
ਇੰਡੀਅਨ ਨਿਊਜ਼ਪੇਪਰ ਸੁਸਾਇਟੀ (ਆਈ.ਐਨ.ਐਸ.) ਨੇ ਸਰਕਾਰ ਨੂੰ ਅਪੀਲ ਕੀਤੀ
ਨਵੀਂ ਦਿੱਲੀ, 1 ਮਈ: ਇੰਡੀਅਨ ਨਿਊਜ਼ਪੇਪਰ ਸੁਸਾਇਟੀ (ਆਈ.ਐਨ.ਐਸ.) ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ 4 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦਾ ਨੁਕਸਾਨ ਝੱਲ ਚੁਕੇ ਅਖ਼ਬਾਰ ਉਦਯੋਗ ਨੂੰ ਰਾਹਤ ਪੈਕੇਜ ਮੁਹੱਈਆ ਕਰਵਾਏ। ਉਨ੍ਹਾਂ ਖਦਸ਼ਾ ਪ੍ਰਗਟਾਇਆ ਕਿ ਰਾਹਤ ਮੁਹੱਈਆ ਨਾ ਕਰਵਾਏ ਜਾਣ 'ਤੇ ਇਸ ਉਦਯੋਗ ਨੂੰ ਆਉਣ ਵਾਲੇ ਛੇ ਤੋਂ ਸੱਤ ਮਹੀਨਿਆਂ 'ਚ 15 ਹਜ਼ਾਰ ਕਰੋੜ ਰੁਪਏ ਦਾ ਹੋਰ ਨੁਕਸਾਨ ਹੋ ਸਕਦਾ ਹੈ।
ਆਈ.ਐਨ.ਐਸ. ਨੇ ਸੂਚਨਾ ਅਤੇ ਪ੍ਰਸਾਰਣ ਸਕੱਤਰ ਨੂੰ ਲਿਖੀ ਇਕ ਚਿੱਠੀ 'ਚ ਕਿਹਾ ਕਿ ਕੋਰੋਨਾ ਕੌਮਾਂਤਰੀ ਮਹਾਮਾਰੀ ਕਾਰਨ ਅਖ਼ਬਾਰਾਂ ਨੂੰ ਨਾ ਤਾਂ ਇਸ਼ਤਿਹਾਰਾਂ ਨਾਲ ਅਤੇ ਨਾ ਹੀ ਇਨ੍ਹਾਂ ਦੀ ਵਿਕਰੀ ਤੋਂ ਕੋਈ ਆਮਦਨ ਹੋ ਰਹੀ ਹੈ। ਇਸ ਕੌਮਾਂਤਰੀ ਮਹਾਂਮਾਰੀ ਕਰ ਕੇ ਭਾਰਤ 'ਚ ਅਖ਼ਬਾਰ ਉਦਯੋਗ ਸੱਭ ਤੋਂ ਜ਼ਿਆਦਾ ਪ੍ਰਭਾਵਤ ਹੋਏ ਉਦਯੋਗਾਂ 'ਚੋਂ ਇਕ ਹੈ।
ਆਈ.ਐਨ.ਐਸ. ਦੇ ਪ੍ਰਧਾਨ ਸ਼ੈਲੇਸ਼ ਗੁਪਤਾ ਦੇ ਹਸਤਾਖ਼ਰ ਵਾਲੀ ਇਸ ਚਿੱਠੀ 'ਚ ਕਿਹਾ ਗਿਆ ਹੈ, ''ਅਖ਼ਬਾਰ ਉਦਯੋਗ ਨੂੰ ਪਿਛਲੇ ਦੋ ਮਹੀਨਿਆਂ 'ਚ ਪਹਿਲਾਂ ਹੀ 4000 ਤੋਂ 4500 ਕਰੋੜ ਰੁਪਏ ਦਾ ਨੁਕਸਾਨ ਹੋ ਚੁੱਕਾ ਹੈ। ਆਰਥਕ ਗਤੀਵਿਧੀਆਂ ਪਹਿਲਾਂ ਹੀ ਲਗਭਗ ਬੰਦ ਹਨ ਅਤੇ ਨਿਜੀ ਖੇਤਰ ਤੋਂ ਕੋਈ ਇਸ਼ਤਿਹਾਰ ਮਿਲਣ ਦੀ ਉਮੀਦ ਨਹੀਂ ਹੈ। ਜੇਕਰ ਸਰਕਾਰ ਛੇਤੀ ਤੋਂ ਛੇਤੀ ਰਾਹਤ ਪੈਕੇਜ ਨਹੀਂ ਦਿੰਦੀ ਹੈ ਤਾਂ ਆਗਾਮੀ ਛੇ ਤੋਂ ਸੱਤ ਮਹੀਨਿਆਂ ਤਕ ਇਸੇ ਦਰ ਨਾਲ ਨੁਕਸਾਨ ਹੋਣ ਦਾ ਖਦਸ਼ਾ ਹੈ।
ਆਈ.ਐਨ.ਐਸ. ਨੇ ਸਰਕਾਰ ਨੂੰ ਅਖ਼ਬਾਰੀ ਕਾਗ਼ਜ਼ 'ਤੇ ਲੱਗਣ ਵਾਲਾ ਪੰਜ ਫ਼ੀ ਸਦੀ ਟੈਕਸ ਹਟਾਉਣ ਦੀ ਅਪੀਲ ਕੀਤੀ ਹੈ। 800 ਤੋਂ ਜ਼ਿਆਦਾ ਅਖ਼ਬਾਰਾਂ ਦੀ ਪ੍ਰਤੀਨਿਧਗੀ ਕਰਨ ਵਾਲੇ ਆਈ.ਐਨ.ਐਸ. ਨੇ ਕਿਹਾ ਕਿ ਅਖ਼ਬਾਰ ਉਦਯੋਗ ਤੋਂ ਸਿੱਧੇ ਜਾਂ ਅਸਿੱਧੇ ਰੂਪ 'ਚ ਜੁੜੇ 30 ਲੱਖ ਮੁਲਾਜ਼ਮ ਇਸ ਨੁਕਸਾਨ ਕਰ ਕੇ ਪਹਿਲਾਂ ਹੀ ਗੰਭੀਰ ਨਤੀਜੇ ਭੁਗਤ ਚੁੱਕੇ ਹਨ।
20 ਅਪ੍ਰੈਲ ਨੂੰ ਲਿਖੀ ਇਸ ਚਿੱਠੀ 'ਚ ਕਿਹਾ ਗਿਆ ਹੈ ਕਿ ਪਿਛਲੇ ਕੁੱਝ ਹਫ਼ਤਿਆਂ 'ਚ ਭਾਰੀ ਨੁਕਸਾਨ ਹੋਣ ਅਤੇ ਨਕਦੀ ਦਾ ਪ੍ਰਵਾਹ ਰੁਕਣ ਕਰ ਕੇ ਅਖ਼ਬਾਰਾਂ ਲਈ ਮੁਲਾਜ਼ਮਾਂ ਨੂੰ ਤਨਖ਼ਾਹ ਦੇਣਾ ਅਤੇ ਵਿਕਰੀਕਰਤਾਵਾਂ ਨੂੰ ਭੁਗਤਾਨ ਕਰਨਾ ਮੁਸ਼ਕਲ ਹੋ ਗਿਆ ਹੈ।
ਚਿੱਠੀ 'ਚ ਬੀ.ਓ.ਸੀ. (ਇਸ਼ਤਿਹਾਰ ਅਤੇ ਦ੍ਰਿਸ਼ ਪ੍ਰਚਾਰ ਡਾਇਰੈਕਟੋਰੇਟ) ਦੇ ਨਾਲ ਨਾਲ ਵੱਖੋ-ਵੱਖ ਸੂਬਾ ਸਰਕਾਰਾਂ ਨੂੰ ਇਸ਼ਤਿਹਾਰਾਂ ਦੇ ਸਾਰੇ ਬਕਾਇਆ ਬਿਲਾਂ ਦਾ ਭੁਗਤਾਨ ਕਰਨ ਦੀ ਅਪੀਲ ਕੀਤੀ ਗਈ ਹੈ। (ਪੀਟੀਆਈ)