
ਵੱਖੋ-ਵੱਖ ਥਾਵਾਂ ’ਤੇ ਜਿਨਸੀ ਸੋਸ਼ਣ, ਗ਼ਲਤ ਤਰੀਕੇ ਨਾਲ ਛੂਹਣ, ਹੱਥ ਫੇਰਨ, ਪਿੱਤਾ ਕਰਨ ਅਤੇ ਡਰਾਉਣ-ਧਮਕਾਉਣ ਦੇ ਕਈ ਕਥਿਤ ਮਾਮਲਿਆਂ ਦਾ ਜ਼ਿਕਰ
ਨਵੀਂ ਦਿੱਲੀ: ਭਾਰਤੀ ਕੁਸ਼ਤੀ ਸੰਘ ਦੇ ਪ੍ਰਧਾਨ ਅਤੇ ਭਾਜਪਾ ਸੰਸਦ ਮੈਂਬਰ ਬ੍ਰਿਜਭੂਸ਼ਣ ਸ਼ਰਣ ਸਿੰਘ ਵਿਰੁਧ ਛੇ ਬਾਲਗ ਭਲਵਾਨਾਂ ਅਤੇ ਇਕ ਨਾਬਾਲਗ ਭਲਵਾਨ ਦੇ ਪਿਤਾ ਵਲੋਂ ਦਿਤੀ ਗਈ ਸ਼ਿਕਾਇਤ ਦੇ ਆਧਾਰ ’ਤੇ ਦਿੱਲੀ ਪੁਲਿਸ ਵਲੋਂ ਦਰਜ ਦੋ ਐਫ਼.ਆਈ.ਆਰ. ’ਚ ਲਗਭਗ ਇਕ ਦਹਾਕੇ ਦੇ ਸਮੇਂ ’ਚ ਮੁਲਜ਼ਮ ਵਲੋਂ ਵੱਖੋ-ਵੱਖ ਸਮੇਂ ਅਤੇ ਵਿਦੇਸ਼ ਸਮੇਤ ਵੱਖੋ-ਵੱਖ ਥਾਵਾਂ ’ਤੇ ਜਿਨਸੀ ਸੋਸ਼ਣ, ਗ਼ਲਤ ਤਰੀਕੇ ਨਾਲ ਛੂਹਣ, ਹੱਥ ਫੇਰਨ, ਪਿੱਤਾ ਕਰਨ ਅਤੇ ਡਰਾਉਣ-ਧਮਕਾਉਣ ਦੇ ਕਈ ਕਥਿਤ ਮਾਮਲਿਆਂ ਦਾ ਜ਼ਿਕਰ ਹੈ।
ਦਿੱਲੀ ਪੁਲਿਸ ਨੇ 28 ਅਪ੍ਰੈਲ ਨੂੰ ਕਨਾਟ ਪਲੇਸ ਪੁਲਿਸ ਥਾਣੇ ’ਚ ਦੋ ਐਫ਼.ਆਈ.ਆਰ. ਦਰਜ ਕੀਤੀਆਂ ਸਨ, ਜਿਸਨ੍ਹਾਂ ’ਚੋਂ ਇਕ ’ਚ ਨਾਬਾਲਗ ਭਲਵਾਨ ਦੇ ਪਿਤਾ ਵਲੋਂ ਦਿਤੀ ਗਈ ਸ਼ਿਕਾਇਤ ’ਤੇ ਬੱਚਿਆਂ ਨੂੰ ਜਿਨਸੀ ਸੋਸ਼ਣ ਤੋਂ ਸੁਰਖਿਆ ਦਿਵਾਉਣ ਵਾਲਾ ਪੋਕਸੋ ਐਕਟ ਲਾਇਆ ਗਿਆ ਸੀ, ਜਿਸ ’ਚ ਦੋਸ਼ੀ ਮਿਲਣ ’ਤੇ ਸਤ ਸਾਲ ਤਕ ਦੀ ਜੇਲ੍ਹ ਦੀ ਸਜ਼ਾ ਹੁੰਦੀ ਹੈ।
