
ਵਾਲ-ਵਾਲ ਬਚੇ ਸ਼ਰਧਾਲੂ, ਮਚੀ ਹਫੜਾ-ਦਫੜੀ
ਭੋਪਾਲ: ਨੇਪਾਲ ਦੇ ਪ੍ਰਧਾਨ ਮੰਤਰੀ ਪੁਸ਼ਪ ਕਮਲ ਦਾਹਾਲ ‘ਪ੍ਰਚੰਡ’ ਦੀ ਮੱਧ ਪ੍ਰਦੇਸ਼ ਦੇ ਉਜੈਨ ਸਥਿਤ ਪ੍ਰਸਿੱਧ ਮਹਾਕਾਲੇਸ਼ਵਰ ਮੰਦਰ ਦੇ ਦੌਰੇ ਤੋਂ ਇਕ ਦਿਨ ਪਹਿਲਾਂ ‘ਸ੍ਰੀ ਮਹਾਕਾਲ ਲੋਕ’ ਗਲਿਆਰੇ ਦੇ ਮੁੱਖ ਦਰਵਾਜ਼ੇ ਨੰਦੀ ਦੁਆਰ ਦੇ ਪਿੱਲਰ ’ਤੇ ਸੀਮੇਂਟ ਨਾਲ ਬਣਿਆ ਇੱਕ ਸਜਾਵਟੀ ਹਿੱਸਾ ਟੁੱਟ ਕੇ ਹੇਠਾਂ ਡਿੱਗ ਗਿਆ। ਇਸ ਨਾਲ ਉੱਥੇ ਮੌਜੂਦ ਭਗਤਾਂ ’ਚ ਹਫੜਾ-ਦਫੜੀ ਮਚ ਗਈ। ਹਾਲਾਂਕਿ, ਇਸ ਘਟਨਾ ’ਚ ਕੋਈ ਜ਼ਖ਼ਮੀ ਨਹੀਂ ਹੋਇਆ।
ਜ਼ਿਕਰਯੋਗ ਹੈ ਕਿ ‘ਸ੍ਰੀ ਮਹਾਕਾਲ ਲੋਕ’ ਗਲਿਆਰੇ ਦੀਆਂ ਛੇ ਮੂਰਤੀਆਂ ਚਾਰ ਦਿਨ ਪਹਿਲਾਂ ਐਤਵਾਰ ਦੁਪਹਿਰ ਨੂੰ ਆਈ ਤੇਜ਼ ਹਨੇਰੀ ’ਚ ਡਿੱਗ ਕੇ ਟੁੱਟ ਗਈਆਂ ਸਨ। ਇਹ ਟੁੱਟੀਆਂ ਮੂਰਤੀਆਂ ਉੱਥੇ ਸਥਾਪਿਤ ਕੀਤੇ ਸਪਤਰਿਸ਼ੀਆਂ ’ਚੋਂ ਛੇ ਦੀਆਂ ਹਨ ਜੋ ਲਗਭਗ 11 ਫੁੱਟ ਉੱਚੀਆਂ ਸਨ।
‘ਸ੍ਰੀ ਮਹਾਕਾਲ ਲੋਕ’ ਗਲਿਆਰੇ ’ਚ ਸਥਾਪਤ ਛੇ ਮੂਰਤੀਆਂ ਦੇ ਡਿੱਗ ਕੇ ਟੁੱਟਣ ਬਾਬਤ ਮੁੱਖ ਵਿਰੋਧੀ ਪਾਰਟੀ ਕਾਂਰਗਸ ਨੇ ਇਲਜ਼ਾਮ ਲਾਇਆ ਹੈ ਕਿ ਇਸ ਗਲਿਆਰੇ ਦੇ ਨਿਰਮਾਣ ’ਚ ਵੱਡੇ ਪੱਧਰ ’ਤੇ ਭ੍ਰਿਸ਼ਟਾਚਾਰ ਹੋਇਆ ਹੈ। ਉਸ ਨੇ ਇਲਜ਼ਾਮ ਲਾਇਆ ਕਿ ਮੂਰਤੀ ਨਿਰਮਾਣ ਦੀ ਸਮੱਗਰੀ ’ਚ ਬੇਹੱਦ ਹੀ ਘਟੀਆ ਸਮੱਗਰੀ ਦਾ ਪ੍ਰਯੋਗ ਕਰ ਕੇ ਘਟਆ ਪੱਧਰ ਦਾ ਨਿਰਮਾਣ ਕੀਤਾ ਗਿਆ ਹੈ।
