
ਮ੍ਰਿਤਕਾਂ ਵਿਚ ਬੱਚੇ ਤੇ ਔਰਤਾਂ ਵੀ ਸ਼ਾਮਲ
Gujarat News: ਗੁਜਰਾਤ ਦੇ ਬਨਾਸਕਾਂਠਾ ਜ਼ਿਲ੍ਹੇ ਦੇ ਡੀਸਾ ਕਸਬੇ ਨੇੜੇ ਇੱਕ ਗੋਦਾਮ ਵਿੱਚ ਹੋਏ ਸ਼ਕਤੀਸ਼ਾਲੀ ਧਮਾਕੇ ਅਤੇ ਅੱਗ ਲੱਗਣ ਕਾਰਨ 21 ਲੋਕਾਂ ਦੀ ਮੌਤ ਹੋਣ ਤੋਂ ਕੁਝ ਘੰਟਿਆਂ ਬਾਅਦ, ਪੁਲਿਸ ਨੇ ਮੰਗਲਵਾਰ ਨੂੰ ਗੋਦਾਮ ਦੇ ਮਾਲਕ ਨੂੰ ਗ੍ਰਿਫਤਾਰ ਕਰ ਲਿਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।
ਉਨ੍ਹਾਂ ਕਿਹਾ ਕਿ ਇਸ ਗੋਦਾਮ ਵਿੱਚ ਕਥਿਤ ਤੌਰ 'ਤੇ ਪਟਾਕੇ ਗੈਰ-ਕਾਨੂੰਨੀ ਢੰਗ ਨਾਲ ਬਣਾਏ ਅਤੇ ਸਟੋਰ ਕੀਤੇ ਗਏ ਸਨ।
ਇੰਸਪੈਕਟਰ ਜਨਰਲ ਆਫ਼ ਪੁਲਿਸ (ਬਾਰਡਰ ਰੇਂਜ) ਚਿਰਾਗ ਕੋਰਡੀਆ ਨੇ ਪੀਟੀਆਈ ਨੂੰ ਦੱਸਿਆ ਕਿ ਗੋਦਾਮ ਦੇ ਮਾਲਕ ਦੀਪਕ ਮੋਹਨਾਨੀ ਨੂੰ ਮੰਗਲਵਾਰ ਰਾਤ ਨੂੰ ਗੁਆਂਢੀ ਸਾਬਰਕਾਂਠਾ ਜ਼ਿਲ੍ਹੇ ਤੋਂ ਬਨਾਸਕਾਂਠਾ ਪੁਲਿਸ ਦੀ ਇੱਕ ਟੀਮ ਨੇ ਗ੍ਰਿਫ਼ਤਾਰ ਕੀਤਾ।
ਅਧਿਕਾਰੀਆਂ ਨੇ ਪਹਿਲਾਂ ਕਿਹਾ ਸੀ ਕਿ ਗੋਦਾਮ 'ਦੀਪਕ ਟਰੇਡਰਜ਼' ਦੀਪਕ ਅਤੇ ਉਸਦੇ ਪਿਤਾ ਖੁਸ਼ਚੰਦ ਮੋਹਨਾਨੀ ਦੀ ਮਲਕੀਅਤ ਸੀ।
ਬਨਾਸਕਾਂਠਾ ਜ਼ਿਲ੍ਹਾ ਹੈੱਡਕੁਆਰਟਰ ਤੋਂ ਲਗਭਗ 30 ਕਿਲੋਮੀਟਰ ਦੂਰ ਡੀਸਾ ਕਸਬੇ ਦੇ ਨੇੜੇ ਇੱਕ ਉਦਯੋਗਿਕ ਖੇਤਰ ਵਿੱਚ ਸਵੇਰੇ 9.45 ਵਜੇ ਦੇ ਕਰੀਬ ਹੋਏ ਧਮਾਕੇ ਵਿੱਚ ਗੋਦਾਮ ਪੂਰੀ ਤਰ੍ਹਾਂ ਤਬਾਹ ਹੋ ਗਿਆ।
ਜ਼ਿਲ੍ਹਾ ਮੈਜਿਸਟਰੇਟ ਮਿਹਿਰ ਪਟੇਲ ਨੇ ਕਿਹਾ, "ਇਸ ਧਮਾਕੇ ਵਿੱਚ ਜਾਨ ਗੁਆਉਣ ਵਾਲੇ ਸਾਰੇ ਲੋਕ ਮੂਲ ਰੂਪ ਵਿੱਚ ਮੱਧ ਪ੍ਰਦੇਸ਼ ਦੇ ਹਰਦਾ ਅਤੇ ਦੇਵਾਸ ਜ਼ਿਲ੍ਹਿਆਂ ਦੇ ਰਹਿਣ ਵਾਲੇ ਸਨ।"
ਇਸ ਘਟਨਾ ਵਿੱਚ ਬੱਚਿਆਂ ਅਤੇ ਔਰਤਾਂ ਸਮੇਤ ਘੱਟੋ-ਘੱਟ 21 ਲੋਕਾਂ ਦੀ ਮੌਤ ਹੋ ਗਈ ਅਤੇ ਛੇ ਹੋਰ ਜ਼ਖਮੀ ਹੋ ਗਏ।