ਸੁਪਰੀਮ ਕੋਰਟ ਦੇ ਹੁਕਮ ਮਗਰੋਂ ਦਰਜ ਕੀਤੀ ਗਈ ਐਫ਼.ਆਈ.ਆਰ. ’ਚ ਬ੍ਰਿਜਭੂਸ਼ਣ ’ਤੇ ਆਈ.ਪੀ.ਸੀ. ਦੀਆਂ ਵੱਖੋ-ਵੱਖ ਧਾਰਾਵਾਂ ਤਹਿਤ ਇਲਜ਼ਾਮ ਲਾਏ ਗਏ ਹਨ, ਜਿਸ ’ਚ ਇਕ ਔਰਤ ਦੀ ਇੱਜ਼ਤ ਲੁੱਟਣ ਲਈ ਉਸ ’ਤੇ ਹਮਲਾ ਕਰਨਾ (ਧਾਰਾ 354), ਜਿਨਸੀ ਉਤਪੀੜਨ (354ਏ), ਪਿੱਛਾ ਕਰਨਾ (354ਡੀ) ਸ਼ਾਮਲ ਹਨ, ਜੋ ਦੋ-ਤਿੰਨ ਸਾਲ ਦੀ ਜੇਲ ਦੀ ਸਜ਼ਾ ਨਾਲ ਸਜ਼ਾਯੋਗ ਹੈ।
ਕੁਝ ਸ਼ਿਕਾਇਤਕਰਤਾਵਾਂ ਨੇ ਇਹ ਵੀ ਦੋਸ਼ ਲਾਇਆ ਕਿ ਬ੍ਰਿਜਭੂਸ਼ਣ ਨੇ ਉਨ੍ਹਾਂ ਦੇ ਕਰੀਅਰ ’ਚ ਮਦਦ ਕਰਨ ਦਾ ਵਾਅਦਾ ਕਰ ਕੇ ‘ਜਿਨਸੀ ਫ਼ਾਇਦਾ’ ਚੁੱਕਣ ਦੀ ਕੋਸ਼ਿਸ਼ ਕੀਤੀ।
ਬ੍ਰਿਜਭੂਸ਼ਣ ਨੇ ਸਾਰੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ ਅਤੇ ਕਿਹਾ ਹੈ ਕਿ ਜੇਕਰ ਉਨ੍ਹਾਂ ਵਿਰੁਧ ਇਕ ਵੀ ਦੋਸ਼ ਸਾਬਤ ਹੋ ਜਾਂਦਾ ਹੈ ਤਾਂ ਵੀ ਉਹ ਫਾਂਸੀ ਲਾ ਲੈਣਗੇ। ਉਨ੍ਹਾਂ ਇਹ ਵੀ ਕਿਹਾ ਹੈ ਕਿ ਸਾਰੇ ਭਲਵਾਨ ਉਨ੍ਹਾਂ ਦੇ ਬੱਚਿਆਂ ਵਾਂਗ ਹਨ ਅਤੇ ਉਹ ਉਨ੍ਹਾਂ ਨੂੰ ਦੋਸ਼ ਨਹੀਂ ਦੇਣਗੇ ਕਿਉਂਕਿ ਉਨ੍ਹਾਂ ਦੀ ਸਫ਼ਲਤਾ ’ਚ ਉਨ੍ਹਾਂ ਦਾ ਖ਼ੂਨ-ਪਸੀਨਾ ਵੀ ਸ਼ਾਮਲ ਹੈ।
ਛੇ ਭਲਵਾਨਾਂ ਵਲੋਂ ਦਾਇਰ ਐਫ਼.ਆਈ.ਆਰ. ’ਚ ਭਾਰਤੀ ਕੁਸ਼ਤੀ ਮਹਾਸੰਘ ਦੇ ਸਕੱਤਰ ਵਿਨੋਦ ਤੋਮਰ ਨੂੰ ਵੀ ਮੁਲਜ਼ਮ ਬਣਾਇਆ ਗਿਆ ਹੈ।