ਹਾਲਾਂਕਿ ਮੱਧ ਪ੍ਰਦੇਸ਼ ਦੀ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਅਗਵਾਈ ਵਾਲੀ ਸਰਕਾਰ ਨੇ ਕਾਂਗਰਸ ਵਲੋਂ ਲਾਏ ਇਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕੀਤਾ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ ਸਾਲ 11 ਅਕਤੂਬਰ ਨੂੰ 900 ਮੀਟਰ ਲੰਮੇ ‘ਸ੍ਰੀ ਮਹਾਕਾਲ ਲੋਕ’ ਗਲਿਆਰੇ ਦੇ ਪਹਿਲੇ ਪੜਾਅ ਦਾ ਉਦਘਾਟਨ ਕੀਤਾ ਸੀ। ਕੁਲ 856 ਕਰੋੜ ਰੁਪੲੈ ਦੀ ਲਾਗਤ ਵਾਲੇ ਇਸ ਪ੍ਰਾਜੈਕਟ ਦੇ ਪਹਿਲੇ ਪੜਾਅ ’ਚ ‘ਸ੍ਰੀ ਮਹਾਕਾਲ ਲੋਕ’ ਨੂੰ 351 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਹੈ।
ਉਜੈਨ ਦੇ ਜ਼ਿਲ੍ਹਾ ਅਧਿਕਾਰੀ ਕੁਮਾਰ ਪੁਰਸ਼ੋਤਮ ਅਤੇ ਮਹਾਕਾਲ ਮੰਦਰ ਦੇ ਪ੍ਰਸ਼ਾਸਕ ਪ੍ਰਸ਼ਾਂਤ ਸੋਨੀ ਨੂੰ ਇਸ ਬਾਰੇ ਜਾਣਕਾਰੀ ਲੈਣ ਵਾਸਤੇ ਕਈ ਵਾਰੀ ਫ਼ੋਨ ਕੀਤਾ ਗਿਆ ਪਰ ਉਸ ਨਾਲ ਸੰਪਰਕ ਨਹੀਂ ਹੋ ਸਕਿਆ।
ਨੇਪਾਲ ਦੇ ਪ੍ਰਧਾਨ ਮੰਤਰੀ ‘ਪ੍ਰਚੰਡ’ ਵਲੋਂ ਦੌਰੇ ਦੇ ਮੱਦੇਨਜ਼ਰ ਉਜੈਨ ਸ਼ਹਿਰ ਅਤੇ ਮਹਾਕਾਲ ਮੰਦਰ ਦੀ ਸ਼ਾਨਦਾਰ ਸਜਾਵਟ ਕੀਤੀ ਗਈ ਹੈ। ਜਦਕਿ ਸੁਰਖਿਆ ਦੇ ਲਿਹਾਜ਼ ਨਾਲ ਭਾਰੀ ਪੁਲਿਸ ਬਲ ਵੀ ਤੈਨਾਤ ਕੀਤੇ ਗਏ ਹਨ। ਉਜੈਨ ’ਚ ਸਥਿਤ ਮਹਾਕਾਲੇਸ਼ਵਰ ਮੰਦਰ ਦੇਸ਼ ਦੇ 12 ਜਯੋਤਿਰਲਿੰਗਾਂ ’ਚੋਂ ਇਕ ਹੈ। ਇੱਥੇ ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ ’ਚ ਸ਼ਰਧਾਲੂ ਆਉਂਦੇ ਹਨ।