕ ਨੇ ਦੋਸ਼ ਲਗਾਇਆ ਹੈ ਕਿ 29 ਮਾਰਚ ਨੂੰ ਉਸਦੀ ਵੱਡੀ ਭੈਣ ਨੇ ਫੋਨ ਕਰ ਕੇ ਦੱਸਿਆ ਸੀ ਕਿ ਉਸ ਦੇ ਪਤੀ, ਸੱਸ, ਸਹੁਰੇ , ਨਨਾਣ ਅਤੇ ਜੇਠ ਨੇ ਮਿਲ ਕੇ ਉਸ ਦੀ ਕੁੱਟਮਾਰ ਕੀਤੀ ਹੈ। ਇਸ ਤੋਂ ਬਾਅਦ ਜਦੋਂ ਦੀਪਕ ਅਤੇ ਉਸ ਦੇ ਪਰਿਵਾਰ ਵਾਲੇ ਮੌਕੇ 'ਤੇ ਪਹੁੰਚੇ ਤਾਂ ਪਤਾ ਲੱਗਾ ਕਿ ਸਹੁਰਿਆਂ ਨੇ ਕਰਿਸ਼ਮਾ ਦਾ ਕਤਲ ਕਰ ਦਿੱਤਾ ਹੈ। ਲਾਸ਼ ਦੇ ਪੋਸਟਮਾਰਟਮ ਤੋਂ ਬਾਅਦ ਮਹਿਲਾ ਦਾ ਅੰਤਿਮ ਸਸਕਾਰ ਕੀਤਾ ਗਿਆ।
ਇਸ ਮਗਰੋਂ ਦੀਪਕ ਨੇ ਕਰਿਸ਼ਮਾ ਦੇ ਪਤੀ ਵਿਕਾਸ, ਸਹੁਰਾ ਸੋਮ ਪਾਲ ਭਾਟੀ, ਸੱਸ ਰਾਕੇਸ਼, ਨਨਾਣ ਰਿੰਕੀ ਅਤੇ ਜੇਠ ਸੁਨੀਲ ਅਤੇ ਅਨਿਲ ਦੇ ਖਿਲਾਫ ਦਾਜ ਅਤੇ ਹੱਤਿਆ ਦਾ ਮਾਮਲਾ ਦਰਜ ਕਰਵਾਇਆ। ਪੁਲਿਸ ਨੇ ਦੀਪਕ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕਰਕੇ ਪਤੀ ਵਿਕਾਸ ਅਤੇ ਸਹੁਰੇ ਸੋਮਪਾਲ ਭਾਟੀ ਨੂੰ ਗ੍ਰਿਫਤਾਰ ਕਰ ਲਿਆ ਹੈ। ਹੋਰ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।