ਬਾਲਗ ਭਲਵਾਨਾਂ ਵਲੋਂ ਦਿਤੀ ਸ਼ਿਕਾਇਤ ਦੇ ਆਧਾਰ ’ਤੇ ਦਰਜ ਐਫ਼.ਆਈ.ਆਰ. ’ਚ ਇਕ ਨੇ ਦੋਸ਼ ਲਾਇਆ, ‘‘ਜਦੋਂ ਮੈਂ ਸਿਖਲਾਈ ਲੈ ਰਹੀ ਸੀ ਤਾਂ ਮੁਲਜ਼ਮ ਨੇ ਮੈਨੂੰ ਅਪਣੇ ਕੋਲ ਸਦਿਆ, ਜਿਸ ਤੋਂ ਮੈਂ ਇਨਕਾਰ ਕਰ ਦਿਤਾ ਕਿਉਂਕਿ ਮੁਲਜ਼ਮ ਹੋਰ ਕੁੜੀਆਂ ਨੂੰ ਵੀ ਗ਼ਲਤ ਤਰੀਕੇ ਨਾਲ ਛੂਹ ਰਿਹਾ ਸੀ। ਮੁਲਜ਼ਮ ਨੇ ਹਾਲਾਂਕਿ ਮੈਨੂੰ ਫਿਰ ਸਦਿਆ, ਜਿਸ ਨੇ ਫਿਰ ਮੇਰੀ ਟੀ-ਸ਼ਰਟ ਖਿੱਚੀ ਅਤੇ ਆਪਣਾ ਹੱਥ ਮੇਰੇ ਪੇਟ ਹੇਠਾਂ ਫੇਰਿਆ ਅਤੇ ਮੇਰੇ ਸਾਹ ਦੀ ਜਾਂਚ ਦੇ ਬਹਾਨੇ ਮੇਰੀ ਧੁੰਨੀ ’ਤੇ ਹੱਥ ਰਖ ਦਿਤਾ।’’
ਇਸ ਭਲਵਾਨ ਨੇ ਦੋਸ਼ ਲਾਇਆ ਕਿ ਹੋਟਲ ’ਚ ਰੁਕਣ ਦੌਰਾਨ ਸਾਰੀਆਂ ਔਰਤ ਐਥਲੀਟਾਂ ਜਦੋਂ ਵੀ ਅਪਣੇ ਕਮਰੇ ’ਚੋਂ ਨਿਕਲਦੀਆਂ ਸਨ ਤਾਂ ਸਮੂਹਾਂ ’ਚ ਨਿਕਲਦੀਆਂ ਸਨ ਤਾਕਿ ਮੁਲਜ਼ਮ ਕਿਤੇ ਉਨ੍ਹਾਂ ਨੂੰ ਇਕੱਲਿਆਂ ਨਾ ਮਿਲ ਜਾਵੇ।
ਦੂਜੀ ਭਲਵਾਨ ਨੇ ਦੋਸ਼ ਲਾਇਆ, ‘‘ਜਦੋਂ ਮੈਂ ਮੈਟ ’ਤੇ ਸਟਰੈਚਿੰਗ ਕਰ ਰਹੀ ਸੀ ਤਾਂ ਮੁਲਜ਼ਮ ਉੱਥੇ ਆ ਗਿਆ ਅਤੇ ਖੜ੍ਹਾ ਹੋ ਕੇ ਮੈਨੂੰ ਵੇਖਦਾ ਰਿਹਾ।’’
ਉਸ ਨੇ ਦੋਸ਼ ਲਾਇਆ ਕਿ ਉਸ ਦੇ ਕੋਚ ਦੀ ਗ਼ੈਰਹਾਜ਼ਰੀ ’ਚ ਅਚਾਨਕ ਬ੍ਰਿਜਭੂਸ਼ਣ ਉਸ ’ਤੇ ਝੁਕ ਗਿਆ ਅਤੇ ਉਸ ਦੀ ਇਜਾਜ਼ਤ ਤੋਂ ਬਗ਼ੈਰ ਟੀ-ਸ਼ਰਟ ਖਿੱਚ ਕੇ ਅਪਣਾ ਹੱਥ ਉਸ ਦੀ ਛਾਤੀ ’ਤੇ ਰੱਖ ਦਿਤਾ ਅਤੇ ਸਾਹ ਦੀ ਜਾਂਚ ਦੇ ਬਹਾਨੇ ਉਸ ਨੇ ਹੱਥ ਪੇਟ ਹੇਠਾਂ ਕਰ ਕੇ ਉਸ ਨੂੰ ਗ਼ਲਤ ਤਰੀਕੇ ਨਾਲ ਛੂਹਿਆ।
