
ਕੰਟਰੋਲ ਰੇਖਾ ’ਤੇ ਬਾਰੂਦੀ ਸੁਰੰਗੀ ’ਚ ਧਮਾਕੇ ਮਗਰੋਂ ਗੋਲੀਬਾਰੀ ਸ਼ੁਰੂ ਹੋਈ
ਜੰਮੂ : ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ ’ਚ ਕੰਟਰੋਲ ਰੇਖਾ ’ਤੇ ਇਕ ਸੁਰੰਗ ’ਚ ਧਮਾਕਾ ਹੋਣ ਤੋਂ ਬਾਅਦ ਪਾਕਿਸਤਾਨੀ ਫ਼ੌਜੀਆਂ ਨੇ ਬਿਨਾਂ ਕਿਸੇ ਉਕਸਾਵੇ ਦੇ ਗੋਲੀਬਾਰੀ ਕਰ ਕੇ ਜੰਗਬੰਦੀ ਦੀ ਉਲੰਘਣਾ ਕੀਤੀ। ਇ ਰਖਿਆ ਬੁਲਾਰੇ ਨੇ ਕਿਹਾ ਕਿ ਭਾਰਤੀ ਫੌਜ ਨੇ ਜੰਗਬੰਦੀ ਦੀ ਉਲੰਘਣਾ ਦਾ ਮੋੜਵਾਂ ਜਵਾਬ ਦਿਤਾ ਅਤੇ ਕੰਟਰੋਲ ਰੇਖਾ ’ਤੇ ਦਬਦਬਾ ਕਾਇਮ ਰੱਖਿਆ ਹੈ, ਜਿੱਥੇ ਸਥਿਤੀ ਕੰਟਰੋਲ ’ਚ ਹੈ। ਅਧਿਕਾਰਤ ਸੂਤਰਾਂ ਨੇ ਦਸਿਆ ਕਿ ਉਲੰਘਣਾ ਮੰਗਲਵਾਰ ਦੁਪਹਿਰ 1:10 ਵਜੇ ਹੋਈ ਸੀ।
ਹਾਲਾਂਕਿ ਭਾਰਤੀ ਫੌਜ ਨੇ ਪਾਕਿਸਤਾਨ ਵਾਲੇ ਪਾਸੇ ਕਿਸੇ ਦੇ ਜਾਨੀ ਨੁਕਸਾਨ ਦਾ ਕੋਈ ਜ਼ਿਕਰ ਨਹੀਂ ਕੀਤਾ ਪਰ ਸੂਤਰਾਂ ਨੇ ਦਸਿਆ ਕਿ ਧਮਾਕੇ ਅਤੇ ਉਸ ਤੋਂ ਬਾਅਦ ਦੋਹਾਂ ਧਿਰਾਂ ਵਿਚਾਲੇ ਹੋਈ ਗੋਲੀਬਾਰੀ ਵਿਚ ਦੁਸ਼ਮਣ ਦੇ ਪੰਜ ਜਵਾਨ ਜ਼ਖਮੀ ਹੋ ਗਏ।
ਜੰਮੂ ਸਥਿਤ ਰੱਖਿਆ ਪੀਆਰਓ ਲੈਫਟੀਨੈਂਟ ਕਰਨਲ ਸੁਨੀਲ ਬਰਤਵਾਲ ਨੇ ਇਕ ਸੋਧੇ ਹੋਏ ਬਿਆਨ ਵਿਚ ਕਿਹਾ, ‘‘ਇਕ ਅਪ੍ਰੈਲ 2025 ਨੂੰ ਕ੍ਰਿਸ਼ਨਾ ਘਾਟੀ ਸੈਕਟਰ ’ਚ ਇਕ ਬਾਰੂਦੀ ਸੁਰੰਗ ਧਮਾਕਾ ਹੋਇਆ ਸੀ, ਜਦੋਂ ਪਾਕਿਸਤਾਨੀ ਫੌਜ ਕੰਟਰੋਲ ਰੇਖਾ ’ਤੇ ਗਸ਼ਤ ਕਰ ਰਹੀ ਸੀ। ਇਸ ਤੋਂ ਬਾਅਦ ਪਾਕਿਸਤਾਨੀ ਫੌਜ ਨੇ ਬਿਨਾਂ ਕਿਸੇ ਉਕਸਾਵੇ ਦੇ ਗੋਲੀਬਾਰੀ ਕੀਤੀ ਅਤੇ ਜੰਗਬੰਦੀ ਦੀ ਉਲੰਘਣਾ ਕੀਤੀ।’’ ਉਨ੍ਹਾਂ ਕਿਹਾ, ‘‘ਸਾਡੇ ਫ਼ੌਜੀਆਂ ਨੇ ਪ੍ਰਭਾਵਸ਼ਾਲੀ ਢੰਗ ਨਾਲ ਜਵਾਬ ਦਿਤਾ। ਕੰਟਰੋਲ ਰੇਖਾ ’ਤੇ ਭਾਰਤੀ ਫੌਜ ਦਾ ਦਬਦਬਾ ਬਣਿਆ ਹੋਇਆ ਹੈ। ਸਥਿਤੀ ਕਾਬੂ ਹੇਠ ਹੈ।’’
ਇਸ ਤੋਂ ਪਹਿਲਾਂ ਦੇ ਬਿਆਨ ’ਚ ਕਿਹਾ ਗਿਆ ਸੀ ਕਿ ਕੰਟਰੋਲ ਰੇਖਾ ਦੇ ਪਾਰ ਪਾਕਿਸਤਾਨੀ ਫੌਜ ਦੀ ਘੁਸਪੈਠ ਕਾਰਨ ਕ੍ਰਿਸ਼ਨਾ ਘਾਟੀ ਸੈਕਟਰ ’ਚ ਬਾਰੂਦੀ ਸੁਰੰਗ ਧਮਾਕਾ ਹੋਇਆ ਸੀ। 21 ਫ਼ਰਵਰੀ ਨੂੰ ਭਾਰਤ ਅਤੇ ਪਾਕਿਸਤਾਨ ਦੀ ਫੌਜ ਨੇ ਪੁੰਛ ਜ਼ਿਲ੍ਹੇ ’ਚ ਕੰਟਰੋਲ ਰੇਖਾ ’ਤੇ ਫਲੈਗ ਮੀਟਿੰਗ ਕੀਤੀ ਸੀ, ਜਿਸ ’ਚ ਸਰਹੱਦ ਪਾਰ ਤੋਂ ਗੋਲੀਬਾਰੀ ਅਤੇ ਆਈਈ.ਡੀ. ਹਮਲੇ ਦੀਆਂ ਕਈ ਘਟਨਾਵਾਂ ਤੋਂ ਬਾਅਦ ਤਣਾਅ ਘੱਟ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ।