ਦਿੱਲੀ : ਕੋਰੋਨਾ ਦੇ 26 ਹਜ਼ਾਰ ਸਰਗਰਮ ਕੇਸ, 30 ਜੂਨ ਤਕ 1 ਲੱਖ ਕੇਸ ਹੋਣ ਦੀ ਕੀਤੀ ਗਈ ਸੀ ਭਵਿੱਖਬਾਣੀ
ਨਵੀਂ ਦਿੱਲੀ: 1 ਜੁਲਾਈ (ਅਮਨਦੀਪ ਸਿੰਘ): ਮੁਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਦਿੱਲੀ ਵਿਚ ਭਾਵੇਂ ਅੱਜ ਕੋਰੋਨਾ ਦੇ 87 ਹਜ਼ਾਰ ਕੇਸ ਸਾਹਮਣੇ ਆ ਚੁਕੇ ਹਨ, ਜਿਸ 'ਚੋਂ 58 ਹਜ਼ਾਰ ਮਰੀਜ਼ ਤੰਦਰੁਸਤ ਵੀ ਹੋ ਚੁਕੇ ਹਨ, ਬਾਵਜੂਦ ਇਸਦੇ ਹਾਲਾਤ ਕਾਬੂ ਹੇਠ ਹਨ। ਇਹ ਚੰਗੀ ਗੱਲ ਹੈ, ਪਰ ਇਸਦਾ ਇਹ ਮਤਲਬ ਨਹੀਂ ਕਿ ਖ਼ਤਰਾ ਟੱਲ ਗਿਆ ਹੈ, ਫਿਰ ਵੀ ਸਾਨੂੰ ਹੋਰ ਸੁਚੇਤ ਹੋ ਕੇ, ਕੋਰੋਨਾ ਦਾ ਮੁਕਾਬਲਾ ਕਰਨਾ ਹੈ।
ਅੱਜ ਆਨਲਾਈਨ ਸੰਬੋਧਨ ਦੌਰਾਨ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀ ਇਕ ਵੈੱਬਸਾਈਟ ਹੈ ਤੇ ਉਸ 'ਤੇ ਮਾਹਰਾਂ ਵਲੋਂ ਕੋਰੋਨਾ ਦੇ ਹਾਲਾਤ ਦੀ ਪੜਚੋਲ ਕਰਕੇ ਆਉਣ ਵਾਲੇ ਸਮੇਂ ਕੋਰੋਨਾ ਦੇ ਮਾਮਲਿਆਂ ਦੇ ਕੀ ਹਾਲਾਤ ਹੋਣਗੇ, ਬਾਰੇ ਦਸਿਆ ਜਾਂਦਾ ਹੈ, ਉਸਦੇ ਆਧਾਰ 'ਤੇ ਹੀ ਅਸੀਂ ਇਹ ਭਵਿੱਖਬਾਣੀ ਕੀਤੀ ਸੀ ਕਿ ਜੂਨ ਦੇ ਅਖੀਰ ਤੱਕ ਦਿੱਲੀ ਵਿਚ ਕੋਰੋਨਾ ਦੇ 1 ਲੱਖ ਕੇਸ ਜੋ ਜਾਣਗੇ ਜਿਨ੍ਹਾਂ 'ਚੋਂ 60 ਹਜ਼ਾਰ ਸਰਗਰਮ ਕੇਸ ਹੋਣਗੇ ਜਿਸ ਲਈ 15 ਹਜ਼ਾਰ ਬਿਸਤਰਿਆਂ ਦੀ ਲੋੜ ਪਵੇਗੀ, ਜਿਸ ਪਿਛੋਂ ਅਸੀਂ ਜੰਗੀ ਪੱਧਰ 'ਤੇ ਬਿਸਤਰੇ ਵਧਾਉਣ ਲਈ ਡੱਟੇ ਰਹੇ। ਪਰ ਇਹ ਚੰਗੀ ਗੱਲ ਹੋਈ ਕਿ ਹੁਣ ਤੱਕ ਸਿਰਫ਼ ਇਕ ਤਿਹਾਈ ਮਤਲਬ 26 ਹਜ਼ਾਰ ਸਰਗਰਮ ਕੇਸ ਹਨ ਤੇ ਸਿਰਫ਼ 5800 ਬਿਸਤਰਿਆਂ ਦੀ ਹੀ ਲੋੜ ਪਈ ਹੈ। ਇਕ ਮਹੀਨੇ ਪਹਿਲੇ ਤੱਕ 38 ਫ਼ੀ ਸਦੀ ਮਰੀਜ਼ ਠੀਕ ਹੋ ਰਹੇ ਸਨ ਤੇ ਅੱਜ 67 ਫ਼ੀ ਸਦੀ ਮਰੀਜ਼ ਠੀਕ ਹੋ ਰਹੇ ਹਨ।