ਇਕ ਹੋਰ ਭਲਵਾਨ ਨੇ ਦੋਸ਼ ਲਾਇਆ ਕਿ ਟੀਮ ਦੀ ਤਸਵੀਰ ਲੈਣ ਦੌਰਾਨ ਉਸ ਨੂੰ ਪ੍ਰੇਸ਼ਾਨ ਕੀਤਾ ਗਿਆ ਅਤੇ ਜਦੋਂ ਉਸ ਨੇ ਉਥੋਂ ਜਾਣ ਦੀ ਕੋਸ਼ਿਸ਼ ਕੀਤੀ ਤਾਂ ਮੁਲਜ਼ਮ ਨੇ ਜ਼ਬਰਦਸਤੀ ਉਸ ਦਾ ਮੋਢਾ ਫੜ ਲਿਆ ਅਤੇ ਉਹ ਬੜੀ ਮੁਸ਼ਕਲ ਨਾਲ ਉਸ ਦੇ ਚੁੰਗਲ ’ਚੋਂ ਛੁੱਟੀ।
ਚੌਥੀ ਭਲਵਾਨ ਨੇ ਕਿਹਾ, ‘‘ਇਕ ਤਮਗਾ ਸਮਾਰੋਹ ਦੌਰਾਨ ਮੁਲਜ਼ਮ ਨੇ ਉਸ ਨੂੰ ਫ਼ੋਨ ਕੀਤਾ ਅਤੇ ਉਸ ਨੂੰ ਨਿਜੀ ਸਵਾਲ ਪੁੱਛਣ ਲੱਗੇ। ਇਕ ਵਾਰੀ ਜਦੋਂ ਸਮਾਰੋਹ ਖ਼ਤਮ ਹੋ ਗਿਆ ਤਾਂ ਉਸ ਨੇ ਮੇਰੇ ਨਾਲ ਇਕ ਤਸਵੀਰ ਕਲਿੱਕ ਕਰਨ ਦੇ ਬਹਾਨੇ ਜ਼ਬਰਦਸਤੀ ਮੇਰੀ ਇੱਛਾ ਵਿਰੁਧ ਮੇਰੇ ਮੋਢੇ ਨੂੰ ਫੜ ਕੇ ਖਿੱਚ ਲਿਆ ਅਤੇ ਮੈਨੂੰ ਇਕ ਤਸਵੀਰ ਖਿਚਵਾਉਣ ਲਈ ਮਜਬੂਰ ਕੀਤਾ।’’
ਪੰਜਵੀਂ ਭਲਵਾਨ ਨੇ ਕਿਹਾ ਕਿ ਬ੍ਰਿਜਭੂਸ਼ਣ ਨੇ ਸਪਲੀਮੈਂਟ ਖ਼ਰੀਦਣ ਦੀ ਪੇਸ਼ਕਸ਼ ਕਰ ਕੇ ਉਸ ਦਾ ਜਿਨਸੀ ਸੋਸ਼ਣ ਕਰਨ ਦੀ ਕੋਸ਼ਿਸ਼ ਕੀਤੀ।
ਨਾਬਾਲਗ ਭਲਵਾਨ ਦੇ ਪਿਤਾ ਵਲੋਂ ਕੀਤੀ ਸ਼ਿਕਾਇਤ ’ਚ ਦੋਸ਼ ਲਾਇਆ ਗਿਆ ਹੈ ਕਿ ਬ੍ਰਿਜਭੂਸ਼ਣ ਨੇ ਉਨ੍ਹਾਂ ਦੀ ਬੇਟੀ ਨੂੰ ਜ਼ਬਰਦਸਤੀ ਅਪਣੇ ਵਲ ਖਿਚਿਆ ਅਤੇ ਉਸ ਦਾ ਜਿਨਸੀ ਸੋਸ਼ਣ ਕੀਤਾ, ਜਿਸ ਤੋਂ ਬਾਅਦ ਉਹ ‘ਪੂਰੀ ਤਰ੍ਹਾਂ ਪ੍ਰੇਸ਼ਾਨ ਅਤੇ ਡਰੀ ਹੋਈ’ ਸੀ।
ਸ਼ਿਕਾਇਤਕਰਤਾਵਾਂ ਨੇ ਭਾਰਤ ਅਤੇ ਵਿਦੇਸ਼ ’ਚ ਵੱਖੋ-ਵੱਖ ਮੌਕਿਆਂ ਅਤੇ ਸਥਾਨ ’ਤੇ ਅਤੇ ਚੈਂਪੀਅਨਸ਼ਿਪ ਦੌਰਾਨ ਵੀ ਬ੍ਰਿਜਭੂਸ਼ਣ ’ਤੇ ਅਜਿਹਆਂ ਹਰਕਤਾਂ ਕਰਨ ਦਾ ਦੋਸ਼ ਲਾਇਆ।