ਪਿਛਲੇ ਇਕ ਹਫ਼ਤੇ ਵਿਚ ਹਸਪਤਾਲਾਂ ਵਿਚ 6250 ਰੋਗੀ ਭਰਤੀ ਸਨ ਤੇ ਅੱਜ ਸਿਰਫ਼ 5800 ਰੋਗੀ ਹਨ, ਰੋਗੀ ਵੱਧਣ ਦੀ ਬਜਾਏ 450 ਘੱਟੇ ਹਨ। ਪਹਿਲਾਂ ਜਿਥੇ 100 ਟੈਸਟ ਕਰਨ 'ਤੇ 31 ਜਣੇ ਪਾਜ਼ਟਿਵ ਆ ਰਹੇ ਸਨ, ਉਥੇ ਹੁਣ ਇੰਨੇ ਹੀ ਟੈਸਟ ਕਰਨ 'ਤੇ ਸਿਰਫ਼ 13 ਕੋਰੋਨਾ ਪਾਜ਼ਟਿਵ ਆ ਰਹੇ ਹਨ । 23 ਜੂਨ ਨੂੰ 4 ਹਜ਼ਾਰ ਨਵੇਂ ਕੇਸ ਸਾਹਮਣੇ ਆਏ ਸਨ, ਉਸਦੇ ਮੁਕਾਬਲੇ 30 ਜੂਨ ਨੂੰ 2200 ਨਵੇਂ ਕੇਸ ਸਾਹਮਣੇ ਆ ਚੁਕੇ ਹਨ ਤੇ ਪਿਛਲ਼ੇ ਇਕ ਹਫ਼ਤੇ ਵਿਚ ਹਰ ਰੋਜ਼ ਆਉਣ ਵਾਲੇ ਕੇਸ ਅੱਧੇ ਹੋ ਰਹੇ ਹਨ। ਇਕ ਦਿਨ ਉਹ ਵੀ ਆਇਆ ਜਦ 125 ਮੌਤਾਂ ਹੋਈਆਂ, ਪਰ ਹੁਣ 60 ਤੋਂ 65 ਮੌਤਾਂ ਹੋ ਰਹੀਆਂ ਹਨ।
ਉਨਾਂ੍ਹ ਦਸਿਆ ਕਿ ਬਿਸਤਰੇ ਵਧਾਉਣ ਲਈ ਉਹ ਕੇਂਦਰ ਸਰਕਾਰ ਤੋਂ ਲੈ ਕੇ ਸਮਾਜ ਸੇਵੀ ਤੇ ਧਾਰਮਕ ਸੰਸਥਾਵਾਂ ਕੋਲ ਵੀ ਗਏ ਤੇ ਡਾਕਟਰਾਂ, ਨਰਸਾਂ ਤੇ ਸਭ ਦੇ ਯਤਨਾਂ ਕਰ ਕੇ ਹਾਲਾਤ ਕਾਬੂ ਹੇਠ ਕਰਨ ਵਿਚ ਮਦਦ ਮਿਲੀ, ਪਰ ਇਸਦਾ ਇਹ ਮਤਲਬ ਨਹੀਂ ਕਿ ਆਉਣ ਵਾਲੇ ਦਿਨਾਂ ਵਿਚ ਕੇਸ ਨਹੀਂ ਵੱਧਣਗੇ, ਸਗੋਂ ਸਾਨੂੰ ਸਾਰਿਆਂ ਨੂੰ ਪਹਿਲਾਂ ਵਾਂਗ ਹੀ ਹੋਰ ਵੱਧ ਸੁਚੇਤ ਹੋ ਕੇ, ਕੋਰੋਨਾ ਦਾ ਮੁਕਾਬਲਾ ਕਰਨਾ ਹੈ ਤੇ ਹੱਥ ਧੌਂਦੇ ਰਹੀਏ, ਮਾਸਕ ਲਾਈਏ ਤੇ ਸਮਾਜਕ ਦੂਰੀ ਦਾ ਪਾਲਣ ਕਰਦੇ ਰਹੀਏ।